ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 16ਵੇਂ ਸੈਸ਼ਨ ਦੀ ਸ਼ੁਰੂਆਤ ਵਿਚ ਹੁਣ ਇਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। 31 ਮਾਰਚ ਨੂੰ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਪਿਛਲੇ ਸੈਸ਼ਨ ਦੀ ਜੇਤੂ ਗੁਜਰਾਤ ਟਾਈਟਨਜ਼ ਵਿਚਾਲੇ ਪਹਿਲਾ ਮੈਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਇਸ ਵਾਰ ਆਈਪੀਐੱਲ ਵਿਚ ਕੁਝ ਨਵੇਂ ਨਿਯਮ ਜੋੜੇ ਹਨ ਜਿਸ ਨਾਲ ਇਹ ਟੂਰਨਾਮੈਂਟ ਇਸ ਵਾਰ ਵੱਧ ਰੋਮਾਂਚਕ ਹੋਵੇਗਾ।
‘ਇੰਪੈਕਟ ਪਲੇਅਰ’ ਬਦਲੇਗਾ ਮੈਚ ਦਾ ਰੁਖ :
ਆਈਪੀਐੱਲ ਵਿਚ ਇਸ ਵਾਰ ਇੰਪੈਕਟ ਪਲੇਅਰ ਨਿਯਮ ਜੋੜਿਆ ਗਿਆ ਹੈ ਜੋ ਮੈਚ ਨੂੰ ਬਹੁਤ ਰੋਮਾਂਚਕ ਬਣਾਏਗਾ। ਟਾਸ ਦੇ ਸਮੇਂ ਕਪਤਾਨ ਨੂੰ ਆਖ਼ਰੀ ਇਲੈਵਨ ਦੇ ਨਾਲ ਹੀ ਪੰਜ ਬਦਲਵੇਂ ਖਿਡਾਰੀਆਂ ਦੇ ਨਾਂ ਵੀ ਦੇਣੇ ਪੈਣਗੇ। ਪਾਰੀ ਦਾ 14ਵਾਂ ਓਵਰ ਸ਼ੁਰੂ ਹੋਣ ਤੋਂ ਪਹਿਲਾਂ ਕਪਤਾਨ ਇਨ੍ਹਾਂ ਪੰਜ ਖਿਡਾਰੀਆਂ ਵਿਚੋਂ ਕਿਸੇ ਇਕ ਨੂੰ ਇੰਪੈਕਟ ਪਲੇਅਰ ਵਜੋਂ ਮੈਦਾਨ ’ਤੇ ਉਤਾਰ ਸਕਦਾ ਹੈ। ਇੰਪੈਕਟ ਪਲੇਅਰ ਆਖ਼ਰੀ ਇਲੈਵਨ ਵਿਚ ਸ਼ਾਮਲ ਕਿਸੇ ਖਿਡਾਰੀ ਦੀ ਥਾਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰ ਸਕੇਗਾ। ਓਵਰ ਖ਼ਤਮ ਹੋਣ, ਵਿਕਟ ਡਿੱਗਣ ਜਾਂ ਕਿਸੇ ਖਿਡਾਰੀ ਦੇ ਜ਼ਖ਼ਮੀ ਹੋਣ ’ਤੇ ਇੰਪੈਕਟ ਪਲੇਅਰ ਨੂੰ ਉਤਾਰਿਆ ਜਾ ਸਕੇਗਾ। ਹਾਲਾਂਕਿ ਜੇ ਬਾਰਿਸ਼ ਜਾਂ ਕਿਸੇ ਹੋਰ ਕਾਰਨ ਮੈਚ ਨੂੰ ਦਸ ਜਾਂ ਉਸ ਤੋਂ ਘੱਟ ਓਵਰ ਦਾ ਕੀਤਾ ਜਾਂਦਾ ਹੈ ਤਾਂ ਇਹ ਨਿਯਮ ਲਾਗੂ ਨਹੀਂ ਹੋਵੇਗਾ।
ਟਾਸ ਤੋਂ ਬਾਅਦ ਕਪਤਾਨ ਬਦਲ ਸਕਣਗੇ ਟੀਮ :
ਹੁਣ ਟਾਸ ਤੋਂ ਬਾਅਦ ਵੀ ਕਪਤਾਨ ਆਪਣੀ ਆਖ਼ਰੀ ਇਲੈਵਨ ਵਿਚ ਤਬਦੀਲੀ ਕਰ ਸਕਣਗੇ। ਪਹਿਲਾਂ ਟਾਸ ਸਮੇਂ ਟੀਮ ਸ਼ੀਟ ਮੈਚ ਰੈਫਰੀ ਨੂੰ ਦਿੱਤੀ ਜਾਂਦੀ ਸੀ ਜਿਸ ਤੋਂ ਬਾਅਦ ਆਖ਼ਰੀ ਇਲੈਵਨ ਵਿਚ ਤਬਦੀਲੀ ਨਹੀਂ ਹੋ ਸਕਦੀ ਸੀ। ਜੇ ਕਪਤਾਨ ਨੂੰ ਟਾਸ ਤੋਂ ਬਾਅਦ ਇਹ ਲਗਦਾ ਹੈ ਤਾਂ ਹਾਲਾਤ ਮੁਤਾਬਕ ਉਹ ਟੀਮ ਵਿਚ ਤਬਦੀਲੀ ਕਰ ਸਕਦਾ ਹੈ। ਇਸ ਲਈ ਕਪਤਾਨ ਨੂੰ ਆਖ਼ਰੀ ਇਲੈਵਨ ਦੀ ਸੂਚੀ ਵਿਚ ਪੰਜ ਬਦਲਵੇਂ ਖਿਡਾਰੀਆਂ ਦੇ ਨਾਂ ਦੇਣੇ ਪੈਣਗੇ। ਦੱਖਣੀ ਅਫਰੀਕਾ (ਐੱਸਏ) ਟੀ-20 ਲੀਗ ਤੋਂ ਬਾਅਦ ਆਈਪੀਐੱਲ ਦੂਜੀ ਕ੍ਰਿਕਟ ਲੀਗ ਹੈ ਜਿਸ ਨੇ ਇਹ ਨਿਯਮ ਅਪਣਾਇਆ ਹੈ। ਐੱਸਏ ਟੀ-20 ਲੀਗ ਵਿਚ ਟਾਸ ਦੇ ਸਮੇਂ 13 ਖਿਡਾਰੀਆਂ ਦੀ ਸੂਚੀ ਮੈਚ ਰੈਫਰੀ ਨੂੰ ਸੌਂਪੀ ਜਾਂਦੀ ਹੈ।
ਵਾਈਡ ਤੇ ਨੋ ਬਾਲ ਲਈ ਲੈ ਸਕਣਗੇ ਡੀਆਰਐੱਸ :
ਪਿਛਲੇ ਸੈਸ਼ਨਾਂ ਵਿਚ ਕਈ ਅਜਿਹੇ ਮੁਕਾਬਲੇ ਹੋਏ ਹਨ ਜਿਨ੍ਹਾਂ ਵਿਚ ਨੋ ਬਾਲ ਜਾਂ ਵਾਈਡ ਦੇ ਕਾਰਨ ਕਈ ਟੀਮਾਂ ਨੂੰ ਜਿੱਤਿਆ ਹੋਇਆ ਮੈਚ ਵੀ ਗੁਆਉਣਾ ਪਿਆ। ਅੰਪਾਇਰਾਂ ਤੋਂ ਹੋਈ ਗ਼ਲਤੀ ਨੂੰ ਲੈ ਕੇ ਕਾਫੀ ਵਿਵਾਦ ਵੀ ਹੋ ਚੁੱਕਾ ਹੈ। ਹੁਣ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) ਵਾਂਗ ਹੀ ਆਈਪੀਐੱਲ ਵਿਚ ਵੀ ਵਾਈਡ ਤੇ ਨੋ ਬਾਲ ਲਈ ਡੀਆਰਐੱਸ ਲਿਆ ਜਾ ਸਕੇਗਾ। ਹੁਣ ਤਕ ਸਿਰਫ਼ ਖਿਡਾਰੀ ਦੇ ਆਊਟ ਜਾਂ ਨਾਟਆਊਟ ਹੋਣ ਦੀ ਸੂਰਤ ਵਿਚ ਹੀ ਟੀਮਾਂ ਡੀਆਰਐੱਸ ਦਾ ਇਸਤੇਮਾਲ ਕਰ ਸਕਦੀਆਂ ਸਨ।
ਵਿਕਟਕੀਪਰ ਜਾਂ ਫੀਲਡਿੰਗ ਦੀ ਗ਼ਲਤੀ ਪਵੇਗੀ ਭਾਰੀ :
ਇਸ ਸੈਸ਼ਨ ਵਿਚ ਕਿਸੇ ਮੁਕਾਬਲੇ ਦੌਰਾਨ ਜੇ ਕਿਸੇ ਵੀ ਟੀਮ ਦਾ ਵਿਕਟਕੀਪਰ ਜਾਂ ਫੀਲਡਰ ਬੱਲੇਬਾਜ਼ ਦੇ ਗੇਂਦ ਖੇਡਣ ਤੋਂ ਪਹਿਲਾਂ ਆਪਣੀ ਪੋਜ਼ੀਸ਼ਨ (ਖੜ੍ਹੇ ਹੋਣ ਦੀ ਸਥਿਤੀ) ਵਿਚ ਤਬਦੀਲੀ ਕਰਦਾ ਹੈ ਤਾਂ ਅੰਪਾਇਰ ਇਸ ਗੇਂਦ ਨੂੰ ਡੈੱਡ ਐਲਾਨ ਦੇਵੇਗਾ ਤੇ ਬੱਲੇਬਾਜ਼ੀ ਕਰ ਰਹੀ ਟੀਮ ਦੇ ਖਾਤੇ ਵਿਚ ਪੰਜ ਪੈਨਲਟੀ ਦੌੜਾਂ ਜੋੜ ਦਿੱਤੀਆਂ ਜਾਣਗੀਆਂ।
ਹੌਲੀ ਰਫ਼ਤਾਰ ਦੇ ਓਵਰ ਦੀ ਸਜ਼ਾ :
ਇਸ ਵਾਰ ਹੌਲੀ ਰਫ਼ਤਾਰ ਨਾਲ ਓਵਰ ਕਰਵਾਉਣ ਨਾਲ ਜੁੜਿਆ ਨਿਯਮ ਵੀ ਲਿਆਂਦਾ ਗਿਆ ਹੈ। ਜੇ ਕਿਸੇ ਵੀ ਮੈਚ ਦੌਰਾਨ ਕੋਈ ਟੀਮ ਤੈਅ ਸਮੇਂ ਵਿਚ ਆਪਣਾ ਓਵਰ ਨਹੀਂ ਸੁੱਟਦੀ ਹੈ ਤਾਂ ਹਰ ਓਵਰ ਦੌਰਾਨ ਉਸ ਟੀਮ ਨੂੰ 30 ਗਜ਼ ਦੇ ਘੇਰੇ ਤੋਂ ਬਾਹਰ ਸਿਰਫ਼ ਚਾਰ ਫੀਲਡਰ ਰੱਖਣ ਦੀ ਇਜਾਜ਼ਤ ਮਿਲੇਗੀ।