ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ ਵੱਲੋਂ 8ਵਾਂ ਅੰਮ੍ਰਿਤਸਰ ਸਾਹਿਤ ਉਤਸਵ-2023 ਬਸੰਤ ਰੁੱਤ ਦੇ ਸ਼ੁਭ ਆਗਮਨ ’ਤੇ 1, 2 ਅਤੇ 3 ਫਰਵਰੀ ਨੂੰ ਖ਼ਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਖੋਜਾਰਥੀ ਅਤੇ ਨੌਜਵਾਨ ਵਰਗ ਨੂੰ ਸਾਹਿਤ, ਚਿੰਤਨ, ਸੰਗੀਤ ਅਤੇ ਕਲਾ ਨਾਲ ਜੋੜਨ ਲਈ ਆਰੰਭ ਹੋਏ ਸਾਲਾਨਾ ਅੰਮ੍ਰਿਤਸਰ ਸਾਹਿਤ ਉਤਸਵ ਦਾ ਖ਼ਾਸ ਮਹੱਤਵ ਹੈ ਕਿਉਂਕਿ ਚਿੰਤਨ ਦੀ ਜਿਸ ਘੜੀ ਵਿਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ, ਇਸ ਵਿਚ ਨਿਰੰਤਰ ਵਿਧੀਵਤ ਸਮਰਪਣ ਨਾਲ ਪੂਰਨ ਸਾਧਨਾ ਰਾਹੀਂ ਸੰਪੂਰਨ ਗਿਆਨ ਦੇ ਚਿੰਤਨਮਈ ਅਭਿਆਸ ਦੀ ਲੋੜ ਹੈ। ਸੰਚਾਰ ਮਾਧਿਅਮਾਂ ਦੇ ਤੇਜ਼ੀ ਨਾਲ ਹੋਏ ਵਿਕਾਸ ਨੇ ਬਹੁ-ਸੱਭਿਆਚਾਰੀ ਸਪੇਸਾਂ ਪੈਦਾ ਕੀਤੀਆਂ ਹਨ। ਤਰੱਕੀ ਦੀ ਇਸ ਦੌੜ ਵਿਚ ਹਰ ਰਾਸ਼ਟਰ, ਰਾਜ ਜਾਂ ਵਿਅਕਤੀ ਉਦੇਸ਼ ਨਿਰਧਾਰਤ ਕਾਰਜਾਂ ਨੂੰ ਪਹਿਲ ਦਿੰਦਾ ਹੈ। ਰੈਨੇ ਗੁਨਾਅ ਇਸ ਸਮੇਂ ਨੂੰ ਕਲਯੁੱਗ ਦੀ ਚਰਮ-ਸੀਮਾ ਸਮਝਦਾ ਹੋਇਆ ਗੁਣਵੱਤਾ ਵਾਲੇ ਜੀਵਨ ਉੱਪਰ ਗਿਣਨਾਤਮਕਤਾ ਦੀ ਜਿੱਤ ਦਾ ਡਰ ਜ਼ਾਹਰ ਕਰਦਾ ਹੈ। ਦੂਸਰੇ ਪਾਸੇ, ਚਾਰਲਸ ਟੇਲਰ ਇਸ ਸਮੇਂ ਨੂੰ ਡਿਸਇਨਚਾਂਟਮੈਂਟ ਦਾ ਸੰਸਾਰ ਘੋਸ਼ਿਤ ਕਰ ਦਿੰਦਾ ਹੈ ਜਿਸ ਵਿਚ ਧਾਰਮਿਕ ਅਤੇ ਰਾਜਨੀਤਕ, ਦੋਵੇਂ ਪਾਸੇ ਇਕ-ਦੂਸਰੇ ਦੀ ਵਿਰੋਧਤਾ ਵਿਚ ਨਜ਼ਰ ਆਉਂਦੇ ਹਨ। ਆਧੁਨਿਕ ਸਮੇਂ ਤਾਰਕਿਕਤਾ ਤੋਂ ਪ੍ਰਭਾਵਿਤ ਹੋ ਕੇ ਬਣੇ ਹੋਏ ਸਿਸਟਮਾਂ ਨੂੰ ਉੱਤਰ-ਆਧੁਨਿਕ ਚਿੰਤਕ ਇਕ ਸਰਾਪ ਵਜੋਂ ਸਮਝਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਆਧੁਨਿਕ ਕਾਲ ਵਿਚ ਅਕਾਦਮਿਕਤਾ ਵਿਚ ਮਹਾ-ਬਿਰਤਾਂਤਾਂ ਨੇ ਅਲਪ ਬਿਰਤਾਂਤਾਂ ਨੂੰ ਸਾਹਮਣੇ ਨਹੀਂ ਆਉਣ ਦਿੱਤਾ। ਇਸ ਦੇ ਸਿੱਟੇ ਵਜੋਂ ਰਾਜਨੀਤੀ, ਧਰਮ ਅਤੇ ਦਰਸ਼ਨ ਵਿਚ ਇੱਕੋ ਬਿਰਤਾਂਤ ਦੀ ਅਰਾਜਕਤਾ ਦਾ ਬੋਲਬਾਲਾ ਰਿਹਾ। ਉੱਤਰ-ਆਧੁਨਿਕ ਸਮੇਂ ਵਿਚ ਆਧੁਨਿਕ ਕਾਲ ਦੀਆਂ ਉਪਰੋਕਤ ਖ਼ਾਮੀਆਂ ਨੂੰ ਕਿਸ ਤਰ੍ਹਾਂ ਚਿੰਤਨ ਦਾ ਹਿੱਸਾ ਬਣਾਇਆ ਜਾਵੇ, ਸਮਕਾਲੀ ਚਿੰਤਨ ਵਿਚ ਇਹ ਚਰਚਾ ਦਾ ਸਵਾਲ ਬਣਿਆ ਹੋਇਆ ਹੈ। ਬਹੁਤ ਸਾਰੇ ਚਿੰਤਕ ਆਧੁਨਿਕਤਾ ਨੂੰ ਨਕਾਰਾਤਮਕ ਨਜ਼ਰੀਏ ਤੋਂ ਆਪਣੇ ਪਰਿਪੇਖ ਦਾ ਹਿੱਸਾ ਬਣਾਉਂਦੇ ਹੋਏ ਉੱਤਰ ਆਧੁਨਿਕ ਸਿਸਟਮ ਲਿਆਉਣ ਦੀ ਮੰਗ ਕਰਦੇ ਹਨ। ਇਹ ਸਿਸਟਮ ਆਧੁਨਿਕ ਕਾਲ ਵਿਚ ਹੋਏ ਅਕਾਦਮਿਕ ਕਾਰਜਾਂ ਨੂੰ ਪੂਰਨ ਤੌਰ ’ਤੇ ਸਵੀਕਿ੍ਤ ਨਹੀਂ ਕਰਦੇ। ਇਸ ਤਰ੍ਹਾਂ ਕਰਨ ਨਾਲ ਉੱਤਰ-ਆਧੁਨਿਕਤਾ ਦਾ ਸਮਾਂ ਸਾਨੂੰ ਆਧੁਨਿਕ ਸਮੇਂ ਤੋਂ ਵੱਖਰਾ ਨਜ਼ਰ ਆਉਂਦਾ ਹੈ ਭਾਵ ਇਕ ਕਾਲ ਦਾ ਅੰਤ ਅਤੇ ਦੂਸਰੇ ਦਾ ਆਗਾਜ਼ ਹੋਣਾ ਨਿਸ਼ਚਿਤ ਲੱਗਦਾ ਹੈ। ਉੱਤਰ-ਆਧੁਨਿਕਤਾ ਦਾ ਦੂਸਰਾ ਦਾਅਵਾ ਅਰਥ ਦੇ ਬਹੁ-ਅਰਥੀ ਪਸਾਰ ਨੂੰ ਵਿਆਖਿਆ ਦਾ ਹਿੱਸਾ ਬਣਾਉਣਾ ਹੈ। ਇਸ ਤਰ੍ਹਾਂ ਕਿਸੇ ਵੀ ਸੰਕਲਪ ਦਾ ਨਿਸ਼ਚਿਤ ਅਰਥ ਕਰਨਾ ਸੰਭਵ ਨਹੀਂ ਰਹਿ ਜਾਂਦਾ। ਇਸ ਸਾਰੀ ਪ੍ਰਕਿਰਿਆ ਵਿਚ ਆਧੁਨਿਕਤਾ ਦਾ ਉੱਤਰ ਆਧੁਨਿਕਤਾ ਨਾਲ ਸੰਵਾਦ ਇਕ ਗੰਭੀਰ ਸਮੱਸਿਆ ਬਣ ਜਾਂਦਾ ਹੈ। ਇਹੀ ਨਹੀਂ, ਬਹੁਤ ਸਾਰੇ ਚਿੰਤਕ ਹਰ ਚਿੰਤਨ ਵਿਧਾ ਦਾ ਉੱਤਰ ਰੂਪ (ਪੋਸਟ ਡੋਰਮ) ਤਲਾਸ਼ ਕਰ ਰਹੇ ਹਨ। ਇਸ ਤਣਾਅ ਦਾ ਮੁੱਖ ਕਾਰਨ ਇਕਹਿਰੀ ਸੰਵਾਦ ਪ੍ਰਣਾਲੀ ਹੈ ਜਿਸ ਵਿਚ ਇਕ ਚਿੰਤਕ ਦੂਸਰੇ ਨਾਲ ਕੁਸ਼ਲ ਰੂਪ ਵਿਚ ਅੰਤਰ ਸੰਵਾਦ ਨਹੀਂ ਕਰ ਪਾਉਂਦਾ। ਇਕਹਿਰੇ ਸੰਵਾਦ ਮੁੱਖ ਰੂਪ ਵਿਚ ਉਦੇਸ਼ ਨਿਰਧਾਰਤ ਹੁੰਦੇ ਹਨ ਜੋ ਵਿਅਕਤੀ ਵਿਸ਼ੇਸ਼ ਤਕ ਹੀ ਸੀਮਤ ਰਹਿੰਦੇ ਹਨ। ਸੋ, ਅੱਜ ਦੇ ਸਮੇਂ ਵਿਚ ਅਜਿਹੀ ਤਾਰਕਿਕਤਾ ਦੀ ਜ਼ਰੂਰਤ ਹੈ ਜਿਸ ਰਾਹੀਂ ਉੱਤਰ-ਆਧੁਨਿਕ ਚਿੰਤਕ ਆਧੁਨਿਕਤਾ ਦੀ ਆਲੋਚਨਾ ਅਜਿਹੀ ਵਿਧੀ ਨਾਲ ਕਰ ਸਕਣ ਜਿਸ ਵਿਚ ਆਧੁਨਿਕਤਾ ਦੁਆਰਾ ਦਿੱਤੇ ਗਏ ਮੁੱਲਵਾਨ ਯੋਗਦਾਨ ਨੂੰ ਉੱਤਰ-ਆਧੁਨਿਕ ਚਿੰਤਕ ਆਪਣੇ ਸਮੇਂ ਦਾ ਹਿੱਸਾ ਵੀ ਬਣਾ ਸਕਣ ਤਾਂ ਕਿ ਪਿਛਲੀਆਂ ਖ਼ਾਮੀਆਂ ਦਾ ਸੁਚਾਰੂ ਢੰਗ ਨਾਲ ਹੱਲ ਕੀਤਾ ਜਾ ਸਕੇ। ਨਾਦ ਪ੍ਰਗਾਸੁ ਸੰਸਥਾ, ‘ਸ਼ਬਦ’ ਨੂੰ ਆਧਾਰ ਬਣਾ ਕੇ ਅਕਾਦਮਿਕ ਖੇਤਰ ਵਿਚ ਗਿਆਨ, ਸਾਹਿਤ ਅਤੇ ਕਲਾ ਦੇ ਖੇਤਰਾਂ ਵਿਚ ਬ੍ਰਹਿਮੰਡੀ ਦਿਸ਼ਾਵਾਂ ਦੀ ਇਕਸੁਰਤਾ ਨੂੰ ਜਾਗਿ੍ਤ ਕਰਦੇ ਨਵੇਂ ਗਿਆਨ-ਸ਼ਾਸਤਰੀ ਪਸਾਰਾਂ ਨੂੰ ਉਜਾਗਰ ਕਰਨ ਹਿਤ ਯਤਨਸ਼ੀਲ ਹੈ। ‘ਸ਼ਬਦ’ ਦਾ ਬ੍ਰਹਿਮੰਡੀ ਪਾਰਦਰਸ਼ੀ ਪਰਾਭੌਤਿਕਤਾ ਦਾ ਨੇਮ ਕਾਇਨਾਤ ਦੀਆਂ ਬਹੁ-ਦਿਸ਼ਾਵੀ ਵਿਭਿੰਨਤਾਵਾਂ ਦੇ ਸੰਤੁਲਨ ਰਾਹੀਂ ਮਰਿਆਦਾ ਦੀ ਮੌਲਦੀ ਨਿਸ਼ਚਿਤਤਾ ਸਿਰਜਦਾ ਹੈ। ਸੁਰਤਿ ਦੇ ਬ੍ਰਹਿਮੰਡੀ ਫੈਲਾਅ ਵਿੱਚੋਂ ਪ੍ਰਗਟ ਹੁੰਦੇ ਗਿਆਨ-ਸ਼ਾਸਤਰੀ ਪਸਾਰਾਂ ਦੀ ਪਛਾਣ ਅਤੇ ਉਸ ਨੂੰ ਗਿਆਨਾਤਮਕ ਵਿਹਾਰਕਤਾ ਵਿਚ ਢਾਲਣ ਲਈ ਸੰਸਥਾ ਵੱਲੋਂ ਨਿਭਾਇਆ ਜਾ ਰਿਹਾ ਕਾਰਜ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦਾ ਹੈ। ਇਸੇ ਯਤਨ ਵਿੱਚੋਂ ਅੰਮ੍ਰਿਤਸਰ ਦੀ ਧਰਤੀ ’ਤੇ ਨਾਦ ਪ੍ਰਗਾਸੁ ਸੰਸਥਾ ਵੱਲੋਂ ਬਸੰਤ ਰੁੱਤ ਆਗਮਨ ਦੌਰਾਨ ਅੰਮ੍ਰਿਤਸਰ ਸਾਹਿਤ ਉਤਸਵ ਕਰਵਾਏ ਜਾਣਾ ਕੁਦਰਤੀ ਖੇੜੇ ਅਤੇ ਸੁਰਤਿ ਦੇ ਮੌਲਣ ਦੇ ਪ੍ਰਤੀਕਮਈ ਛਿਣਾਂ ਨੂੰ ਵਿਹਾਰਕਤਾ ਵਿਚ ਢਾਲਣ ਦਾ ਕਰਮ ਹੈ।
ਜਸਵਿੰਦਰ ਸਿੰਘ
ਅੰਮ੍ਰਿਤਸਰ।
ਮੋਬਾਈਲ : 89685-71995