ਮੁੰਬਈ (ਪੀਟੀਆਈ) : ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਸਨਰਾਈਜ਼ਰਜ਼ ਹੈਦਰਾਬਾਦ ਆਈਪੀਐੱਲ ਦੇ ਮੁਕਾਬਲੇ ਵਿਚ ਜਦ ਐਤਵਾਰ ਨੂੰ ਆਹਮੋ-ਸਾਹਮਣੇ ਹੋਣਗੇ ਤਾਂ ਖ਼ਰਾਬ ਲੈਅ ਨਾਲ ਜੂਝ ਰਹੇ ਦੁਨੀਆ ਦੇ ਦੋ ਦਿੱਗਜ ਬੱਲੇਬਾਜ਼ਾਂ ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਕੋਹਲੀ ਤੇ ਵਿਲੀਅਮਸਨ ਦੋਵੇਂ ਇਸ ਸੈਸ਼ਨ ਵਿਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਕੋਹਲੀ ਨੇ 11 ਮੈਚਾਂ ਵਿਚ 21.60 ਦੀ ਔਸਤ ਨਾਲ ਸਿਰਫ਼ 216 ਦੌੜਾਂ ਬਣਾਈਆਂ ਹਨ ਜਦਕਿ ਸਨਰਾਈਜ਼ਰਜ਼ ਦੇ ਕਪਤਾਨ ਵਿਲੀਅਮਸਨ ਨੇ 10 ਮੈਚਾਂ ਵਿਚ 22.11 ਦੀ ਔਸਤ ਨਾਲ 199 ਦੌੜਾਂ ਹੀ ਬਣਾਈਆਂ। ਦੋਵੇਂ ਹੀ ਆਪਣੇ ਉੱਚੇ ਮਾਪਦੰਡਾਂ 'ਤੇ ਖ਼ਰੇ ਨਹੀਂ ਉਤਰ ਸਕੇ ਹਨ। ਦੋਵੇਂ ਆਪਣੀ ਟੀਮ ਦੀਆਂ ਉਮੀਦਾਂ ਨੂੰ ਪੂਰਾ ਕਰ ਕੇ ਜਿੱਤ ਵਿਚ ਯੋਗਦਾਨ ਦੇਣ ਦੀ ਕੋਸ਼ਿਸ਼ ਵਿਚ ਹੋਣਗੇ। ਕੋਹਲੀ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਅਰਧ ਸੈਂਕੜਾ ਬਣਾ ਕੇ ਲੈਅ ਵਿਚ ਮੁੜਨ ਦੇ ਸੰਕੇਤ ਦਿੱਤੇ ਪਰ ਪਿਛਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਕੋਈ ਕਮਾਲ ਨਹੀਂ ਕਰ ਸਕੇ। ਤਿੰਨ ਚੌਕੇ ਤੇ ਇਕ ਛੱਕਾ ਲਾਉਣ ਤੋਂ ਬਾਅਦ ਉਨ੍ਹਾਂ ਤੋਂ ਵੱਡਾ ਸ਼ਾਟ ਨਹੀਂ ਲੱਗਾ ਤੇ ਇਕ-ਇਕ ਦੌੜ ਲੈਂਦੇ ਰਹੇ। ਇਸ ਕਾਰਨ ਗਲੇਨ ਮੈਕਸਵੈਲ ਵੀ ਰਨ ਆਊਟ ਹੋ ਗਏ ਤੇ ਕੋਹਲੀ ਖ਼ੁਦ 33 ਗੇਂਦਾਂ ਵਿਚ 30 ਦੌੜਾਂ ਹੀ ਬਣਾ ਸਕੇ।
ਹੈਦਰਾਬਾਦ ਨੇ ਗੁਆਏ ਲਗਾਤਾਰ ਤਿੰਨ ਮੁਕਾਬਲੇ :
ਵਿਲੀਅਮਸਨ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿਚ ਨਹੀਂ ਬਦਲ ਸਕੇ। ਉਨ੍ਹਾਂ ਦਾ ਸਟ੍ਰਾਈਕ ਰੇਟ 96.13 ਰਿਹਾ ਤੇ ਉਨ੍ਹਾਂ ਨੂੰ ਹੁਣ ਹਮਲਾਵਰ ਬੱਲੇਬਾਜ਼ੀ ਕਰਨ ਦੀ ਲੋੜ ਹੈ। ਲਗਾਤਾਰ ਪੰਜ ਮੈਚ ਜਿੱਤਣ ਤੋਂ ਬਾਅਦ ਸਨਰਾਈਜ਼ਰਜ਼ ਨੇ ਲਗਾਤਾਰ ਤਿੰਨ ਮੈਚ ਗੁਆਏ ਹਨ ਜਿਸ ਦਾ ਮੁੱਖ ਕਾਰਨ ਉਸ ਦੇ ਸਟਾਰ ਗੇਂਦਬਾਜ਼ਾਂ ਦਾ ਜ਼ਖ਼ਮੀ ਹੋਣਾ ਹੈ। ਸਨਰਾਈਜ਼ਰਜ਼ ਦੇ ਮੁੱਖ ਸਪਿੰਨਰ ਵਾਸ਼ਿੰਗਟਨ ਸੁੰਦਰ ਦੇ ਗੇਂਦਬਾਜ਼ੀ ਵਾਲੇ ਹੱਥ ਵਿਚ ਮੁੜ ਸੱਟ ਲੱਗੀ ਹੈ ਜਦਕਿ ਚੇਨਈ ਖ਼ਿਲਾਫ਼ ਮੈਚ ਵਿਚ ਤੇਜ਼ ਗੇਂਦਬਾਜ਼ ਟੀ ਨਟਰਾਜਨ ਜ਼ਖ਼ਮੀ ਹੋ ਗਏ। ਦੋਵੇਂ ਦਿੱਲੀ ਕੈਪੀਟਲਜ਼ ਖ਼ਿਲਾਫ਼ ਨਹੀਂ ਖੇਡ ਸਕੇ ਜਿਸ ਨਾਲ ਦਿੱਲੀ ਦੀ ਟੀਮ ਨੇ 200 ਤੋਂ ਵੱਧ ਦੌੜਾਂ ਬਣਾ ਲਈਆਂ। ਮਾਰਕੋ ਜੇਨਸੇਨ ਨੂੰ ਟੀਮ 'ਚੋਂ ਬਾਹਰ ਕੀਤਾ ਗਿਆ ਸੀ ਪਰ ਹੁਣ ਟਾਮ ਮੂਡੀ ਉਨ੍ਹਾਂ ਨੂੰ ਮੁੜ ਮੌਕਾ ਦੇਣਾ ਚਾਹੁਣਗੇ ਕਿਉਂਕਿ ਆਰਸੀਬੀ ਖ਼ਿਲਾਫ਼ ਪਿਛਲੇ ਮੈਚ ਵਿਚ ਉਨ੍ਹਾਂ ਨੇ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ।