ਕਿਸੇ ਦੇਸ਼ ’ਚ ਜੇ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੈ ਤਾਂ ਉੱਥੇ ਆਰਥਿਕ ਵਿਕਾਸ ਵੀ ਵਧੇਰੇ ਹੋਣ ਦੀਆਂ ਸੰਭਾਵਨਾਵਾਂ ਰਹਿੰਦੀਆਂ ਹਨ। ਜੇ ਸਮੂਹ ਨਾਗਰਿਕ ਪੜ੍ਹੇ-ਲਿਖੇ ਅਤੇ ਤੰਦਰੁਸਤ ਹਨ ਤਾਂ ਉਹ ਜੀਅ-ਜਾਨ ਲਾ ਕੇ ਦੇਸ਼ ਦੀ ਤਰੱਕੀ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਮੌਜੂਦਾ ਪੰਜਾਬ ਸਰਕਾਰ ਨੇ ਜਿੱਥੇ ਕੁਝ ਦਿਨ ਪਹਿਲਾਂ ਹੀ 23 ਜ਼ਿਲ੍ਹਿਆਂ ’ਚ 117 ‘ਸਕੂਲਜ਼ ਆਫ ਐਮੀਨੈਂਸ’ ਕਾਇਮ ਕਰਨ ਦੀ ਗੱਲ ਕੀਤੀ ਸੀ ਤਾਂ ਉਸ ਦੇ ਸਮਵਿੱਥ 500 ਆਮ ਆਦਮੀ ਕਲੀਨਿਕ ਵੀ ਸਥਾਪਤ ਕਰ ਦਿੱਤੇ ਗਏ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੜੇ ਸਪਸ਼ਟ ਸ਼ਬਦਾਂ ’ਚ ਐਲਾਨ ਕੀਤਾ ਹੈ ਕਿ ਇਨ੍ਹਾਂ ਕਲੀਨਿਕਾਂ ਦਾ ਕੋਈ ਵੀ ਡਾਕਟਰ ਕਿਸੇ ਮਰੀਜ਼ ਨੂੰ ਬਾਹਰੋਂ ਕੋਈ ਟੈਸਟ ਕਰਵਾਉਣ ਲਈ ਨਹੀਂ ਆਖੇਗਾ। ਆਮ ਲੋਕਾਂ ਨੂੰ ਸਿਹਤ-ਸਹੂਲਤਾਂ ਉਨ੍ਹਾਂ ਦੇ ਆਪਣੇ ਦਰਾਂ ’ਤੇ ਹੀ ਉਪਲਬਧ ਹੋਣਗੀਆਂ। ਯਕੀਨਨ ਇਨ੍ਹਾਂ ਨਵੀਆਂ ਸਿਹਤ ਇਕਾਈਆਂ ਨਾਲ ਪੰਜਾਬ ਦੇ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੂੰ ਘਬਰਾ ਕੇ ਥੋੜ੍ਹੀ ਜਿੰਨੀ ਗੱਲ ’ਤੇ ਹੀ ਪੀਜੀਆਈ ਜਾਣ ਦੀ ਲੋੜ ਨਹੀਂ ਭਾਸੇਗੀ। ਸਰਕਾਰੀ ਹਸਪਤਾਲਾਂ ਬਾਰੇ ਹੁਣ ਤਕ ਇਹੋ ਪ੍ਰਚਲਿਤ ਰਿਹਾ ਹੈ ਕਿ ਉੱਥੋਂ ਤੁਸੀਂ ਰੂੰ ਦਾ ਇਕ ਫੰਭਾ ਵੀ ਨਹੀਂ ਲੈ ਸਕਦੇ ਪਰ ਹੁਣ ਸਰਕਾਰ ਅਤਿ-ਆਧੁਨਿਕ ਸਿਹਤ ਸੁਵਿਧਾਵਾਂ ਲੈ ਕੇ ਲੋਕਾਂ ਤਕ ਪੁੱਜੀ ਹੈ। ਕੁਝ ਸਮਾਂ ਪਹਿਲਾਂ ਤਕ ਪੰਜਾਬ ਦੇ ਨੌਜਵਾਨਾਂ ਬਾਰੇ ਇਹੋ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਉਹ ਨਸ਼ਿਆਂ ਦੀ ਜਿੱਲ੍ਹਣ ’ਚ ਫਸ ਕੇ ਰਹਿ ਗਏ ਹਨ, ਉਸ ਹਾਲਤ ’ਚ ਯਕੀਨੀ ਤੌਰ ’ਤੇ ਡਾਢਾ ਸੁਧਾਰ ਹੋਵੇਗਾ। ਉਨ੍ਹਾਂ ਨੌਜਵਾਨਾਂ ’ਚ ਵੀ ਆਪਣੇ ਮੁਹੱਲੇ ਦੇ ਕਲੀਨਿਕ ’ਚ ਮੌਜੂਦ ਕੁਆਲੀਫਾਈਡ ਡਾਕਟਰ ਕੋਲ ਜਾ ਕੇ ਆਪਣੇ ਦੁੱਖੜੇ ਫਰੋਲਣ ਦੀ ਇੱਛਾ ਜਾਗੇਗੀ। ਇੰਜ ਉੱਥੋਂ ਸਹੀ ਮਾਹਿਰਾਨਾ ਮੈਡੀਕਲ ਸਲਾਹ ਲੈ ਕੇ ਉਹ ਵੀ ਆਪਣੀ ਜ਼ਿੰਦਗੀ ਸੁਆਰ ਸਕਣਗੇ। ਹੁਣ ਤਕ ਚਾਲੂ ਕੀਤੇ ਗਏ 80 ਫ਼ੀਸਦੀ ਕਲੀਨਿਕ ਦਿਹਾਤੀ ਇਲਾਕਿਆਂ ’ਚ ਕਾਇਮ ਕੀਤੇ ਗਏ ਹਨ। ਪਿੰਡਾਂ ਦੇ ਵਾਸੀਆਂ ਨੂੰ ਹੁਣ ਥੋੜ੍ਹੀ-ਬਹੁਤ ਬਿਮਾਰੀ ਲਈ ਸ਼ਹਿਰ ਵੱਲ ਆਉਣ ਦੀ ਲੋੜ ਨਹੀਂ ਪਵੇਗੀ। ਪਿੰਡਾਂ ਦੀਆਂ ਜਿਹੜੀਆਂ ਡਿਸਪੈਂਸਰੀਆਂ ’ਚ ਮੱਕੜੀ ਦੇ ਜਾਲ਼ੇ ਲੱਗੇ ਹੁੰਦੇ ਸਨ ਤੇ ਉੱਥੇ ਪਸ਼ੂਆਂ ਦਾ ਵਾਸਾ ਹੋਣ ਲੱਗ ਪਿਆ ਸੀ, ਉਨ੍ਹਾਂ ਦੀ ਦਸ਼ਾ ’ਚ ਹੁਣ ਜ਼ਮੀਨ-ਅਸਮਾਨ ਦਾ ਫ਼ਰਕ ਪੈ ਗਿਆ ਹੈ। ਸਰਕਾਰ ਨੂੰ ਉਨ੍ਹਾਂ ਡਿਸਪੈਂਸਰੀਆਂ ਦੇ ਨਾਵਾਂ ਦਾ ਖ਼ਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਜਿਹੜੇ ਕਿਸੇ ਸ਼ਹੀਦ, ਧਾਰਮਿਕ ਜਾਂ ਕਿਸੇ ਹੋਰ ਸ਼ਖ਼ਸੀਅਤ ਦੇ ਨਾਂ ’ਤੇ ਚੱਲ ਰਹੀਆਂ ਹਨ। ਉਹ ਨਾਂ ਜੇ ਕਿਸੇ ਨਾ ਕਿਸੇ ਤਰ੍ਹਾਂ ਨਵੇਂ ‘ਆਮ ਆਦਮੀ ਕਲੀਨਿਕਾਂ’ ਨਾਲ ਜੋੜ ਕੇ ਚਲਾਏ ਜਾਣ ਤਾਂ ਇਸ ਮੁੱਦੇ ਨੂੰ ਲੈ ਕੇ ਬਿਨਾਂ ਮਤਲਬ ਦੇ ਉੱਠਣ ਵਾਲਾ ਆਮ ਜਨਤਕ ਰੋਹ ਤੇ ਰੋਸ ਆਪੇ ਖ਼ਤਮ ਹੋ ਜਾਵੇਗਾ। ਨਵੇਂ ਐਂਬੂਲੈਂਸ ਸਿਸਟਮ ਨਾਲ ਹਾਦਸਿਆਂ ਦੇ ਪੀੜਤਾਂ ਤੇ ਹੋਰ ਲੋੜਵੰਦ ਮਰੀਜ਼ਾਂ ਨੂੰ ਕਾਫ਼ੀ ਲਾਭ ਪੁੱਜਣ ਵਾਲਾ ਹੈ। ‘ਫ਼ਰਿਸ਼ਤੇ’ ਸਕੀਮ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਸੜਕਾਂ ’ਤੇ ਫੱਟੜ ਪਏ ਲੋਕਾਂ ਨੂੰ ਹਸਪਤਾਲਾਂ ਤਕ ਪਹੁੰਚਾਉਣ ਤੋਂ ਆਮ ਆਦਮੀ ਝਿਜਕੇ ਨਾ। ਇਸ ਤੋਂ ਇਲਾਵਾ ਹੁਣ ਮੁਹਾਲੀ ’ਚ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸੈਂਟਰ ਵੀ ਸਥਾਪਤ ਕੀਤਾ ਜਾ ਰਿਹਾ ਹੈ। ਇਹ ਪੱਕਾ ਹੈ ਕਿ ਇਸ ਸਮੁੱਚੇ ਬੁਨਿਆਦੀ ਸਿਹਤ ਢਾਂਚੇ ਦਾ ਲਾਹਾ ਆਮ ਲੋਕਾਂ ਨੂੰ ਮਿਲਣਾ ਹੈ। ਜਦੋਂ ਸਮੁੱਚਾ ਵਿਸ਼ਵ ਇਕ ਨਵੀਂ ਆਰਥਿਕ ਮੰਦਹਾਲੀ ਦੀ ਲਪੇਟ ’ਚ ਆਉਂਦਾ ਜਾ ਰਿਹਾ ਹੈ, ਅਜਿਹੇ ਵੇਲੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਹੀ ਸਮਝਦਾਰੀ ਹੈ।