ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਰਾਸ਼ਿਦ ਖ਼ਾਨ ਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਇਸ ਆਈਪੀਐੱਲ ਵਿਚ ਆਪਣੀਆਂ ਪੁਰਾਣੀਆਂ ਟੀਮਾਂ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਥੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐੱਲ ਰਾਹੁਲ ਨੇ ਆਪਣੀ ਪੁਰਾਣੀ ਟੀਮ ਪੰਜਾਬ ਕਿੰਗਜ਼ ਖ਼ਿਲਾਫ਼ ਸ਼ੁੱਕਰਵਾਰ ਨੂੰ ਪੁਣੇ ਦੇ ਐੱਮਸੀਏ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੈਚ ਵਿਚ ਨਿਰਾਸ਼ ਕੀਤਾ ਪਰ ਉਨ੍ਹਾਂ ਦੀ ਨਾਕਾਮੀ ਦੇ ਬਾਵਜੂਦ ਉਨ੍ਹਾਂ ਦੀ ਟੀਮ ਲਖਨਊ ਸੁਪਰ ਜਾਇੰਟਸ 20 ਦੌੜਾਂ ਨਾਲ ਪੰਜਾਬ ਖ਼ਿਲਾਫ਼ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ।
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਲਖਨਊ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਸ ਆਈਪੀਐੱਲ ਵਿਚ ਦੋ ਸੈਂਕੜੇ ਲਾ ਚੁੱਕੇ ਰਾਹੁਲ (06) ਇਸ ਮੈਚ ਵਿਚ ਸਸਤੇ ਵਿਚ ਆਊਟ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੇ ਸਾਥੀ ਸਲਾਮੀ ਬੱਲੇਬਾਜ਼ ਡਿਕਾਕ (46) ਤੇ ਦੀਪਕ ਹੁੱਡਾ (34) ਨੇ ਪਾਰੀ ਨੂੰ ਸੰਭਾਲਿਆ। ਡਿਕਾਕ ਨੇ 37 ਗੇਂਦਾਂ ਖੇਡੀਆਂ ਤੇ ਇਸ ਵਿਚ ਚਾਰ ਚੌਕੇ ਤੇ ਦੋ ਛੱਕੇ ਲਾਏ ਜਦਕਿ ਦੀਪਕ ਹੁੱਡਾ 28 ਗੇਂਦਾਂ ਦੀ ਆਪਣੀ ਪਾਰੀ ਵਿਚ ਇਕ ਚੌਕਾ ਤੇ ਦੋ ਛੱਕੇ ਲਾ ਕੇ ਆਊਟ ਹੋਏ। ਇਨ੍ਹਾਂ ਤੋਂ ਬਾਅਦ ਦੇ ਬੱਲੇਬਾਜ਼ ਜਲਦੀ ਜਲਦੀ ਆਊਟ ਹੋ ਗਏ ਤੇ ਇਸ ਨਾਲ ਟੀਮ ਮੁਸ਼ਕਲ ਵਿਚ ਆ ਗਈ ਪਰ ਅੰਤ ਵਿਚ ਹੋਲਡਰ ਨੇ ਅੱਠ ਗੇਂਦਾਂ ਵਿਚ 11, ਦੁਸ਼ਮੰਤਾ ਨੇ 10 ਗੇਂਦਾਂ ਵਿਚ 17 ਅਤੇ ਮੋਹਸਿਨ ਖ਼ਾਨ ਨੇ ਛੇ ਗੇਂਦਾਂ ਵਿਚ 13 ਦੌੜਾਂ ਬਣਾ ਕੇ ਲਖਨਊ ਨੂੰ 20 ਓਵਰਾਂ ਵਿਚ ਅੱਠ ਵਿਕਟਾਂ ’ਤੇ 153 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਪੰਜਾਬ ਵੱਲੋਂ ਗੇਂਦਬਾਜ਼ੀ ਕਰਦਿਆਂ ਕੈਗਿਸੋ ਰਬਾਦਾ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਜਵਾਬ ਵਿਚ ਪੰਜਾਬ ਕਿੰਗਜ਼ ਦੀ ਟੀਮ 20 ਓਵਰਾਂ ’ਚ ਅੱਠ ਵਿਕਟਾਂ ’ਤੇ 133 ਦੌੜਾਂ ਹੀ ਬਣਾ ਸਕੀ ਤੇ 20 ਦੌੜਾਂ ਨਾਲ ਮੈਚ ਹਾਰ ਗਈ। ਲਖਨਊ ਵੱਲੋਂ ਗੇਂਦਬਾਜ਼ੀ ਕਰਦਿਆਂ ਮੋਹਸਿਨ ਨੇ ਤਿੰਨ, ਕਰੁਣਾਲ ਤੇ ਦੁਸ਼ਮੰਤਾ ਨੇ 2-2 ਤੇ ਰਵੀ ਬਿਸ਼ਨੋਈ ਨੇ ਇਕ ਵਿਕਟ ਹਾਸਲ ਕੀਤੀ।