ਜੋਹਾਨਿਸਬਰਗ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਖੇਡ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਪਿੱਠ ਦੇ ਉਪਰੀ ਹਿੱਸੇ ’ਚ ਦਰਦ ਕਾਰਨ ਦੂਸਰੇ ਟੈਸਟ ਤੋਂ ਬਾਹਰ ਹੋ ਗਏ। ਅਜਿਹੇ ’ਚ ਉਪ ਕਪਤਾਨ ਕੇਐੱਲ ਰਾਹੁਲ ਨੇ ਟੀਮ ਦੀ ਕਮਾਨ ਸੰਭਾਲੀ। ਉਥੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਦੂਸਰੇ ਟੈਸਟ ਮੈਚ ਲਈ ਉਪ ਕਪਤਾਨ ਨਿਯੁਕਤ ਕੀਤਾ ਗਿਆ, ਜਦੋਂਕਿ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਵੀ ਪੇਟ ’ਚ ਤਕਲੀਫ ਕਾਰਨ ਮੈਚ ਤੋਂ ਬਾਹਰ ਹੋ ਗਏ। ਬੱਲੇਬਾਜ਼ੀ ਆਲਰਾਊਂਡਰ ਹਨੁਮਾ ਵਿਹਾਰੀ ਨੂੰ ਦੂਸਰੇ ਟੈਸਟ ’ਚ ਕੋਹਲੀ ਦੀ ਜਗ੍ਹਾ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ। ਟਾਸ ਲਈ ਮੈਦਾਨ ’ਚ ਉਤਰੇ ਰਾਹੁਲ ਨੇ ਕਿਹਾ, ‘ਕੋਹਲੀ ਦੇ ਪਿੱਠ ਦੇ ਉਪਰੀ ਹਿੱਸੇ ’ਚ ਦਰਦ ਹੈ। ਉਹ ਫਿਜਿਓ ਦੀ ਨਿਗਰਾਨੀ ’ਚ ਹਨ ਤੇ ਉਮੀਦ ਹੈ ਅਗਲੇ ਟੈਸਟ ਤਕ ਫਿੱਟ ਹੋ ਜਾਣਗੇ।’
ਕੋਹਲੀ ਬਾਰੇ ਬੀਸੀਸੀਆਈ ਨੇ ਕਿਹਾ, ‘ਟੈਸਟ ਮੈਚ ਦੌਰਾਨ ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ ਦਾ ਧਿਆਨ ਰੱਖੇਗੀ।’ ਬੱਲੇਬਾਜ਼ੀ ’ਚ ਲੈਅ ਹਾਸਲ ਕਰਨ ਲਈ ਜੂਝ ਰਹੇ ਕੋਹਲੀ ਹੁਣ ਕੈਪਟਾਊਨ ’ਚ ਸੀਰੀਜ਼ ਦੇ ਤੀਸਰੇ ਤੇ ਅੰਤਿਮ ਮੈਚ ’ਚ ਆਪਣਾ ਇਤਿਹਾਸਕ 100ਵਾਂ ਟੈਸਟ ਨਹੀਂ ਖੇਡ ਪਾਉਣਗੇ। ਜੇਕਰ ਸਭ ਕੁਝ ਸਹੀ ਰਹਿੰਦਾ ਹੈ ਤਾਂ ਕੋਹਲੀ ਭਾਰਤੀ ਟੀਮ ਦੇ ਪ੍ਰੋਗਰਾਮ ਅਨੁਸਾਰ ਹੁਣ ਆਪਣਾ 100 ਟੈਸਟ ਬੈਂਗਲੁਰੂ ’ਚ ਸ੍ਰੀਲੰਕਾ ਖ਼ਿਲਾਫ਼ ਫਰਵਰੀ ’ਚ ਖੇਡਣਗੇ।
ਬੁਮਰਾਹ ਨੂੰ ਦੱਖਣੀ ਅਫਰੀਕਾ ਖ਼ਿਲਾਫ਼ 19 ਜਨਵਰੀ ਤੋਂ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਲਈ ਵੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਰਾਹੁਲ ਉਸ ਸੀਰੀਜ਼ ’ਚ ਟੀਮ ਇੰਡੀਆ ਦੀ ਅਗਵਾਈ ਕਰਨਗੇ ਕਿਉਂਕਿ ਸੀਮਤ ਓਵਰਾਂ ਦੇ ਫਾਰਮੈਟ ਦੇ ਨਵ-ਨਿਯੁਕਤ ਕਪਤਾਨ ਰੋਹਿਤ ਸ਼ਰਮਾ ਦੇ ਸੱਟ ਲੱਗਣ ਕਾਰਨ ਬਾਹਰ ਹੋ ਗਏ ਹਨ। ਪੇਟ ’ਚ ਤਕਲੀਫ ਕਾਰਨ ਦੂਸਰੇ ਟੈਸਟ ’ਚ ਖੇਡਣ ਤੋਂ ਖੁੰਝਣ ਵਾਲੇ ਅਈਅਰ ਨੇ ਆਪਣੇ ਟੈਸਟ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਿਛਲੇ ਸਾਲ ਦੇ ਅੰਤ ’ਚ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ’ਚ ਸੈਂਕੜਾ ਤੇ ਅਰਧ ਸੈਂਕੜਾ ਬਣਾਇਆ ਸੀ।