ਕਾਨਪੁਰ (ਜੇਐੱਨਐੱਨ) : ਟੈਸਟ ਵਿਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਵਿਚਾਲੇ ਉਨ੍ਹਾਂ ਦਾ ਕਰੀਅਰ ਖ਼ਤਮ ਹੋ ਜਾਵੇਗਾ। 35 ਸਾਲਾ ਅਸ਼ਵਿਨ ਨੇ ਆਪਣੇ 80ਵੇਂ ਟੈਸਟ ਵਿਚ 419ਵੀਂ ਵਿਕਟ ਲੈ ਕੇ ਹਰਭਜਨ ਸਿੰਘ (103 ਟੈਸਟ ਮੈਚਾਂ ਵਿਚ 417 ਵਿਕਟਾਂ) ਨੂੰ ਪਛਾੜ ਦਿੱਤਾ। ਸ਼੍ਰੇਅਸ ਅਈਅਰ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਕੋਰੋਨਾ ਮਹਾਮਾਰੀ ਤੇ ਲਾਕਡਾਊਨ ਵਿਚਾਲੇ ਮੇਰੇ ਜੀਵਨ ਤੇ ਕਰੀਅਰ ਵਿਚ ਜੋ ਕੁਝ ਹੋ ਰਿਹਾ ਸੀ ਮੈਨੂੰ ਪਤਾ ਨਹੀਂ ਸੀ ਕਿ ਟੈਸਟ ਮੁੜ ਖੇਡਾਂਗਾ ਜਾਂ ਨਹੀਂ।
ਮੈਂ ਕ੍ਰਾਈਸਟਚਰਚ ਵਿਚ 29 ਫਰਵਰੀ 2020 ਤੋਂ ਸ਼ੁਰੂ ਹੋਇਆ ਆਖ਼ਰੀ ਟੈਸਟ ਨਹੀਂ ਖੇਡਿਆ ਸੀ। ਮੈਂ ਦੋਰਾਹੇ 'ਤੇ ਸੀ ਕਿ ਦੁਬਾਰਾ ਟੈਸਟ ਖੇਡ ਸਕਾਂਗਾ ਜਾਂ ਨਹੀਂ। ਮੇਰਾ ਭਵਿੱਖ ਕੀ ਹੈ। ਕੀ ਮੈਨੂੰ ਟੈਸਟ ਟੀਮ ਵਿਚ ਥਾਂ ਮਿਲੇਗੀ ਜਾਂ ਨਹੀਂ ਕਿਉਂਕਿ ਮੈਂ ਸਿਰਫ਼ ਉਹੀ ਫਾਰਮੈਟ ਖੇਡ ਰਿਹਾ ਸੀ ਪਰ ਹੁਣ ਹਾਲਾਤ ਬਿਲਕੁਲ ਬਦਲ ਗਏ ਹਨ। ਮੈਂ ਦਿੱਲੀ ਕੈਪੀਟਲਜ਼ ਟੀਮ ਵਿਚ ਆਇਆ ਤੇ ਤਦ ਤੁਸੀਂ (ਸ਼੍ਰੇਅਸ) ਕਪਤਾਨ ਸਨ ਤਦ ਤੋਂ ਹਾਲਾਤ ਬਦਲਣ ਲੱਗੇ। ਅਸ਼ਵਿਨ ਦਾ ਪੂਰਾ ਪਰਿਵਾਰ ਮਈ ਵਿਚ ਕੋਰੋਨਾ ਦੀ ਲਪੇਟ ਵਿਚ ਆ ਗਿਆ ਸੀ। ਉਨ੍ਹਾਂ ਨੂੰ ਇਸ ਕਾਰਨ ਆਈਪੀਐੱਲ ਛੱਡਣਾ ਪਿਆ। ਉਨ੍ਹਾਂ ਨੇ ਕਿਹਾ ਕਿ ਹਰਭਜਨ ਨੇ ਉਨ੍ਹਾਂ ਨੂੰ ਆਫ ਸਪਿੰਨ ਗੇਂਦਬਾਜ਼ੀ ਲਈ ਪ੍ਰਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਖ਼ਿਲਾਫ਼ 2001 ਵਿਚ ਹਰਭਜਨ ਦੇ ਪ੍ਰਦਰਸ਼ਨ ਨੂੰ ਦੇਖ ਕੇ ਹੀ ਉਹ ਆਫ ਸਪਿੰਨਰ ਬਣਨ ਵੱਲ ਪ੍ਰਰੇਰਿਤ ਹੋਏ ਸਨ।