ਅਹਿਮਦਾਬਾਦ (ਪੀਟੀਆਈ) : ਸ਼ਾਨਦਾਰ ਲੈਅ 'ਚ ਚੱਲ ਰਹੀ ਗੁਜਰਾਤ ਟਾਈਟਨਜ਼ ਦੀ ਟੀਮ ਐਤਵਾਰ ਨੂੰ ਇਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਈਪੀਐੱਲ ਦੇ ਫਾਈਨਲ 'ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਪਣੇ ਪਹਿਲੇ ਹੀ ਫਾਈਨਲ ਵਿਚ ਖ਼ਿਤਾਬ ਜਿੱਤਣਾ ਚਾਹੇਗੀ। ਦੂਜੇ ਪਾਸੇ ਕਪਤਾਨ ਸੰਜੂ ਸੈਮਸਨ ਦੀ ਟੀਮ ਰਾਜਸਥਾਨ ਦੂਜੀ ਵਾਰ ਇਸ ਟਰਾਫੀ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ।
ਇਸ ਮੈਚ ਵਿਚ ਨਾਇਕ ਵੀ ਨਿਕਲਣਗੇ, ਦਿਲ ਵੀ ਟੁੱਟਣਗੇ ਤੇ ਕੀਰਤੀਮਾਨ ਵੀ ਬਣਨਗੇ ਪਰ ਇਹ ਮੁਕਾਬਲਾ ਅਜਿਹਾ ਹੋਵੇਗਾ ਜਿਸ ਨੂੰ ਕ੍ਰਿਕਟ ਪ੍ਰਰੇਮੀ ਸਾਲਾਂ ਤਕ ਯਾਦ ਰੱਖਣਗੇ। ਦੋ ਮਹੀਨੇ ਪਹਿਲਾਂ ਜਦ ਆਈਪੀਐੱਲ ਦਾ ਮੌਜੂਦਾ ਸੈਸ਼ਨ ਸ਼ੁਰੂ ਹੋਇਆ ਸੀ ਤਦ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਫਾਈਨਲ ਦੇ ਟਾਸ ਲਈ ਸੰਜੂ ਤੇ ਹਾਰਦਿਕ ਮੈਦਾਨ 'ਤੇ ਉਤਰਨਗੇ। ਆਪਣੇ ਕਰੀਅਰ ਵਿਚ ਕਈ ਉਤਰਾਅ-ਚੜ੍ਹਾਅ ਦੇਖ ਚੁੱਕੇ ਹਾਰਦਿਕ ਤੇ ਮੁੱਖ ਕੋਚ ਆਸ਼ੀਸ਼ ਨੇਹਰਾ ਲਈ ਦੋ ਮਹੀਨੇ ਦਾ ਇਹ ਸਫ਼ਰ ਸੁਪਨੇ ਵਰਗਾ ਰਿਹਾ। ਨਿਲਾਮੀ ਤੋਂ ਬਾਅਦ ਇਸ ਟੀਮ ਨੂੰ ਪਰਖੇ ਬਿਨਾਂ ਹੀ ਦੌੜ 'ਚੋਂ ਬਾਹਰ ਮੰਨ ਲੈਣ ਵਾਲੇ ਕ੍ਰਿਕਟ ਮਾਹਿਰਾਂ ਤੋਂ ਲੈ ਕੇ ਅਲੋਚਕਾਂ ਤਕ ਸਾਰਿਆਂ ਨੂੰ ਆਪਣੇ ਪ੍ਰਦਰਸ਼ਨ ਨਾਲ ਇਨ੍ਹਾਂ ਨੇ ਜਵਾਬ ਦਿੱਤਾ।
ਕੁਆਲੀਫਾਇਰ-1 ਵਿਚ ਗੁਜਰਾਤ ਨੇ ਰਾਜਸਥਾਨ ਨੂੰ ਹਰ ਵਿਭਾਗ ਵਿਚ ਨਾਕਾਮ ਕਰ ਕੇ ਫਾਈਨਲ ਦੀ ਟਿਕਟ ਕਟਾਈ ਸੀ। ਹੁਣ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤੇ ਰਾਜਸਥਾਨ ਦੀ ਟੀਮ ਆਪਣੀ ਉਸ ਹਾਰ ਦਾ ਬਦਲਾ ਲੈਣਾ ਚਾਹੇਗੀ।
ਰਾਜਸਥਾਨ ਅਜਿਹੇ ਸਟਾਰ ਲਈ ਖ਼ਿਤਾਬ ਜਿੱਤਣਾ ਚਾਹੇਗੀ ਜੋ ਅਸਮਾਨ ਤੋਂ ਕਿਤੇ ਆਪਣੀ ਇਸ ਟੀਮ ਨੂੰ ਦੇਖ ਰਹੇ ਹੋਣਗੇ। ਆਈਪੀਐੱਲ ਦਾ ਪਹਿਲਾ ਖ਼ਿਤਾਬ ਸਟਾਰਾਂ ਤੋਂ ਬਿਨਾਂ ਇਕ ਨੌਜਵਾਨ ਟੀਮ ਨੂੰ ਦਿਵਾਉਣ ਵਾਲੇ ਮਰਹੂਮ ਸ਼ੇਨ ਵਾਰਨ ਰਾਜਸਥਾਨ ਰਾਇਲਜ਼ ਦੇ ਪ੍ਰਦਰਸ਼ਨ 'ਤੇ ਜ਼ਰੂਰ ਮਾਣ ਕਰ ਰਹੇ ਹੋਣਗੇ। ਆਈਪੀਐੱਲ ਦੇ ਪਹਿਲੇ ਸੈਸ਼ਨ ਵਿਚ ਸ਼ੇਨ ਵਾਰਨ ਦੀ ਕਪਤਾਨੀ ਵਿਚ ਰਾਜਸਥਾਨ ਨੇ ਇਹ ਖ਼ਿਤਾਬ ਜਿੱਤਿਆ ਸੀ। ਉਥੇ ਗੁਜਰਾਤ ਕਦੀ ਵੀ ਕ੍ਰਿਕਟ ਦੇ ਜਨੂੰਨ ਲਈ ਮਸ਼ਹੂਰ ਨਹੀਂ ਰਿਹਾ ਹੈ। ਇਸ ਸੂਬੇ ਤੋਂ ਪਾਰਥਿਵ ਪਟੇਲ ਤੇ ਜਸਪ੍ਰਰੀਤ ਬੁਮਰਾਹ ਵਰਗੇ ਖਿਡਾਰੀ ਨਿਕਲੇ ਹਨ ਪਰ ਜਿਸ ਤਰ੍ਹਾਂ ਚੇਨਈ ਸੁਪਰ ਕਿੰਗਜ਼ ਦੀ ਕਾਮਯਾਬੀ ਤੋਂ ਬਾਅਦ ਤਾਮਿਲਨਾਡੂ 'ਤੇ ਕ੍ਰਿਕਟ ਦੀ ਦੀਵਾਨੀਗੀ ਸਿਰ ਚੜ੍ਹ ਕੇ ਬੋਲਣ ਲੱਗੀ, ਉਹ ਹਾਲ ਹੁਣ ਗੁਜਰਾਤ ਦਾ ਹੈ।
ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ
ਗੁਜਰਾਤ ਟਾਈਟਨਜ਼ :
ਹਾਰਦਿਕ ਪਾਂਡਿਆ (ਕਪਤਾਨ), ਅਭਿਨਵ ਮਨੋਹਰ, ਡੇਵਿਡ ਮਿਲਰ, ਗੁਰਕੀਰਤ ਸਿੰਘ, ਬੀ ਸਾਈ ਸੁਦਰਸ਼ਨ, ਸ਼ੁਭਮਨ ਗਿੱਲ, ਰਾਹੁਲ ਤੇਵਤੀਆ, ਵਿਜੇ ਸ਼ੰਕਰ, ਮੈਥਿਊ ਵੇਡ, ਰਹਿਮਾਨੁੱਲ੍ਹਾ ਗੁਰਬਾਜ਼, ਰਿੱਧੀਮਾਨ ਸਾਹਾ, ਅਲਜ਼ਾਰੀ ਜੋਸਫ਼, ਦਰਸ਼ਨ ਨਲਕੰਡੇ, ਲਾਕੀ ਫਰਗਿਊਸਨ, ਮੁਹੰਮਦ ਸ਼ਮੀ, ਨੂਰ ਅਹਿਮਦ, ਪ੍ਰਦੀਪ ਸਾਂਗਵਾਨ, ਰਾਸ਼ਿਦ ਖ਼ਾਨ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਵਰੁਣ ਆਰੋਨ ਤੇ ਯਸ਼ ਦਿਆਲ।
ਰਾਜਸਥਾਨ ਰਾਇਲਜ਼ :
ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜਾਇਸਵਾਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਸ਼ਿਮਰੋਨ ਹੇਟਮਾਇਰ, ਦੇਵਦੱਤ ਪਡੀਕਲ, ਪ੍ਰਸਿੱਧ ਕ੍ਰਿਸ਼ਨਾ, ਯੁਜਵਿੰਦਰ ਸਿੰਘ ਚਹਿਲ, ਰਿਆਨ ਪਰਾਗ, ਕੇਸੀ ਕਰੀਅੱਪਾ, ਨਵਦੀਪ ਸੈਣੀ, ਓਬੇਦ ਮੈਕਾਏ, ਅਨੁਨਯ ਸਿੰਘ, ਕੁਲਦੀਪ ਸੇਨ, ਕਰੁਣ ਨਾਇਰ, ਧਰੁਵ ਜੁਰੇਲ, ਤੇਜਸ ਬਰੋਕਾ, ਕੁਲਦੀਪ ਯਾਦਵ, ਸ਼ੁਭਮਨ ਗੜ੍ਹਵਾਲ, ਜੇਮਜ਼ ਨੀਸ਼ਾਮ, ਨਾਥਨ ਕੂਲਟਰ ਨਾਈਲ, ਰੇਸੇ ਵਾਨ ਡੇਰ ਡੇੁਸੇਨ, ਡੇਰਿਲ ਮਿਸ਼ੇਲ ਤੇ ਕਾਰਬਿਨ ਬਾਸ਼।