ਸੁਨੀਲ ਗਾਵਸਕਰ ਦੀ ਕਲਮ ਤੋਂ : ਨਿਊਜ਼ੀਲੈਂਡ ਖ਼ਿਲਾਫ਼ ਬਾਰਿਸ਼ ਨੇ ਭਾਰਤੀ ਟੀਮ ਨੂੰ ਬਚਾਅ ਲਿਆ। ਜੇ ਅਜਿਹਾ ਨਾ ਹੁੰਦਾ ਤਾਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਟੀਮ ਨੂੰ ਕਰਾਰੀ ਹਾਰ ਮਿਲਦੀ। ਇਸ ਸੀਰੀਜ਼ ਨੇ ਜੋ ਇਕ ਗੱਲ ਦਿਖਾਈ ਉਹ ਇਹ ਕਿ ਜਦ ਵੀ ਪਿੱਚ ਵਿਚ ਮੂਵਮੈਂਟ ਤੇ ਵਾਧੂ ਉਛਾਲ ਹੁੰਦਾ ਹੈ ਤਾਂ ਵਿਰੋਧੀ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਨੂੰ ਚੁਣੌਤੀ ਦਿੰਦੇ ਨਜ਼ਰ ਆਉਂਦੇ ਹਨ। ਠੀਕ ਉਵੇਂ ਹੀ ਜਿਵੇਂ ਕਿ ਪਿਛਲੀ ਪੀੜ੍ਹੀ ਦੇ ਬੱਲੇਬਾਜ਼ਾਂ ਦਾ ਇਨ੍ਹਾਂ ਹਾਲਾਤ ਵਿਚ ਇਮਤਿਹਾਨ ਲਿਆ ਜਾਂਦਾ ਸੀ। ਟੈਸਟ ਕ੍ਰਿਕਟ ਵਿਚ ਤਕਨੀਕ ਦਿਖਾਉਣ ਦੇ ਕਾਫੀ ਜ਼ਿਆਦਾ ਮੌਕੇ ਹੁੰਦੇ ਹਨ ਤੇ ਦੌੜਾਂ ਬਣਾਉਣ ਲਈ ਸਖ਼ਤ ਕੋਸ਼ਿਸ਼ਾਂ ਦੀ ਲੋੜ ਪੈਂਦੀ ਹੈ, ਪਰ ਵਨ ਡੇ ਕ੍ਰਿਕਟ ਵਿਚ ਜਿੱਥੇ ਹਰ ਗੇਂਦ ਅਹਿਮ ਹੁੰਦੀ ਹੈ ਉਥੇ ਦੌੜਾਂ ਬਣਾਉਣ ਯੋਗ ਗੇਂਦਾਂ ਦੀ ਉਡੀਕ ਕਰਨ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਇੱਥੇ ਬੱਲੇਬਾਜ਼ ਲੀਕ ਤੋਂ ਹਟ ਕੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਇਹ ਕੰਮ ਕਰਨਾ ਸਫਲ ਹੁੰਦਾ ਹੈ ਤਾਂ ਦੌੜਾਂ ਬਣਦੀਆਂ ਹਨ ਪਰ ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਸਕੋਰਸ਼ੀਟ ਵਿਚ ਦਿਖਾਉਣ ਲਈ ਵੱਧ ਕੁਝ ਨਹੀਂ ਹੁੰਦਾ। ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਟੀਮ ਦੇ ਕੁਝ ਬਿਹਤਰੀਨ ਬੱਲੇਬਾਜ਼ਾਂ ਨੂੰ ਆਰਾਮ ਦਿੱਤਾ ਗਿਆ ਤੇ ਨੌਜਵਾਨ ਖਿਡਾਰੀ ਇਨ੍ਹਾਂ ਪਿੱਚਾਂ 'ਤੇ ਪੂਰੀ ਤਰ੍ਹਾਂ ਜ਼ਾਹਰ ਹੋ ਗਏ ਹਨ।
ਪਰ ਜੇ ਬੰਗਲਾਦੇਸ਼ ਦੌਰੇ ਲਈ ਸਾਰੇ ਵੱਡੇ ਬੱਲੇਬਾਜ਼ ਟੀਮ ਵਿਚ ਮੁੜ ਆਏ ਹਨ ਤਾਂ ਗੇਂਦਬਾਜ਼ੀ ਵਿਭਾਗ ਵੀ ਮਜ਼ਬੂਤੀ ਦੇ ਨਾਲ ਉਤਰੇਗਾ। ਇਸ ਕਾਰਨ ਇਕ ਵਾਰ ਮੁੜ ਮੈਦਾਨ 'ਤੇ ਤਾਕਤਵਰ ਭਾਰਤੀ ਟੀਮ ਨਜ਼ਰ ਆਏਗੀ। ਹਾਲਾਂਕਿ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਆਪਣੀ ਜ਼ਮੀਨ 'ਤੇ ਬੰਗਲਾਦੇਸ਼ੀ ਟੀਮ ਨੂੰ ਹਰਾਉਣਾ ਬਹੁਤ ਮੁਸ਼ਕਲ ਕੰਮ ਹੈ ਤੇ ਟੀਮ ਇੰਡੀਆ ਨੂੰ ਜਿੱਤ ਦਰਜ ਕਰਨ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਇੱਥੇ ਅਜਿਹੀਆਂ ਪਿੱਚਾਂ ਹੋਣਗੀਆਂ ਜਿਨ੍ਹਾਂ 'ਤੇ ਸਪਿੰਨ ਹੋਵੇਗੀ ਤੇ ਉਛਾਲ ਵੀ ਘੱਟ ਰਹੇਗਾ। ਬੱਲੇਬਾਜ਼ਾਂ ਲਈ ਉੱਪਰ ਸੁੱਟੀ ਗਈ ਗੇਂਦ ਸੁਭਾਵਿਕ ਮੂਵਮੈਂਟ ਹਾਸਲ ਕਰਦੀ ਹੈ ਤੇ ਇਸ ਕਾਰਨ ਜਦ ਗੇਂਦਬਾਜ਼ਾਂ ਦੀ ਮਦਦਗਾਰ ਪਿੱਚ 'ਤੇ ਇਸੇ ਹਿੱਸੇ ਤੋਂ ਵਾਧੂ ਉਛਾਲ ਵੀ ਮਿਲਦਾ ਹੈ ਤਾਂ ਬੱਲੇਬਾਜ਼ਾਂ ਦੇ ਸਾਹਮਣੇ ਪਰੇਸ਼ਾਨੀ ਪੇਸ਼ ਆਉਂਦੀ ਹੈ। ਖ਼ਾਸ ਕਰ ਕੇ ਉਨ੍ਹਾਂ ਬੱਲੇਬਾਜ਼ਾਂ ਲਈ ਜੋ ਕ੍ਰੀਜ਼ ਦੀ ਗਹਿਰਾਈ ਦਾ ਇਸਤੇਮਾਲ ਕਰਦੇ ਹੋਏ ਬੈਕਫੁਟ ਦਾ ਵੱਧ ਇਸਤੇਮਾਲ ਨਹੀਂ ਕਰਦੇ। ਹਾਲੀਆ ਸਮੇਂ ਵਿਚ ਅਸੀਂ ਦੇਖਿਆ ਕਿ ਭਾਰਤ ਤੇ ਬੰਗਲਾਦੇਸ਼ ਵਿਚਾਲੇ ਅੰਡਰ-19 ਕ੍ਰਿਕਟ ਵਿਚ ਵੀ ਸਖ਼ਤ ਮੁਕਾਬਲਾ ਨਜ਼ਰ ਆਇਆ ਹੈ। ਮੌਸਮ ਲਗਾਤਾਰ ਠੰਡਾ ਹੁੰਦਾ ਜਾ ਰਿਹਾ ਹੈ ਇਸ ਕਾਰਨ ਉਮੀਦ ਕਰਦੇ ਹਾਂ ਕਿ ਜੋ ਇਕ ਚੀਜ਼ ਗਰਮਾਗਰਮ ਹੋਵੇਗੀ ਉਹ ਦੋਵਾਂ ਦੇਸ਼ਾਂ ਵਿਚਾਲੇ ਬੱਲੇ ਤੇ ਗੇਂਦ ਦੀ ਜੰਗ ਹੋਵੇ।
(ਟੀਸੀਐੱਮ)