ਪੰਜਾਬ ਦੇ ਲੋਕ ਮੁੱਢ-ਕਦੀਮ ਤੋਂ ਹੀ ਭੋਲੇ-ਭਾਲੇ ਤੇ ਜਜ਼ਬਾਤੀ ਰਹੇ ਹਨ। ਸਾਡੇ ਅਲਬੇਲੇ ਕਵੀ ਪ੍ਰੋਫ਼ੈਸਰ ਪੂਰਨ ਸਿੰਘ ਦੀਆਂ ਸਤਰਾਂ, ‘‘ਪਿਆਰ ਨਾਲ ਇਹ ਕਰਨ ਗ਼ੁਲਾਮੀ/ਜਾਨ ਕੋਹ ਆਪਣੀ ਵਾਰ ਦਿੰਦੇ’’ ਪੰਜਾਬੀਆਂ ਦੇ ਸੁਭਾਅ ਦਾ ਹੀ ਅਨੁਵਾਦ ਹਨ। ਜਜ਼ਬਾਤ ਦੇ ਵਹਿਣ ਵਿਚ ਉਹ ਬੇਗਾਨਿਆਂ ਖ਼ਾਤਰ ਵੀ ਜਾਨ ਨਿਛਾਵਰ ਕਰਨ ਤੋਂ ਪਿੱਛੇ ਨਹੀਂ ਹਟਦੇ। ਲੋਕ-ਸਿਆਣਪ ਅਨੁਸਾਰ ਭਾਵੁਕਤਾ ਦੇ ਤੀਬਰ ਵਹਿਣ ਵਿਚ ਹੋਸ਼-ਹਵਾਸ ਦਾ ਘੋੜਾ ਅਕਸਰ ਬੇਲਗ਼ਾਮ ਹੋ ਜਾਂਦਾ ਹੈ। ਇਸੇ ਲਈ ਉਹ ਬਹੁਤੀ ਵਾਰ ਨਫ਼ਾ-ਨੁਕਸਾਨ ਸੋਚੇ ਬਗ਼ੈਰ ਆਪਣੇ ਭਵਿੱਖ ਤਕ ਦੀ ਬਲੀ ਵੀ ਦੇ ਜਾਂਦੇ ਹਨ।
ਕਿਸੇ ਵੀ ਮੰਚ ਤੋਂ ਲੱਗੇ ਜੈਕਾਰੇ ਜਾਂ ਨਾਅਰੇ ਚੁੰਬਕ ਵਾਂਗ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਪੰਜਾਬ ਦਰਅਸਲ ਵਿਦੇਸ਼ੀ ਹਮਲਾਵਰਾਂ ਦਾ ਮੁੱਖ ਦਵਾਰ ਰਿਹਾ ਹੈ। ਵਿਦੇਸ਼ੀ ਧਾੜਵੀਆਂ ਦੇ ਸਭ ਤੋਂ ਪਹਿਲਾਂ ਦੰਦ ਖੱਟੇ ਕਰਨ ਵਾਲੇ ਪੰਜਾਬੀ ਹੀ ਸਨ। ‘ਗੁਰਾਂ ਦੇ ਨਾਂ ’ਤੇ ਵਸਣ ਵਾਲਾ ‘ਪੰਜਾਬ’ ਹਿੰਦੁਸਤਾਨ ਦੀ ਖੜਗ-ਭੂਜਾ ਅਖਵਾਇਆ। ਦੇਸ਼ ਦੀ ਆਜ਼ਾਦੀ ਖ਼ਾਤਰ ਵੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ। ਵਿਡੰਬਣਾ ਇਹ ਹੈ ਕਿ ਸਮੇਂ ਦੇ ਹਾਕਮਾਂ ਨੇ ਪੰਜਾਬ ਅਤੇ ਪੰਜਾਬੀਆਂ ’ਤੇ ਫ਼ਤਹਿ ਹਾਸਲ ਕਰਨ ਲਈ ਸਦਾ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾਈ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕੀਤੇ ਗਏ ਵਾਅਦੇ ਵਫ਼ਾ ਨਾ ਹੋਏ ਤਾਂ ਪੰਜਾਬੀਆਂ ਦਾ ਤੱਤਾ ਖ਼ੂਨ ਖੌਲਣ ਲੱਗ ਪਿਆ। ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀਆਂ ਨੂੰ ‘ਲੰਗੜਾ ਸੂਬਾ’ ਮਿਲਿਆ ਜਿਸ ਨੇ ਉਨ੍ਹਾਂ ਦੇ ਰੋਹ ਨੂੰ ਜ਼ਰਬਾਂ ਦੇ ਦਿੱਤੀਆਂ। ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਚੋਣਾਂ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਹੀ ਰਿਹਾ।
ਪੰਜਾਬ ਨੂੰ ‘ਕੈਲੀਫੋਰਨੀਆ’ ਬਣਾਉਣ ਦੇ ਸੁਪਨੇ ਵੇਚੇ ਗਏ। ਆਲੇ-ਭੋਲੇ ਸੁਭਾਅ ਦੇ ਮਾਲਕ ਹੋਣ ਕਾਰਨ ਪੰਜਾਬੀ ਬਹੁਤੇ ਵਿਕਲਪਾਂ ਬਾਰੇ ਨਹੀਂ ਸਨ ਸੋਚਦੇ। ਝੋਨੇ-ਕਣਕ ਦੇ ਫ਼ਸਲੀ ਚੱਕਰ ਵਿਚ ਫਸੇ ਰਹਿਣਾ ਵੀ ਉਨ੍ਹਾਂ ਦਾ ਸਾਦਾ ਸੁਭਾਅ ਹੀ ਰਿਹਾ ਹੈ। ਵਿਭਿੰਨਤਾ ਬਾਰੇ ਸੋਚਣ ਦੀ ਜਿਵੇਂ ਉਨ੍ਹਾਂ ਕੋਲ ਵਿਹਲ ਹੀ ਨਹੀਂ ਸੀ। ਇਸ ਕਰਕੇ ਸ਼ਾਇਦ ਪੰਜਾਬ ਵਿਚ ਦੋ ਸਿਆਸੀ ਜਮਾਤਾਂ ਨੇ ਪੰਜਾਬੀਆਂ ਨੂੰ ਆਪਣੇ ਚੁੰਗਲ ਵਿਚ ਫਸਾਈ ਰੱਖਿਆ। ਸੰਨ 2014 ਵਿਚ ਆਮ ਆਦਮੀ ਪਾਰਟੀ ਤੀਜਾ ਸਿਆਸੀ ਬਦਲ ਬਣ ਕੇ ਉੱਭਰੀ ਤਾਂ ਉਸ ਨੇ ਲੋਕ ਸਭਾ ਦੀਆਂ ਚਾਰ ਸੀਟਾਂ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ‘ਆਪ’ ਦਾ ਕੇਵਲ ਪੰਜਾਬ ਵਿਚ ਹੀ ਖਾਤਾ ਖੁੱਲ੍ਹਿਆ।
ਸਾਫ਼ ਹੈ ਕਿ ਭਾਜਪਾ ਦੀ ਲਹਿਰ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਵੱਖਰਾ ਸੁਰ ਅਲਾਪਿਆ ਜਿਸ ਦਾ ਕਾਰਨ ਉਨ੍ਹਾਂ ਦਾ ਵਿਲੱਖਣ ਸੁਭਾਅ ਹੈ। ਅਗਲੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਦਾ ਇਕਲੌਤਾ ਸੰਸਦ ਮੈਂਬਰ ਚੁਣਿਆ ਗਿਆ ਜਦਕਿ ਕਈਆਂ ਦੀ ਜ਼ਮਾਨਤ ਜ਼ਬਤ ਹੋ ਗਈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਸ਼੍ਰੋਮਣੀ ਅਕਾਲੀ ਦਲ ਨੂੰ ਧੋਬੀ ਪੱਟਕਾ ਮਾਰ ਕੇ ‘ਆਪ’ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਬਣ ਗਈ। ਦੋ-ਧਿਰੀ ਸਿਆਸੀ ਭੇੜ ਵਾਲੇ ਸੂਬੇ ਵਿਚ ਹੁਣ ਮੁਕਾਬਲਾ ਬਹੁ-ਕੋਣੀ ਹੈ।
ਇਸੇ ਕਰਕੇ ਕੋਈ ਵੀ ਸਿਆਸੀ ਪੰਡਿਤ ਸੰਭਾਵੀ ਨਤੀਜਿਆਂ ਬਾਰੇ ਸਟੀਕ ਵਿਸ਼ਲੇਸ਼ਣ ਕਰਨ ਤੋਂ ਅਸਮਰੱਥ ਹੈ। ਇਸ ਦਾ ਵੱਡਾ ਕਾਰਨ ਬਹੁ-ਕੋਣੀ ਮੁਕਾਬਲੇ ਹਨ। ਵੈਸੇ ਵੀ ਇਹ ਦਲ-ਬਦਲੀ ਦਾ ਮੌਸਮ ਹੈ। ਕੈਬਨਿਟ ਦੇ ਅਹੁਦਿਆਂ ਦਾ ਸੁੱਖ ਮਾਣ ਚੁੱਕੇ ਆਪਣੀ ਮਾਂ-ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਜਿਨ੍ਹਾਂ ਸਿਆਸਤਦਾਨਾਂ ਨੂੰ ਆਪਣੀ ਪਾਰਟੀ ਨੇ ਟਿਕਟਾਂ ਨਹੀਂ ਦਿੱਤੀਆਂ ਉਹ ਕਿਸੇ ਹੋਰ ਦਾ ਦਰਵਾਜ਼ਾ ਖੜਕਾਅ ਰਹੇ ਹਨ। ਕੋਈ ‘ਆਪ’ ਦਾ ਸੀਨੀਅਰ ਨੇਤਾ ਕਾਂਗਰਸ ਦਾ ‘ਹੱਥ’ ਫੜ ਰਿਹਾ ਹੈ ਤਾਂ ਦੂਜੇ ਦਿਨ ਕੋਈ ਕਾਂਗਰਸੀ ‘ਆਪ’ ਦੀ ਛੱਤਰੀ ’ਤੇ ਜਾ ਬਹਿੰਦਾ ਹੈ। ਟਕਸਾਲੀ ਸਿੱਖ ਨੇਤਾਵਾਂ ਦਾ ਭਾਜਪਾ ਦੇ ਖੇਮੇ ਵਿਚ ਜਾਣਾ ਸਭ ਨੂੰ ਹੈਰਾਨ ਕਰ ਰਿਹਾ ਹੈ। ਅਜੇ ਕੱਲ੍ਹ ਦੀ ਗੱਲ ਹੈ ਕਿ ਭਾਜਪਾ ਨੇਤਾਵਾਂ ਦੇ ਘਿਰਾਓ ਹੋ ਰਹੇ ਸਨ। ਮਲੋਟ ਵਿਚ ਤਾਂ ਭਾਜਪਾ ਵਿਧਾਇਕ ਦੇ ਕੱਪੜੇ ਉਤਾਰਨ ਦੀ ਕੋਝੀ ਹਰਕਤ ਵੀ ਹੋਈ ਸੀ। ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦਿਆਂ ਨੂੰ ਇੰਜ ਬੇਇੱਜ਼ਤ ਕਰਨਾ ਦਰਅਸਲ ਲੋਕਤੰਤਰ ਦੀ ਹੱਤਕ ਹੈ।
ਤਿੰਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਸਥਿਤੀ ਨੇ ਸੁਖਾਵਾਂ ਮੋੜ ਲਿਆ ਹੈ। ਕਾਲੇ ਦਿਨਾਂ ਦੌਰਾਨ ‘ਖ਼ਾਲਿਸਤਾਨ’ ਦੇ ਨਾਅਰੇ ਮਾਰਨ ਵਾਲੇ ਵੀ ਜਨਤਕ ਤੌਰ ’ਤੇ ਸਿਰੋਪੇ ਪੁਆ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ‘ਪੰਥ ਰਤਨ’ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਪਰਿਵਾਰਕ ਮੈਂਬਰਾਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਵੀ ਕਈ ਸੰਕੇਤ ਦੇ ਰਿਹਾ ਹੈ। ਟਕਸਾਲੀ ਨੇਤਾ ਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਕਈ ਨੇਤਾਵਾਂ ਨੂੰ ਵੀ ‘ਕਮਲ’ ਦੀ ਖ਼ੁਸ਼ਬੂ ਨੇ ਮੋਹ ਲਿਆ ਹੈ। ਇਨ੍ਹਾਂ ਵਿਚ ਉਹ ਨੇਤਾ ਵੀ ਸ਼ਾਮਲ ਹਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਭਾਜਪਾ ਨਾਲ ਸਾਂਝ-ਭਿਆਲੀ ਨੂੰ ਲੈ ਕੇ ਪਾਣੀ ਪੀ-ਪੀ ਕੇ ਕੋਸਦੇ ਸਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ‘ਨਹੁੰ-ਮਾਸ’ ਦਾ ਰਿਸ਼ਤਾ ਟੁੱਟਣ ਦਾ ਮੁੱਖ ਕਾਰਨ ਤਿੰਨ ਖੇਤੀ ਕਾਨੂੰਨ ਸਨ। ਇਸ ਤੋੜ-ਵਿਛੋੜੇ ਦੀ ਭਰਪਾਈ ਕਰਨ ਲਈ ਸੀਨੀਅਰ ਹਿੰਦੂ ਨੇਤਾਵਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਉਣਾ ਸਮੇਂ ਦੀ ਮੰਗ ਕਿਹਾ ਜਾ ਰਿਹਾ ਹੈ।
ਭਾਜਪਾ ਨਾਲ ਤੋੜ-ਵਿਛੋੜੇ ਦੀ ਭਰਪਾਈ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੰਦਰਾਂ ਦੀ ਜ਼ਿਆਰਤ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕੁਝ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦਾ ਗਠਨ ਕਰ ਕੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ‘ਖਿੱਦੋ-ਖੁੰਡੀ’ ਚੋਣ ਨਿਸ਼ਾਨ ਕਈ ਜੁਮਲਿਆਂ ਨੂੰ ਜਨਮ ਦੇ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ (ਸੰਯੁਕਤ) ਨੂੰ ਮਿਲੇ ‘ਟੈਲੀਫੋਨ’ ਚੋਣ ਨਿਸ਼ਾਨ ’ਤੇ ਵੀ ਜੁਮਲੇਬਾਜ਼ੀ ਹੋ ਰਹੀ ਹੈ। ਉਨ੍ਹਾਂ ਦੀ ਸਾਂਝ-ਭਿਆਲੀ ਭਾਜਪਾ ਨੂੰ ਕਿੰਨਾ ਕੁ ਸਿਆਸੀ ਲਾਹਾ ਦੇਵੇਗੀ ਇਸ ਦਾ ਇੰਤਜ਼ਾਰ ਕਰਨਾ ਪਵੇਗਾ।
ਲੋਕ ਚੁਟਕੀਆਂ ਲੈ ਰਹੇ ਹਨ ਕਿ ਖਿੱਦੋ ਦੀਆਂ ਲੀਰਾਂ ਖਿੱਲਰ ਸਕਦੀਆਂ ਹਨ ਤੇ ਟੈਲੀਫੋਨ ਦਾ ਜ਼ਮਾਨਾ ਨਹੀਂ ਰਿਹਾ ਕਿਉਂਕਿ ਅੱਜ-ਕੱਲ੍ਹ ਸਮਾਰਟਫੋਨਾਂ ’ਤੇ ਹੀ ਘੰਟੀਆਂ ਵੱਜਦੀਆਂ ਹਨ। ਫਿਰ ਵੀ ਬਣਦੇ ਤੇ ਢਹਿੰਦੇ ਸਮੀਕਰਨਾਂ ਬਾਰੇ ਫ਼ਿਲਹਾਲ ਭਵਿੱਖਬਾਣੀ ਕਰਨੀ ਦਰੁਸਤ ਨਹੀਂ ਹੈ। ਬਹੁਤ ਸਾਰੇ ਉਮੀਦਵਾਰਾਂ ਦੀ ਜਿੱਤ ਜਾਂ ਹਾਰ, ਹਜ਼ਾਰ-ਦੋ ਹਜ਼ਾਰ ਜਾਂ ਇਸ ਤੋਂ ਵੀ ਘੱਟ ਵੋਟਾਂ ’ਤੇ ਹੁੰਦੀ ਹੈ। ਕਈ ਵਾਰ ਆਜ਼ਾਦ, ਨਵੀਆਂ ਜਾਂ ਛੋਟੀਆਂ ਸਿਆਸੀ ਜਮਾਤਾਂ ਵੀ ਕਈਆਂ ਦੀ ਜਿੱਤ ਜਾਂ ਹਾਰ ਦਾ ਸਬੱਬ ਬਣਦੀਆਂ ਹਨ। ਸ਼ਾਇਦ ਇਹੀ ਕਾਰਨ ਹੈ ਕਿ ਮਾਹਿਰਾਂ ਵੱਲੋਂ ਕੀਤੀਆਂ ਜਾਂਦੀਆਂ ਚੋਣ-ਭਵਿੱਖਬਾਣੀਆਂ ਦੇ ਉਲਟ ਨਤੀਜੇ ਵੀ ਵੇਖਣ ਨੂੰ ਮਿਲਦੇ ਰਹਿੰਦੇ ਹਨ।
-ਵਰਿੰਦਰ ਸਿੰਘ ਵਾਲੀਆਂ
ਸੰਪਾਦਕ