ਦੁਬਈ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਨਵੀਂ ਵਿਸ਼ਵ ਟੈਸਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਸਥਾਨ ਦੇ ਨੁਕਸਾਨ ਨਾਲ ਸੱਤਵੇਂ ਸਥਾਨ 'ਤੇ ਖਿਸਕ ਗਏ ਜਦਕਿ ਆਸਟ੍ਰੇਲੀਆ ਦੇ ਮਾਰਨਸ ਲਾਬੂਸ਼ਾਨੇ ਐਸ਼ੇਜ਼ ਸੀਰੀਜ਼ ਵਿਚ ਸ਼ਾਨਦਾਰ ਲੈਅ ਦੀ ਬਦੌਲਤ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਹਟਾ ਕੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਬਣ ਗਏ। ਭਾਰਤ ਦੇ ਰੋਹਿਤ ਸ਼ਰਮਾ ਪੰਜਵੇਂ ਸਥਾਨ 'ਤੇ ਕਾਇਮ ਹਨ।
ਗੇਂਦਬਾਜ਼ਾਂ 'ਚ ਰਵੀਚੰਦਰਨ ਅਸ਼ਵਿਨ ਹੁਣ ਵੀ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਤੋਂ ਬਾਅਦ ਦੂਜੇ ਸਥਾਨ 'ਤੇ ਕਾਇਮ ਹਨ। ਕੋਹਲੀ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ ਖੇਡੇ ਸਨ। ਉਹ ਪਹਿਲਾਂ ਛੇਵੇਂ ਸਥਾਨ 'ਤੇ ਸਨ ਪਰ ਹੁਣ 756 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਕਾਬਜ ਹਨ। ਲਾਬੂਸ਼ਾਨੇ ਐਸ਼ੇਜ਼ ਸੀਰੀਜ਼ ਵਿਚ ਹੁਣ ਤਕ ਖੇਡੇ ਗਏ ਦੋ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪਹਿਲੀ ਵਾਰ ਬੱਲੇਬਾਜ਼ਾਂ ਦੀ ਆਈਸੀਸੀ ਰੈਂਕਿੰਗ ਵਿਚ ਸਿਖਰ 'ਤੇ ਪੁੱਜੇ ਹਨ। ਕਰੀਅਰ ਦੇ ਸਰਬੋਤਮ 912 ਰੇਟਿੰਗ ਅੰਕਾਂ ਨਾਲ ਉਹ ਰੂਟ (897 ਅੰਕ) ਨੂੰ ਦੂਜੇ ਸਥਾਨ 'ਤੇ ਖਿਸਕਾਉਣ ਵਿਚ ਕਾਮਯਾਬ ਰਹੇ। ਉਨ੍ਹਾਂ ਦੇ ਸਾਥੀ ਮਿਸ਼ੇਲ ਸਟਾਰਕ ਦੂਜੇ ਟੈਸਟ ਵਿਚ 80 ਦੌੜਾਂ ਦੇ ਕੇ ਛੇ ਵਿਕਟਾਂ (ਪਹਿਲੀ ਪਾਰੀ ਵਿਚ ਚਾਰ ਵਿਕਟਾਂ) ਹਾਸਲ ਕਰਨ ਦੇ ਪ੍ਰਦਰਸ਼ਨ ਨਾਲ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਸਿਖਰਲੇ 10 ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ। ਉਹ ਨੌਵੇਂ ਸਥਾਨ 'ਤੇ ਪੁੱਜ ਗਏ ਹਨ।
ਟੀ-20 ਰੈਂਕਿੰਗ 'ਚ ਬਾਬਰ ਨੂੰ ਪਹਿਲਾ ਸਥਾਨ
ਟੀ-20 ਅੰਤਰਰਾਸ਼ਟਰੀ ਖਿਡਾਰੀਆਂ ਦੀ ਰੈਂਕਿੰਗ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਬੱਲੇਬਾਜ਼ਾਂ ਦੀ ਸੂਚੀ ਵਿਚ ਮੁੜ ਸਿਖਰਲਾ ਸਥਾਨ ਹਾਸਲ ਕਰ ਲਿਆ। ਉਹ ਪਹਿਲਾ ਸਥਾਨ ਗੁਆਉਣ ਤੋਂ ਬਾਅਦ ਇਕ ਹਫ਼ਤੇ ਬਾਅਦ ਇਸ 'ਤੇ ਵਾਪਸੀ ਕਰਨ ਵਿਚ ਕਾਮਯਾਬ ਰਹੇ। ਉਹ ਰੈਂਕਿੰਗ ਵਿਚ ਡੇਵਿਡ ਮਲਾਨ ਦੇ ਨਾਲ ਸਾਂਝ ਤੌਰ 'ਤੇ ਸਿਖਰ 'ਤੇ ਹਨ। ਉਨ੍ਹਾਂ ਦੇ ਸਾਥੀ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ 798 ਕਰੀਅਰ ਦੇ ਸਰਬੋਤਮ ਰੇਟਿੰਗ ਅੰਕਾਂ ਨਾਲ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਪੁੱਜ ਗਏ ਹਨ। ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਨਵੇਂ ਉੱਪ-ਕਪਤਾਨ ਕੇਐੱਲ ਰਾਹੁਲ ਪੰਜਵੇਂ ਸਥਾਨ 'ਤੇ ਕਾਬਜ ਸਰਬੋਤਮ ਭਾਰਤੀ ਖਿਡਾਰੀ ਹਨ। ਟੀ-20 ਗੇਂਦਬਾਜ਼ਾਂ ਦੀ ਸੂਚੀ ਵਿਚ ਸਿਖਰਲੇ-10 ਵਿਚ ਕੋਈ ਭਾਰਤੀ ਗੇਂਦਬਾਜ਼ ਮੌਜੂਦ ਨਹੀਂ ਹੈ।