ਮਨ ਇਕ ਬੇਲਗਾਮ ਘੋੜੇ ਦੀ ਤਰ੍ਹਾਂ ਹੁੰਦਾ ਹੈ ਜਿਸ ਨੂੰ ਜੇ ਕਾਬੂ ਨਾ ਕੀਤਾ ਜਾਵੇ ਤਾਂ ਇਹ ਬਹੁਤ ਸਾਰੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੰਦਾ ਹੈ। ਇਸ ਨੂੰ ਮਨੁੱਖ ਦੀਆਂ ਸਾਰੀਆਂ ਤਾਕਤਾਂ ਦਾ ਸੋਮਾ ਵੀ ਕਿਹਾ ਗਿਆ ਹੈ। ਮਨ ਦੀ ਤਾਕਤ ਨਾਲ ਹੀ ਮਨੁੱਖ ਜਿੱਤਦਾ ਹੈ ਅਤੇ ਮਨ ਦੀ ਦੁਰਬਲਤਾ ਨਾਲ ਹੀ ਹਾਰ ਜਾਂਦਾ ਹੈ। ਮਨ ਚੇਤਨ ਅਤੇ ਅਵਚੇਤਨ ਦੋਵੇਂ ਹੀ ਪੱਧਰਾਂ ’ਤੇ ਵਿਅਕਤੀ ਦੇ ਸੰਪੂਰਨ ਵਿਵਹਾਰ ਅਤੇ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦਾ ਹੈ। ਮਨ ਨੂੰ ਮਹਾਨ ਚਿੱਤਰਕਾਰ, ਜਾਦੂਗਰ ਅਤੇ ਬ੍ਰਹਮਾ ਸਿ੍ਰਸ਼ਟੀ ਦਾ ਤੱਤ ਵੀ ਕਹਿ ਸਕਦੇ ਹਾਂ ਕਿਉਂਕਿ ਸੰਕਲਪ ਦੇ ਬਿਨਾਂ ਸਿ੍ਰਸ਼ਟੀ ਨਹੀਂ ਹੋ ਸਕਦੀ ਤੇ ਮਨ ਦੇ ਬਿਨਾਂ ਸੰਕਲਪ ਨਹੀਂ ਹੋ ਸਕਦਾ। ਮਨ ਦੀ ਸਥਿਰਤਾ ਅਤੇ ਸ਼ੁੱਧਤਾ ਨਾਲ ਸੰਕਲਪ ਨੂੰ ਦ੍ਰਿੜ੍ਹਤਾ ਹਾਸਲ ਹੁੰਦੀ ਹੈ। ਇਸ ਦੇ ਉਲਟ ਮਨ ਦੀ ਚੰਚਲਤਾ ਤਬਾਹੀ ਨੂੰ ਸੱਦਾ ਦਿੰਦੀ ਹੈ। ਜਦ ਤਕ ਮਨ ਨੂੰ ਜਿੱਤਿਆ ਨਹੀਂ ਜਾਂਦਾ, ਉਦੋਂ ਤਕ ਸਾੜੇ, ਝਗੜੇ-ਝੇੜੇ ਸ਼ਾਂਤ ਨਹੀਂ ਹੁੰਦੇ। ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਨੇ ਮਨ ਨੂੰ ਬੜਾ ਚੰਚਲ ਦੱਸਦਿਆਂ ਇਸ ਬਾਰੇ ਕਾਫ਼ੀ ਕੁਝ ਕਿਹਾ ਹੈ। ਉਨ੍ਹਾਂ ਮੁਤਾਬਕ ਮਨ ਬਹੁਤ ਬਲਵਾਨ ਹੈ। ਮਨ ਨੂੰ ਵੱਸ ’ਚ ਕਰਨਾ ਵੀ ਮੁਸ਼ਕਲ ਹੈ। ਗੀਤਾ ਦੇ ਛੇਵੇਂ ਅਧਿਆਇ ’ਚ ਉਹ ਕਹਿੰਦੇ ਹਨ, ‘ਬੇਸ਼ੱਕ ਮਨ ਬਹੁਤ ਚੰਚਲ ਹੈ ਪਰ ਅਭਿਆਸ ਤੇ ਵੈਰਾਗ ਇਸ ਨੂੰ ਬੰਧਨ ਮੁਕਤ ਕਰਦਾ ਹੈ।’ ਜਦ ਅਸੀਂ ਕਿਸੇ ਵਸਤੂ ਜਾਂ ਵਿਅਕਤੀ ਨਾਲ ਬੇਹੱਦ ਲਗਾਅ ਜਾਂ ਸਨੇਹ ਕਰਦੇ ਹਾਂ ਤਾਂ ਉਸ ਦੀਆਂ ਕਮੀਆਂ ਵੀ ਸਾਨੂੰ ਨਹੀਂ ਦਿਸਦੀਆਂ। ਇਹੀ ਬੰਧਨ ਹੈ ਜੋ ਸਾਨੂੰ ਅਸਲੀਅਤ ਅਤੇ ਸੱਚ ਦਾ ਅਹਿਸਾਸ ਨਹੀਂ ਹੋਣ ਦਿੰਦਾ। ਇਸ ਮਾਇਆ ਸੰਗ ਲੱਗਾ ਮਨ ਸਾਨੂੰ ਚੰਚਲ ਬਣਾਉਂਦਾ ਹੈ। ਮਨ ਦੀ ਇਹ ਚੰਚਲ ਗਤੀ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ। ਮਨ ਨੂੰ ਸਥਿਰ ਕਰਨ ਲਈ ਨਿਰਮਲਤਾ ਅਤੇ ਸਹਿਜਤਾ ਦਾ ਆਧਾਰ ਤਿਆਰ ਕਰਨਾ ਪੈਂਦਾ ਹੈ। ਤਦ ਹੀ ਉਹ ਸ਼ਾਂਤ ਤੇ ਸਥਿਰ ਹੋ ਪਾਉਂਦਾ ਹੈ। ਜਿਵੇਂ ਤਲਾਬ ਦੀ ਗੰਦਗੀ ਤੇ ਚੰਚਲਤਾ ਸਮਾਪਤ ਹੋਣ ’ਤੇ ਹੀ ਅਸੀਂ ਉਸ ਦੀ ਸਤ੍ਹਾ ’ਤੇ ਪਈਆਂ ਵਸਤਾਂ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹਾਂ, ਉਸੇ ਤਰ੍ਹਾਂ ਚੰਚਲ ਤੇ ਅਸ਼ੁੱਧ ਮਨ ਜ਼ਰੀਏ ਅਸੀਂ ਆਤਮ-ਦਰਸ਼ਨ ਨਹੀਂ ਕਰ ਸਕਦੇ। ਇਸ ਵਾਸਤੇ ਮਨ ਦਾ ਸ਼ਾਂਤ ਤੇ ਨਿਰਮਲ ਹੋਣਾ ਬੇਹੱਦ ਜ਼ਰੂਰੀ ਹੈ। ਇਹ ਸ਼ਾਂਤ ਤੇ ਨਿਰਮਲ ਮਨ ਆਤਮਿਕ ਸ਼ਕਤੀ ਦਾ ਆਧਾਰ ਬਣ ਕੇ ਸਾਡੀ ਸ਼ਖ਼ਸੀਅਤ ਨੂੰ ਸਹੀ ਆਕਾਰ ਪ੍ਰਦਾਨ ਕਰਦਾ ਹੈ? ਮਨ ਅਸ਼ਾਂਤ ਰਹੇਗਾ ਤਾਂ ਅਸੀਂ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਾਂਗੇ ਤੇ ਸਾਨੂੰ ਵਾਰ-ਵਾਰ ਅਸਫਲਤਾ ਦਾ ਮੂੰਹ ਦੇਖਣ ਲਈ ਮਜਬੂਰ ਹੋਣਾ ਪਵੇਗਾ।
-ਡਾ. ਪ੍ਰਸ਼ਾਂਤ ਅਗਨੀਹੋਤਰੀ