10 ਮਾਰਚ 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਪੰਜਾਬੀਆਂ ਲਈ ਪਹਿਲੀ ਵਾਰ ਹੈਰਾਨੀਜਨਕ ਸਨ। ਵੱਖ-ਵੱਖ ਮੀਡੀਆ ਚੈਨਲਾਂ ਦੇ ਸਰਵੇਖਣ ਧਰੇ-ਧਰਾਏ ਰਹਿ ਗਏ। ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬੀਆਂ ਨੂੰ ਮਿਲੀ। ਲੋਕਾਂ ਵਿਚ ਨਵੀਂ ਸਰਕਾਰ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ। ਮਾਨ ਦੇ ਮੁੱਖ ਮੰਤਰੀ ਬਣ ਜਾਣ ਨਾਲ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਖ਼ਾਲੀ ਹੋ ਗਈ ਜਿਸ ਕਰਕੇ ਸਿਆਸੀ ਹਲਕਿਆਂ ਵਿਚ ਇਸ ਚੋਣ ਨੂੰ ਲੈ ਕੇ ਖੁੰਢ-ਚਰਚਾ ਸ਼ੁਰੂ ਹੋ ਗਈ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨ ਕੇ ਪਹਿਲਕਦਮੀ ਵੀ ਸ਼ੁਰੂ ਕਰ ਦਿੱਤੀ ਹੈ। ਯਾਦ ਰਹੇ ਕਿ ਉਹ ਪਹਿਲਾਂ ਵੀ ਸੰਗਰੂਰ ਤੋਂ ਐੱਮਪੀ ਰਹਿ ਚੁੱਕੇ ਹਨ। ਉਨ੍ਹਾਂ ਨੇ ਸੁਰਜੀਤ ਸਿੰਘ ਬਰਨਾਲਾ ਦਾ ਮਜਬੂਤ ਕਿਲ੍ਹਾ ਤੋੜ ਕੇ ਆਪਣੀ ਹੋਂਦ ਦਰਜ ਕਰਵਾਈ ਸੀ। ਸੰਗਰੂਰ ਲੋਕ ਸਭਾ ਹਲਕੇ ਵਿਚ ਦਸ ਵਿਧਾਨ ਸਭਾ ਹਲਕੇ ਆਉਂਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸੰਗਰੂਰ ਜ਼ਿਲ੍ਹੇ ਵਿੱਚੋਂ ਬਰਨਾਲਾ ਜ਼ਿਲ੍ਹਾ ਵੱਖਰਾ ਬਣਾਏ ਜਾਣ ਕਰਕੇ ਤਿੰਨ ਵਿਧਾਨ ਸਭਾ ਹਲਕੇ ਬਰਨਾਲਾ, ਭਦੌੜ ਤੇ ਮਹਿਲ ਕਲਾਂ ਵੱਖ ਹੋ ਗਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਮਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਕਰਕੇ ਹੁਣ ਸੰਗਰੂਰ ਜ਼ਿਲ੍ਹੇ ਦੀ ਬਣਤਰ ਹੋਰ ਵੀ ਛੋਟੀ ਹੋ ਗਈ। ਸੰਗਰੂਰ ਲੋਕ ਸਭਾ ਹਲਕੇ ਤੋਂ ਕਦੇ ਸ. ਬਲਬੰਤ ਸਿੰਘ ਰਾਮੂਵਾਲੀਆ ਵੀ ਐੱਮਪੀ ਰਹੇ ਹਨ ਪਰ ਮੁੱਖ ਤੌਰ ’ਤੇ ਸੰਗਰੂਰ ਲੋਕ ਸਭਾ ਹਲਕਾ ਅਕਾਲੀ ਦਲ ਦੇ ਗੜ੍ਹ ਵਜੋਂ ਹੀ ਜਾਣਿਆ ਜਾਂਦਾ ਰਿਹਾ ਹੈ। ਪਿਛਲੇ ਵੀਹ ਕੁ ਸਾਲਾਂ ਤੋਂ ਅਕਾਲੀ ਦਲ ਵਿਚ ਧੜੇਬਾਜ਼ੀ ਕਾਰਨ ਸਿਮਰਨਜੀਤ ਸਿੰਘ ਮਾਨ, ਗੁਰਚਰਨ ਸਿੰਘ ਦੱਦਾਹੂਰ ਤੇ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਪਾਰਟੀ ਦੇ ਵਿਜੈਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਰਿਹਾ। ਸੰਨ 2014 ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਆਮਦ ਤੋਂ ਬਾਅਦ ਇੱਥੋਂ ਭਗਵੰਤ ਸਿੰਘ ਮਾਨ ਲਗਾਤਾਰ ਦੋ ਵਾਰ ਸ਼ਾਨਦਾਰ ਜਿੱਤ ਦਰਜ ਕਰ ਚੁੱਕੇ ਹਨ। ਸੰਨ 2017 ’ਚ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕ ਸੰਗਰੂਰ ਲੋਕ ਸਭਾ ਹਲਕੇ ’ਚੋਂ ਹੀ ਜਿੱਤੇ ਸਨ ਜਿਸ ਕਰਕੇ ਰਵਾਇਤੀ ਪਾਰਟੀਆਂ ’ਚ ਖਲਬਲੀ ਮਚਦੀ ਰਹੀ ਹੈ। ਸੰਨ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੂਰੇ ਪੰਜਾਬ ’ਚੋਂ ਸਿਰਫ਼ ਸੰਗਰੂਰ ਲੋਕ ਸਭਾ ਹਲਕੇ ਤੋਂ ਹੀ ਪਾਰਟੀ ਨੇ ਦੂਜੀ ਵਾਰ ਇਕ ਲੱਖ ਵੋਟਾਂ ਦੇ ਫ਼ਰਕ ਨਾਲ ਕਾਂਗਰਸ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾਇਆ ਅਤੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਸੀ। ਸੰਗਰੂਰ ਲੋਕ ਸਭਾ ਹਲਕੇ ਅੰਦਰ ਅਕਾਲੀ ਦਲ ਦੇ ਸਮੇਂ ਬਰਨਾਲਾ ਤੇ ਢੀਂਡਸਾ ਗਰੁੱਪ ਦੀ ਗੁੱਟਬੰਦੀ ਜੱਗ ਜ਼ਾਹਰ ਰਹੀ ਹੈ। ਅੱਜ-ਕੱਲ੍ਹ ਸੰਗਰੂਰ ਲੋਕ ਸਭਾ ਹਲਕੇ ’ਚ ਕਾਂਗਰਸ ਪਾਰਟੀ ਦਾ ਇਕ ਵੀ ਵਿਧਾਇਕ ਨਹੀਂ। ਇਹੋ ਹਾਲ ਅਕਾਲੀ ਦਲ ਦਾ ਹੈ। ਉਹ ਤਿੰਨ ਥਾਵਾਂ ’ਤੇ ਵੰਡਿਆ ਹੋਣ ਕਰਕੇ ਪਤਲੀ ਹਾਲਤ ’ਚ ਹੈ। ਕਾਂਗਰਸ ਦਾ ਕਾਟੋ-ਕਲੇਸ਼ ਅਜੇ ਵੀ ਰੁਕਿਆ ਨਹੀਂ। ਪਾਰਟੀ ਵੱਲੋਂ ਆਪਣੇ ਮਜ਼ਬੂਤ ਆਗੂ ਕੇਵਲ ਸਿੰਘ ਢਿੱਲੋਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਪਾਰਟੀ ਸੰਗਰੂਰ ਲੋਕ ਸਭਾ ਹਲਕੇ ’ਚ ਪੈਂਦੀਆਂ ਵਿਧਾਨ ਸਭਾ ਸੀਟਾਂ ’ਤੇ ਕਈ ਥਾਵਾਂ ’ਤੇ ਤੀਜੇ ਨੰਬਰ ’ਤੇ ਰਹੀ ਹੈ। ਮੌਜੂਦਾ ਸਮੇਂ ਭਾਵੇਂ ‘ਆਪ’ ਨੇ ਰਿਕਾਰਡ ਵੋਟਾਂ ਲੈ ਕੇ ਪੰਜਾਬ ’ਚ ਸਰਕਾਰ ਬਣਾ ਲਈ ਹੈ ਪਰ ਉਹ ਦੇ ਲਈ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਲੱਗਦੇ। ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟਾਂ ਦੇਣ ਵਾਲਾ ਮਜ਼ਦੂਰ ਵਰਗ ਇਸ ਸਮੇਂ ਰੋਹ ਵਿਚ ਹੈ ਕਿ ਸਰਕਾਰ ਵੱਲੋਂ ਸਿਰਫ਼ ਕਿਸਾਨਾਂ ਦੀ ਹੀ ਸੁਣੀ ਜਾਂਦੀ ਹੈ ਜਦਕਿ ਮਜ਼ਦੂਰ ਵਰਗ ਦੇ ਹੱਥਾਂ ’ਚੋਂ ਇਕ-ਇਕ ਕਰਕੇ ਸਾਰੇ ਖੇਤੀ ਧੰਦੇ ਨਿਕਲ ਗਏ ਹਨ। ਮਾਨ ਸਰਕਾਰ ਵੱਲੋਂ ਚੋਣ ਵਾਅਦੇ ਮੁਤਾਬਕ ਅਠਾਰਾਂ ਸਾਲਾਂ ਤੋਂ ਉੱਪਰ ਦੀ ਹਰੇਕ ਔਰਤ ਲਈ ਇਕ ਹਜ਼ਾਰ ਰੁਪਏ ਵੀ ਅਜੇ ਤਕ ਦਿੱਤੇ ਨਹੀਂ ਗਏ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੱਛੇ ਜਿਹੇ ‘ਖ਼ਜ਼ਾਨਾ ਖ਼ਾਲੀ ਹੈ, ਭਰ ਲੈਣ ਦਿਉ’ ਵਾਲੇ ਬਿਆਨ ਦਾ ਵੀ ਵਿਰੋਧੀ ਪਾਰਟੀਆਂ ਨੇ ਮਜ਼ਾਕ ਉਡਾਇਆ ਸੀ। ਵਿਰੋਧੀ ਰਵਾਇਤੀ ਪਾਰਟੀਆਂ ਸੰਗਰੂਰ ਲੋਕ ਸਭਾ ਹਲਕੇ ਬਾਬਤ ਕੀ ਰੁਖ਼ ਅਖਤਿਆਰ ਕਰਦੀਆਂ ਹਨ, ਇਹ ਅਜੇ ਸਪਸ਼ਟ ਨਹੀਂ ਹੋ ਸਕਿਆ। ਦਰਅਸਲ, ਹੁਣ ਹਰੇਕ ਸੰਸਦੀ ਹਲਕੇ ਦੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਅਨੇਕ ਮਾਹਿਰਾਂ ਵੱਲੋਂ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਦੇਸ਼ ਵਿਚ ਨੇੜ ਭਵਿੱਖ ’ਚ ਹੋਣ ਵਾਲੀਆਂ ਚੋਣਾਂ ’ਤੇ ਪੈਣ ਵਾਲੇ ਸੰਭਾਵੀ ਅਸਰ ਦੇ ਸੰਦਰਭ ਵਿਚ ਵੀ ਦੇਖਿਆ ਜਾਂਦਾ ਹੈ। ਇਸੇ ਲਈ ਸਪਸ਼ਟ ਹੈ ਕਿ ਇਸ ਵਾਰ ਇਸ ਸੰਸਦੀ ਹਲਕੇ ਦੇ ਚੋਣ ਨਤੀਜਿਆਂ ’ਤੇ ਸਭ ਦੀ ਨਜ਼ਰ ਰਹੇਗੀ ਤੇ ਉਹ ਦਿਲਚਸਪ ਜ਼ਰੂਰ ਹੋਣਗੇ।
-ਅਵਤਾਰ ਸਿੰਘ ਰਾਏਸਰ। ਮੋਬਾਈਲ : 98143-21087