-ਪ੍ਰੋ. ਜਸਪ੍ਰੀਤ ਕੌਰ
ਰੈੱਡ ਕਰਾਸ ਇਕ ਕੌਮਾਂਤਰੀ ਸੰਗਠਨ ਹੈ ਜਿਸ ਦਾ ਮਿਸ਼ਨ ਮਨੁੱਖੀ ਜ਼ਿੰਦਗੀ ਤੇ ਸਿਹਤ ਨੂੰ ਬਚਾਉਣਾ ਹੈ। ਵਿਸ਼ਵ ਰੈੱਡ ਕਰਾਸ ਦਿਵਸ ਆਲਮੀ ਸ਼ਾਂਤੀ ਵਿਚ ਪ੍ਰਮੁੱਖ ਯੋਗਦਾਨ ਪਾਉਣ ਵਾਲਾ ਮਹੱਤਵਪੂਰਨ ਦਿਨ ਬਣ ਚੁੱਕਾ ਹੈ। ਇਸ ਸੰਸਥਾ ਦੀ ਸਥਾਪਨਾ 9 ਫਰਵਰੀ 1863 ਨੂੰ ਹੈਨਰੀ ਡੂਨੈਂਟ ਨੇ ਪੰਜ ਲੋਕਾਂ ਦੀ ਕਮੇਟੀ ਬਣਾ ਕੇ ਕੀਤੀ ਸੀ। ਫਿਰ 25 ਅਕਤੂਬਰ 1863 ਨੂੰ ਕਮੇਟੀ ਨੇ ਇੰਟਰਨੈਸ਼ਨਲ ਕਾਨਫਰੰਸ ਵਿਚ 16 ਦੇਸ਼ਾਂ ਨੂੰ ਸ਼ਾਮਲ ਕਰ ਕੇ ਇਸ ਨੂੰ ਕਾਨੂੰਨੀ ਰੂਪ ਦਿੱਤਾ ਸੀ। ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ (ਆਈਸੀਆਰਸੀ) ਦਾ ਮੁੱਖ ਦਫ਼ਤਰ ਜਨੇਵਾ (ਸਵਿਟਜ਼ਰਲੈਂਡ) ਵਿਚ ਹੈ। ਇਸ ਨੂੰ ਤਿੰਨ ਵਾਰ (1917, 1944, 1963 ’ਚ) ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਹੈ। ਅੱਠ ਮਈ 1948 ਨੂੰ ਪਹਿਲੀ ਵਾਰ ਰੈੱਡ ਕਰਾਸ ਦਿਵਸ ਮਨਾਇਆ ਗਿਆ। ਅੱਠ ਮਈ ਰੈੱਡ ਕਰਾਸ ਦੇ ਸੰਸਥਾਪਕ ਹੈਨਰੀ ਡੂਨੈਂਟ ਦਾ ਜਨਮ ਦਿਨ ਹੈ। ਦੁਨੀਆ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਵਿਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਨਰਮ ਦਿਲ ਇਨਸਾਨ ਹੈਨਰੀ ਡੂਨੈਂਟ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। ਉਸ ਦਾ ਜਨਮ 8 ਮਈ 1828 ਨੂੰ ਜਨੇਵਾ (ਸਵਿਟਜ਼ਰਲੈਂਡ) ਵਿਚ ਉੱਚ ਘਰਾਣੇ ਦੇ ਇਕ ਸਮਾਜ ਸੇਵੀ ਪਰਿਵਾਰ ਵਿਚ ਪਿਤਾ ਜੀਨ ਜੈਕ ਡੂਨੈਂਟ ਦੇ ਘਰ ਮਾਤਾ ਐੱਨ ਐਨਟੋਇਨੀ ਦੀ ਕੁੱਖੋਂ ਹੋਇਆ।
ਉਸ ਨੇ ਵਿੱਦਿਆ ਤੋਂ ਬਾਅਦ 1853 ਤੋਂ 1858 ਤਕ ਨੌਕਰੀ ਕਰਨ ਉਪਰੰਤ ਆਟਾ ਪੀਹਣ ਦਾ ਕਾਰਖਾਨਾ ਲਾਉਣ ਲਈ ਮਿੱਤਰਾਂ ਨਾਲ ਸੁਸਾਇਟੀ ਬਣਾਈ। ਚੌਵੀ ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇਕ ਕਸਬੇ ਸਾਲਫਰੀਨੋ ਵਿਚ ਯੂਰਪ ਦਾ ਇਕ ਭਿਆਨਕ ਯੁੱਧ ਲੱਗ ਗਿਆ। ਇਕ ਪਾਸੇ ਇਟਲੀ ਨਾਲ ਫਰਾਂਸ ਤੇ ਦੂਜੇ ਪਾਸੇ ਆਸਟਰੀਆ ਨਾਲ ਪਰਸ਼ੀਆ ਸਨ। ਹੈਨਰੀ ਡੂਨੈਂਟ ਆਪਣੇ ਨਿੱਜੀ ਮਨੋਰਥ ਲਈ ਨੈਪੋਲੀਅਨ ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ। ਹੈਨਰੀ ਜੰਗ ਵਾਲੀ ਥਾਂ ਨੇੜੇ ਠਹਿਰਿਆ ਹੋਇਆ ਸੀ। ਉੱਥੇ ਉਸ ਨੇ ਦੇਖਿਆ ਕਿ ਹਰ ਪਾਸੇ ਫੱਟੜ ਸੈਨਿਕ ਤੜਫ਼ ਰਹੇ ਸਨ। ਲਾਸ਼ਾਂ ਦੇ ਢੇਰ ਤੇ ਚਾਰੇ ਪਾਸੇ ਖ਼ੂਨ ਨਾਲ ਲਥਪਥ ਮੈਦਾਨ ਦਿਸ ਰਿਹਾ ਸੀ। ਲਗਪਗ 40000 ਸੈਨਿਕ ਯੁੱਧ ਖੇਤਰ ਵਿਚ ਮੋਏ ਜਾਂ ਅਧਮੋਏ ਪਏ ਸਨ। ਦੋਹਾਂ ਪਾਸਿਆਂ ਤੋਂ ਜ਼ਖ਼ਮੀ ਸਿਪਾਹੀ ਪਾਣੀ ਦੀ ਇਕ-ਇਕ ਬੂੰਦ ਲਈ ਕਰਾਹ ਰਹੇ ਸਨ। ਸੈਨਿਕਾਂ ਦੀ ਮੱਲ੍ਹਮ-ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਨਹੀਂ ਸੀ। ਇਹ ਖ਼ੌਫ਼ਨਾਕ ਮੰਜ਼ਰ ਵੇਖ ਕੇ ਹੈਨਰੀ ਦਾ ਦਿਲ ਕੁਰਲਾ ਉੱਠਿਆ। ਉਸ ਨੇ ਇਟਲੀ ਦੇ ਕਸਬੇ ਕਾਸਟੀਲੀਅਨ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਜ਼ਖ਼ਮੀਆਂ ਦੀ ਸੇਵਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਤੋਂ ਇਹ ਪ੍ਰਣ ਲਿਆ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਜ਼ਖ਼ਮੀਆਂ ਦੀ ਸੇਵਾ ਕਰਨਗੇ। ਜ਼ਖ਼ਮੀਆਂ ਨੂੰ ਚਰਚ, ਮੰਦਰਾਂ, ਹਸਪਤਾਲਾਂ ਵਿਚ ਪਹੁੰਚਾਇਆ। ਹੈਨਰੀ ਡੂਨੈਂਟ ਨੇ ਇਸ ਜੰਗ ਦੀਆਂ ਤਰਸਮਈ ਅਤੇ ਦਰਦਨਾਕ ਹਾਲਤਾਂ ਉੱਤੇ ਇਕ ਕਿਤਾਬ ‘ਸਾਲਫਰੀਨੋ ਦੀ ਯਾਦ’ ਲਿਖੀ। ਉਸ ਦੀ ਇਹ ਕਿਤਾਬ ਜਿਸ ਨੇ ਵੀ ਪੜ੍ਹੀ ਉਸ ਦਾ ਹਿਰਦਾ ਵਲੂੰਧਰਿਆ ਗਿਆ। ਇਸ ਪੁਸਤਕ ਰਾਹੀਂ ਹੈਨਰੀ ਨੇ ਹਰ ਦੇਸ਼ ਵਿਚ ਇਕ ਅਜਿਹੀ ਸੰਸਥਾ ਬਣਾਉਣ ਦਾ ਵਿਚਾਰ ਰੱਖਿਆ ਜੋ ਯੁੱਧ-ਖੇਤਰ ਵਿਚ ਜ਼ਖ਼ਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ-ਸੰਭਾਲ ਕਰ ਸਕੇ। ਇਸ ਵਿਚਾਰ ਦੇ ਹੱਕ ਵਿਚ ਹਰ ਪਾਸਿਓਂ ਹੁੰਗਾਰਾ ਮਿਲਿਆ। ਉਸ ਸਮੇਂ ਦੇ ਹੁਕਮਰਾਨਾਂ ਨੇ ਵੀ ਸਹਿਮਤੀ ਪ੍ਰਗਟਾਈ। ਆਖ਼ਰ ਹੈਨਰੀ ਡੂਨੈਂਟ ਦੀ ਘਾਲਣਾ ਰੰਗ ਲਿਆਈ। ਪੱਚੀ ਅਕਤੂਬਰ ਨੂੰ 1863 ਨੂੰ 16 ਦੇਸ਼ਾਂ ਨੇ ਰੈੱਡ ਕਰਾਸ ਸੰਸਥਾ ਦਾ ਗਠਨ ਕੀਤਾ। ਸਵਿਟਜ਼ਰਲੈਂਡ ਦਾ ਝੰਡਾ ਉਲਟਾ ਕਰ ਕੇ ਰੈੱਡ ਕਰਾਸ ਦਾ ਝੰਡਾ ਹੋਂਦ ਵਿਚ ਆਇਆ ਜੋ ਪੰਜ ਵਰਗਾਂ ਨੂੰ ਜੋੜ ਕੇ ਬਣਾਇਆ ਗਿਆ।
ਸੰਨ 1901 ਵਿਚ ਹੈਨਰੀ ਨੂੰ ਮਨੁੱਖੀ ਸੇਵਾ ਲਈ ਪਹਿਲੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਵੱਖ-ਵੱਖ ਦੇਸ਼ਾਂ ਵਿਚ 49 ਸਾਲ ਮਾਨਵ ਸੇਵਾ ਦਾ ਮਸੀਹਾ ਬਣ ਕੇ ਵਿਚਰਦਾ/ਪ੍ਰਚਾਰ ਕਰਦਾ ਰਿਹਾ। ਅੱਸੀ ਸਾਲ ਦੀ ਉਮਰ ’ਚ ਜਦ ਆਪਣੇ ਘਰ ਪਰਤਿਆ ਤਾਂ ਉਸ ਨੇ ਪੁਰਾਣੇ ਤੇ ਘਸੇ ਕੱਪੜੇ ਪਾਏ ਹੋਏ ਸਨ ਪਰ ਦੁਖੀ ਲੋਕਾਂ ਦੀਆਂ ਅਸੀਸਾਂ ਨਾਲ ਵਰੋਸਾਇਆ ਉਸ ਸਮੇਂ ਉਹ ਸਭ ਤੋਂ ਦੌਲਤਮੰਦ ਇਨਸਾਨ ਸੀ। ਤੀਹ ਅਕਤੂਬਰ 1910 ਨੂੰ ਹੇਡਨ ਹਸਪਤਾਲ ਵਿਚ ਉਸ ਦਾ ਦੇਹਾਂਤ ਹੋ ਗਿਆ। ਰੈੱਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡੂਨੈਂਟ ਹਨ ਜਦਕਿ ਸੇਵਾ ਦੇ ਪੁੰਜ ਭਾਈ ਘਨੱ੍ਹਈਆ ਜੀ ਨੇ ਹੈਨਰੀ ਡੂਨੈਂਟ ਦੇ ਜਨਮ ਤੋਂ 124 ਸਾਲ ਪਹਿਲਾਂ (1704) ਵਿਚ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਅਥਾਹ ਸੇਵਾ ਕੀਤੀ ਸੀ। ਅਨੰਦਪੁਰ ਵਿਚ ਚੱਲ ਰਹੇ ਯੁੱਧ ਸਮੇਂ ਕੁਝ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਘਨ੍ਹੱਈਆ ਵੈਰੀਆਂ ਨੂੰ ਪਾਣੀ ਪਿਲਾ ਰਿਹਾ ਹੈ। ਭਾਈ ਘਨੱ੍ਹਈਆ ਨੇ ਕਿਹਾ ਕਿ ਮੈਨੂੰ ਇੱਥੇ ਕੋਈ ਵੈਰੀ ਨਹੀਂ ਦਿਸਦਾ, ਸਾਰੇ ਪਿਆਸੇ ਇੱਕੋ ਜਿਹੇ ਇਨਸਾਨ ਦਿਸਦੇ ਹਨ। ਇਸੇ ਲਈ ਮੈਂ ਸਾਰਿਆਂ ਨੂੰ ਪਾਣੀ ਪਿਲਾਉਂਦਾ ਹਾਂ। ਗੁਰੂ ਜੀ ਇਹ ਸੁਣ ਕੇ ਬੇਹੱਦ ਪ੍ਰਸੰਨ ਹੋਏ ਤੇ ਕਿਹਾ ਕਿ ਹੁਣ ਜ਼ਖ਼ਮੀਆਂ ਦੀ ਮੱਲ੍ਹਮ ਪੱਟੀ ਕਰ ਕੇ ਦੁੱਖ ਵੀ ਦੂਰ ਕਰਿਆ ਕਰ। ਅੱਜ ਹੈਨਰੀ ਡੂਨੈਂਟ ਅਤੇ ਭਾਈ ਘਨ੍ਹੱਈਆ ਜੀ ਦੇ ਆਦਰਸ਼ਾਂ ਨੇ ਦੁਨੀਆ ਭਰ ਦੇ ਕਰੋੜਾਂ ਸਵੈ-ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਅਤੇ ਸੇਵਾ ਦੇ ਧਾਗੇ ਵਿਚ ਬੰਨ੍ਹ ਰੱਖਿਆ ਹੈ। ਭਾਰਤ ਵਿਚ ਰੈੱਡ ਕਰਾਸ ਸੁਸਾਇਟੀ ਦਾ ਗਠਨ 1920 ਵਿਚ ਸੰਸਦ ਦੇ ਐਕਟ 15 ਅਧੀਨ ਹੋਇਆ ਸੀ। ਭਾਰਤ 1949 ਦੇ ਉਸ ਜਨੇਵਾ ਕਨਵੈਂਸ਼ਨ ਦਾ ਵੀ ਹਿੱਸਾ ਰਿਹਾ ਜਿਸ ਵਿਚ ਰੈੱਡ ਕਰਾਸ ਤੇ ਰੈੱਡ ਕਰੀਸੈਂਟ ਦੇ ਚਿੰਨ੍ਹ ਨੂੰ ਸੈਨਾ ਦੀਆਂ ਮੈਡੀਕਲ ਸੇਵਾਵਾਂ ਵਿਚ ਇਸਤੇਮਾਲ ਕਰਨ ਦੀ ਘੋਸ਼ਣਾ ਕੀਤੀ ਗਈ। ਭਾਰਤ ਵਿਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਗਠਨ ਦੇ 30 ਸਾਲ ਬਾਅਦ 1950 ਵਿਚ ਭਾਵ ਆਜ਼ਾਦੀ ਦੇ 3 ਸਾਲ ਬਾਅਦ ਭਾਰਤ ਸਰਕਾਰ ਨੇ ਜੈਨੇਵਾ ਸੰਮੇਲਨ ’ਤੇ ਦਸਤਖ਼ਤ ਕੀਤੇ। ਇਸ ਦੇ 10 ਸਾਲ ਬਾਅਦ 1949 ਦੇ ਜਨੇਵਾ ਸੰਮੇਲਨ ਦੇ ਕੁਝ ਨਿਯਮਾਂ ਨੂੰ ਲਾਗੂ ਕਰਨ ਲਈ ਭਾਰਤੀ ਸੰਸਦ ਨੇ ਭਾਰਤ ਵਿਚ 1960 ਦਾ ਜੈਨੇਵਾ ਕਨਵੈਂਸ਼ਨ ਐਕਟ ਪਾਸ ਕੀਤਾ।
ਪਹਿਲਾਂ ਭਾਰਤ ਵਿਚ ਰੈੱਡ ਕਰਾਸ ਕਮੇਟੀ ਦੇ ਚੇਅਰਮੈਨ ਭਾਰਤ ਦੇ ਉਪ-ਰਾਸ਼ਟਰਪਤੀ ਸਨ। ਸਾਲ 1994 ਵਿਚ ਰੈੱਡ ਕਰਾਸ ਐਕਟ ਵਿਚ ਸੋਧ ਕੀਤੀ ਗਈ ਸੀ ਜਿਸ ਅਨੁਸਾਰ-ਆਈਆਰਸੀਐੱਸ ਕੋਲ 35 ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਖਾਵਾਂ ਹਨ ਜਿਨ੍ਹਾਂ ਦੀਆਂ 700 ਤੋਂ ਵਧੇਰੇ ਜ਼ਿਲ੍ਹਿਆਂ ਵਿਚ ਬ੍ਰਾਂਚਾਂ ਅਤੇ ਉਪ ਜ਼ਿਲ੍ਹਾ ਸ਼ਾਖਾਵਾਂ ਹਨ। ਭਾਰਤ ਦਾ ਰਾਸ਼ਟਰਪਤੀ ਆਈਆਰਸੀਐੱਸ ਦਾ ਪ੍ਰਧਾਨ ਹੁੰਦਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਸਾਇਟੀ ਦਾ ਚੇਅਰਮੈਨ ਹੁੰਦਾ ਹੈ। ਚਿੱਟੀ ਪੱਟੀ ’ਤੇ ਲਾਲ ਰੰਗ ਦਾ ਕਰਾਸ ਚਿੰਨ੍ਹ ਇਸ ਸੰਸਥਾ ਦਾ ਨਿਸ਼ਾਨ ਹੈ। ਰੈੱਡ ਕਰਾਸ ਦੇ ਚਿੰਨ੍ਹ ਦੀ ਗ਼ਲਤ ਵਰਤੋਂ ਕਰਨ ’ਤੇ 500 ਰੁਪਏ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਵਿਅਕਤੀ ਦੀ ਜਾਇਦਾਦ ਵੀ ਜ਼ਬਤ ਕੀਤੀ ਜਾ ਸਕਦੀ ਹੈ। ਅੱਜ ਸੰਸਾਰ ਦੇ ਲਗਪਗ 210 ਦੇਸ਼ਾਂ ਵਿਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ। ਸੰਸਾਰ ਵਿਚ ਲਗਪਗ 240 ਮਿਲੀਅਨ ਲੋਕਾਂ ਨੂੰ ਰੈੱਡ ਕਰਾਸ ਦੇ ਵਰਕਰਾਂ ਦੀ ਮੁਫ਼ਤ ਸਹਾਇਤਾ ਤੋਂ ਫ਼ਾਇਦਾ ਹੋਇਆ ਹੈ। ਰੈੱਡ ਕਰਾਸ ਸੁਸਾਇਟੀ ਵੱਲੋਂ ਸਮੇਂ-ਸਮੇਂ ਖ਼ੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ । -ਮੋਬਾਈਲ : 94178-31583