ਸਰਕਾਰ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਮੁਲਾਜ਼ਮ ਵਰਗ ਵਿਚ ਤਨਖ਼ਾਹ ਵਿਚ ਵਾਧੇ ਨੂੰ ਲੈ ਕੇ ਜੋੜ-ਘਟਾਅ ਲੱਗਣਾ ਸ਼ੁਰੂ ਹੋ ਗਿਆ। ਲੱਗੇ ਵੀ ਕਿਉਂ ਨਾ? ਕਿਉਂਕਿ ਪੈਸੇ ਦਾ ਮਨੁੱਖੀ ਜ਼ਿੰਦਗੀ ਵਿਚ ਖ਼ਾਸ ਮਹੱਤਵ ਹੈ। ਜੋ ਲੋਕ ਇਹ ਕਹਿੰਦੇ ਹਨ ਕਿ ਪੈਸਾ ਕੋਈ ਵੱਡੀ ਚੀਜ਼ ਨਹੀਂ ਪਰ ਜਦ ਮੁਸੀਬਤ ਵੇਲੇ ਲੋੜ ਪੈਂਦੀ ਹੈ ਤਾਂ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਜਿੱਥੇ ਪੈਸੇ ਤੋਂ ਬਿਨਾਂ ਬੰਦੇ ਨੂੰ ਕੋਈ ਪੁੱਛਦਾ ਨਹੀਂ ਉੱਥੇ ਜ਼ਿਆਦਾ ਪੈਸੇ ਦਾ ਖਾਬ ਵੀ ਕਈਆਂ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦਾ ਹੈ। ਪੈਸਾ ਮਨੁੱਖੀ ਜ਼ਿੰਦਗੀ ਦਾ ਸਟੇਟਸ ਸਿੰਬਲ ਹੈ। ਜ਼ਿੰਦਗੀ ਦੀਆਂ ਸਾਰੀਆਂ ਸਕੀਮਾਂ ਪੈਸੇ ਨੂੰ ਧਿਆਨ ਵਿਚ ਰੱਖ ਕੇ ਹੀ ਬਣਾਈਆਂ ਜਾਂਦੀਆਂ ਹਨ।
ਅੱਜ-ਕੱਲ੍ਹ ਮਹਿੰਗਾਈ ਦੇ ਯੁੱਗ ਵਿਚ ਪੈਸੇ ਦੀ ਮਹੱਤਤਾ ਹੋਰ ਜ਼ਿਆਦਾ ਵਧ ਗਈ ਹੈ ਅਤੇ ਅੱਜ ਦੇ ਸੱਭਿਅਕ ਮਨੁੱਖ ਦੀਆਂ ਲੋੜਾਂ ਵੀ ਬਹੁਤ ਵਧ ਗਈਆਂ ਹਨ। ਅਜੋਕਾ ਮਨੁੱਖ ਪੁਰਾਤਨ ਕਾਲ ਦੇ ਮਨੁੱਖ ਵਾਂਗ ਸਿਰਫ਼ ਕੁੱਲੀ, ਗੁੱਲੀ ਤੇ ਜੁੱਲੀ ਤਕ ਹੀ ਸੀਮਤ ਨਹੀਂ ਹੈ। ਉਸ ਨੂੰ ਭਲੀਭਾਂਤ ਅਹਿਸਾਸ ਹੈ ਕਿ ਹਰ ਲੋੜ ਨੂੰ ਪੂਰਾ ਕਰਨ ਲਈ ਪੈਸਾ ਅਹਿਮ ਭੂਮਿਕਾ ਅਦਾ ਕਰਦਾ ਹੈ। ਖ਼ੈਰ! ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੇ-ਫਿਕਸੇਸ਼ਨ ਲਈ ਕਈ ਫਾਰਮੂਲੇ ਦਿੱਤੇ ਗਏ। ਜਿਵੇਂ ਕਿ 2.25, 2.59 ਦਾ ਫੈਕਟਰ ਅਤੇ ਇਸ ਤੋਂ ਇਲਾਵਾ 15% ਵਾਧੇ ਦਾ ਫਾਰਮੂਲਾ।
ਮੁਲਾਜ਼ਮ ਇਨ੍ਹਾਂ ਫਾਰਮੂਲਿਆਂ ਵਿਚ ਉਲਝ ਕੇ ਰਹਿ ਗਏ। ਦਿਨ-ਰਾਤ ਇਨ੍ਹਾਂ ਫਾਰਮੂਲਿਆਂ ਦੇ ਸੁਪਨੇ ਆਉਣ ਲੱਗ ਪਏ। ਜੋੜ-ਘਟਾਅ ਤੋਂ ਬਾਅਦ ਕਈ ਮੁਲਾਜ਼ਮ ਤਾਂ ਅਜਿਹਾ ਸੋਚਣ ਲੱਗ ਪਏ ਜਿਵੇਂ ਉਹ ਧਰਤੀ ਤੋਂ ਸਿੱਧਾ ਅਸਮਾਨ ’ਤੇ ਪੁੱਜ ਗਏ ਹੋਣ। ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨੂੰ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ ਜਦੋਂਕਿ ਮਹਿੰਗਾਈ ਲਗਾਤਾਰ ਵਧ ਰਹੀ ਹੈ। ਹੁਣ ਉਹ ਜਦੋਂ ਆਪਣੇ ਵਧੇ ਹੋਏ ਪੈਸਿਆਂ ਨੂੰ ਲੈ ਕੇ ਬਾਜ਼ਾਰ ਵਿਚ ਜਾਣਗੇ ਤਾਂ ਉਨ੍ਹਾਂ ਦੀ ਹੋਸ਼ ਟਿਕਾਣੇ ਆ ਜਾਵੇਗੀ। ਤਨਖ਼ਾਹ ਵਿਚ ਵਾਧੇ ਦਾ ਨਸ਼ਾ ਸਿਰਫ਼ ਮੁਲਾਜ਼ਮਾਂ ਨੂੰ ਹੀ ਨਹੀਂ ਚੜਿ੍ਹਆ ਸਗੋਂ ਉਨ੍ਹਾਂ ਦੇ ਪਰਿਵਾਰ, ਆਸ-ਪਾਸ ਦੇ ਰਿਸ਼ਤੇਦਾਰਾਂ ਅਤੇ ਲੈਣ-ਦੇਣ ਵਾਲਿਆਂ ਨੂੰ ਵੀ ਚੜ੍ਹ ਚੁੱਕਾ ਹੈ। ਮੇਰੇ ਗੁਆਂਢ ਵਿਚ ਇਕ ਮੁਲਾਜ਼ਮ ਦੀ ਪਤਨੀ ਕਹਿ ਰਹੀ ਸੀ ਕਿ ਜਦੋਂ ਦੀ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਆਈ ਹੈ ਉਸ ਦੀ ਨੀਂਦ ਉੱਡ ਗਈ ਹੈ ਕਿਉਂਕਿ ਉਸ ਦਾ ਮੁਲਾਜ਼ਮ ਪਤੀ ਸਾਰੀ ਰਾਤ ਜੋੜ-ਘਟਾਅ ਲਾਉਂਦਾ ਰਹਿੰਦਾ ਹੈ। ਉਹ ਨਾ ਆਪ ਸੌਂਦਾ ਹੈ, ਨਾ ਮੈਨੂੰ ਸੌਣ ਦਿੰਦਾ ਹੈ। ਕਈ ਵਾਰ ਰਾਤ ਨੂੰ ਸੁਪਨੇ ਵਿਚ ਇਕਦਮ ਬੁੜਬੜਾ ਕੇ ਉੱਠਦਾ ਹੈ ਤੇ ਕਹਿੰਦਾ ਹੈ, ‘‘ਮੈਨੂੰ ਤਾਂ ਨੋਟਾਂ ਦੀ ਗੱਟੀ ਦਿਖਾਈ ਦਿੰਦੀ ਐ।’’ ਇਕ ਦਿਨ ਉੱਭੜਵਾਹੇ ਉੱਠ ਕੇ ਉੱਚੀ ਆਵਾਜ਼ ਵਿਚ ਬੋਲਣ ਲੱਗਾ, ‘‘ਪੈ ਗਈ! ਪੈ ਗਈ!’’
ਜਦੋਂ ਮੈਂ ਪੁੱਛਿਆ ਕੀ ਪੈ ਗਈ? ਤਾਂ ਕਹਿੰਦਾ, ‘‘ਵਧੀ ਹੋਈ ਤਨਖ਼ਾਹ।’’ ਸਾਡਾ ਇਕ ਮੁਲਾਜ਼ਮ ਸਾਥੀ ਤਨਖ਼ਾਹ ਫਾਰਮੂਲੇ ਵਿਚ ਇੰਨਾ ਡੂੰਘਾ ਉੱਤਰ ਗਿਆ ਕਿ ਸਵੇਰੇ ਡਿਊਟੀ ’ਤੇ ਜਾਣ ਲੱਗਿਆਂ ਬੱਸ ਵਿਚ ਬੈਠਾ ਜੋੜ-ਘਟਾਅ ਲਗਾਉਣ ਲੱਗ ਪਿਆ। ਉਸ ਨੇ ਉਤਰਨਾ ਤਾਂ ਬੁਢਲਾਡੇ ਸੀ ਤੇ ਚਲਾ ਗਿਆ 20 ਕਿੱਲੋਮੀਟਰ ਦੂਰ ਬੋਹਾ। ਰਸਤੇ ਵਿਚ ਕਈ ਪਿੰਡ ਵੀ ਆਏ। ਕੰਡਕਟਰ ਨੇ ਉਤਰਨ ਲਈ ਆਵਾਜ਼ਾਂ ਵੀ ਮਾਰੀਆਂ ਪਰ ਜੋੜ-ਘਟਾਅ ਨੇ ਉਸ ਦੇ ਕੰਨ ਬੰਦ ਕਰ ਦਿੱਤੇ ਸਨ। ਅਖ਼ੀਰ ਬੱਸ ਚੈਕਰ ਨੇ ਜਦੋਂ ਟਿਕਟ ਚੈੱਕ ਕੀਤੀ ਤਾਂ ਉਹ ਵਿਦਾਊਟ ਟਿਕਟ ਫੜਿਆ ਗਿਆ ਅਤੇ ਜੁਰਮਾਨੇ ਤੋਂ ਬਾਅਦ ਉਸ ਦਾ ਖਹਿੜਾ ਛੁੱਟਿਆ। ਉੱਤੋਂ ਦਫ਼ਤਰ ਲੇਟ ਪਹੁੰਚਣ ’ਤੇ ਅਫ਼ਸਰ ਦੀਆਂ ਝਿੜਕਾਂ ਖਾਣੀਆਂ ਪਈਆਂ। ਵਧੀ ਹੋਈ ਤਨਖ਼ਾਹ ਤਾਂ ਉਸ ਨੂੰ ਅਜੇ ਤਕ ਮਿਲੀ ਨਹੀਂ ਪਰ ਲੇਟ ਆਉਣ ਦੀ ਜਵਾਬਤਲਬੀ ਦੀਆਂ ਚਿੱਠੀਆਂ ਕਈ ਮਿਲ ਚੁੱਕੀਆਂ ਹਨ। ਇਕ ਬੇਰੁਜ਼ਗਾਰ ਨੌਜਵਾਨ ਜਿਸ ਦਾ ਪਿਤਾ ਸਿਹਤ ਮਹਿਕਮੇ ਵਿਚ ਦਰਜਾ ਚਾਰ ਮੁਲਾਜ਼ਮ ਹੈ, ਹਰ ਰੋਜ਼ ਜੋੜ-ਘਟਾਅ ਵਿਚ ਰੁੱਝਿਆ ਰਹਿੰਦਾ ਹੈ ਤੇ ਜਦੋਂ ਵੀ ਕੋਈ ਜਾਣ-ਪਛਾਣ ਵਾਲਾ ਮੁਲਾਜ਼ਮ ਉਸ ਨੂੰ ਮਿਲਦਾ ਹੈ ਤਾਂ ਬਸ ਇੱਕੋ ਗੱਲ ਪੁੱਛਦਾ ਹੈ, ‘‘ਨਵੇਂ ਪੇ-ਕਮਿਸ਼ਨ ਨਾਲ ਉਸ ਦੇ ਬਾਪੂ ਦੀ ਤਨਖ਼ਾਹ ਕਿੰਨੀ ਵਧ ਜਾਵੇਗੀ?’’ ਉਸ ਦਾ ਸੁਪਨਾ ਵਧੀ ਹੋਈ ਪਹਿਲੀ ਤਨਖ਼ਾਹ ’ਤੇ ਇਕ ਪੈਂਟ-ਸ਼ਰਟ, ਐਨਕਾਂ, ਇਕ ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਖ਼ਰੀਦਣ ਦਾ ਹੈ।
ਇਕ ਦੁਕਾਨਦਾਰ ਜਿਸ ਨੇ ਮੇਰੇ ਦਫ਼ਤਰ ਦੇ ਇਕ ਮੁਲਾਜ਼ਮ ਤੋਂ ਉਧਾਰ ਸੌਦੇ ਦੇ ਪੈਸੇ ਲੈਣੇ ਹਨ, ਹਰ ਰੋਜ਼ ਦਫ਼ਤਰ ਦੇ ਕਈ-ਕਈ ਗੇੜੇ ਮਾਰਦਾ ਹੈ। ਦੁਕਾਨਦਾਰ ਨੂੰ ਪੂਰੀ ਉਮੀਦ ਹੈ ਕਿ ਮੁਲਾਜ਼ਮ ਗਾਹਕ ਦੀ ਵਧੀ ਤਨਖ਼ਾਹ ਨਾਲ ਉਸ ਦਾ ਵੀ ਪਾਰ-ਨਿਤਾਰਾ ਹੋ ਜਾਵੇਗਾ। ਤਨਖ਼ਾਹ ਕਮਿਸ਼ਨ ਦੇ ਵਾਧੇ ਦਾ ਜੋੜ-ਘਟਾਅ ਲਗਾਉਣ ਤੋਂ ਬਾਅਦ ਕਈ ਮੁਲਾਜ਼ਮ ਖ਼ਾਲੀ ਪਏ ਪਲਾਟਾਂ ’ਤੇ ਵੀ ਨਜ਼ਰ ਰੱਖ ਰਹੇ ਹਨ। ਕਈਆਂ ਨੇ ਤਾਂ ਸੁਪਨੇ ਵਿਚ ਰਜਿਸਟਰੀ ਵੀ ਕਰਵਾ ਲਈ ਹੈ। ਔਰਤਾਂ ਦੀ ਨਜ਼ਰ ਵੀ ਆਪਣੇ ਪਤੀਆਂ ਦੀ ਤਨਖ਼ਾਹ ’ਤੇ ਲਗਾਤਾਰ ਬਾਜ਼ ਵਾਂਗ ਟਿਕੀ ਹੋਈ ਹੈ।
ਉਹ ਨਵੇਂ-ਨਵੇਂ ਸੂਟ ਅਤੇ ਸੋਨਾ ਖ਼ਰੀਦਣ ਜਿਹੇ ਸੁਪਨਿਆਂ ’ਚ ਮਸਰੂਫ਼ ਹਨ। ਕਈ ਮੁਲਾਜ਼ਮਾਂ ਨੇ ਤਾਂ ਤਨਖ਼ਾਹ ਕਮਿਸ਼ਨ ’ਚ ਵਾਧੇ ਨਾਲ ਮਿਲਣ ਵਾਲੇ ਏਰੀਅਰ ਦਾ ਜੋੜ ਲਗਾ ਕੇ ਨਵੀਂ ਗੱਡੀ ਬੁੱਕ ਕਰਵਾ ਲਈ ਹੈ ਤੇ ਕੁਝ ਸੁਪਨੇ ’ਚ ਨਵੀਂ ਕਾਰ ’ਤੇ ਝੂਟੇ ਲੈ ਰਹੇ ਹਨ। ਤਨਖ਼ਾਹ ਕਮਿਸ਼ਨ ਦੇ ਵਾਧੇ ਨਾਲ ਸਿਰਫ਼ ਮੁਲਾਜ਼ਮ ਹੀ ਨਹੀਂ ਸਗੋਂ ਉਨ੍ਹਾਂ ਨਾਲ ਜੁੜੇ ਲੱਖਾਂ ਪਰਿਵਾਰ, ਰਿਸ਼ਤੇਦਾਰ, ਦੁਕਾਨਦਾਰ ਵੀ ਖ਼ੁਸ਼ਹਾਲ ਹੋ ਜਾਣਗੇ। ਭਾਵੇਂ ਜੋੜ-ਘਟਾਅ ਦਾ ਦੌਰ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਸਰਕਾਰ ਆਪਣੇ ਆਖ਼ਰੀ ਸਾਹਾਂ ’ਤੇ ਹੈ। ਹਰ ਰੋਜ਼ ਨਵੇਂ ਐਲਾਨ ਹੋ ਰਹੇ ਹਨ। ਖ਼ਜ਼ਾਨਾ ਖ਼ਾਲੀ ਹੈ। ਮਿਲਿਆ ਅਜੇ ਤਕ ਕਿਸੇ ਨੂੰ ਕੁਝ ਵੀ ਨਹੀਂ। ਮੁਲਾਜ਼ਮਾਂ ਨੂੰ ਤਨਖ਼ਾਹ ਕਮਿਸ਼ਨ ਦੇ ਫਾਰਮੂਲੇ ਦਾ ਜੋੜ-ਘਟਾਅ ਲਗਾਉਂਦਿਆਂ ਬੜੀ ਦੂਰਅੰਦੇਸ਼ੀ ਵਾਲੀ ਸੋਚ ਅਪਨਾਉਣ ਦੀ ਲੋੜ ਹੈ। ਕਿਤੇ ਇਹ ਨਾ ਹੋਵੇ ਕਿ ਪੇ-ਕਮਿਸ਼ਨ ਦੀ ਰਿਪੋਰਟ ਕਿਸੇ ਦਾ ਝੁੱਗਾ ਚੌੜ ਹੀ ਕਰ ਦੇਵੇ।
-ਕੇਵਲ ਸਿੰਘ ਮਾਨਸਾ
-ਮੋਬਾਈਲ : 98725-15652