ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਦੀ ਟੀਮ ਨੇ ਨਾਮੀਬੀਆ ਖ਼ਿਲਾਫ਼ ਮੰਗਲਵਾਰ ਨੂੰ ਆਬੂਧਾਬੀ ’ਚ ਖੇਡੇ ਗਏ ਗਰੁੱਪ-2 ਦੇ ਮੁਕਾਬਲੇ ਵਿਚ 45 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ। ਪਾਕਿਸਤਾਨ ਨੇ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਤੇ ਤੈਅ 20 ਓਵਰਾਂ ’ਚ ਦੋ ਵਿਕਟਾਂ ’ਤੇ 189 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਨਾਮੀਬੀਆ ਦਾ ਕੋਈ ਵੀ ਗੇਂਦਬਾਜ਼ ਪਾਵਰਪਲੇ ’ਚ ਵਿਕਟ ਲੈਣ ਵਿਚ ਨਾਕਾਮ ਰਿਹਾ ਹਾਲਾਂਕਿ ਉਹ ਸ਼ੁਰੂਆਤ ’ਚ ਪਾਕਿਸਤਾਨ ਨੂੰ ਤੇਜ਼ ਸ਼ੁਰੂਆਤ ਕਰਨ ਤੋਂ ਰੋਕਣ ਵਿਚ ਕਾਮਯਾਬ ਰਹੇ। ਪਾਕਿਸਤਾਨ ਵੱਲੋਂ ਬਾਬਰ ਆਜ਼ਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ 70 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ 49 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਲਾਏ। ਦੂਜੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (ਮੈਨ ਆਫ ਦ ਮੈਚ) ਨੇ 50 ਗੇਂਦਾਂ ’ਚ ਅੱਠ ਚੌਕਿਆਂ ਤੇ ਦੋ ਸ਼ਾਨਦਾਰ ਛੱਕਿਆਂ ਦੀ ਮਦਦ ਨਾਲ ਅਜੇਤੂ 79 ਦੌੜਾਂ ਬਣਾਈਆਂ। ਮੁਹੰਮਦ ਹਫ਼ੀਜ਼ ਨੇ ਤੇਜ਼ 32 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਿਸ ਵਿਚ ਉਨ੍ਹਾਂ ਨੇ ਪੰਜ ਚੌਕੇ ਲਾਏ। ਜਵਾਬ ’ਚ ਨਾਮੀਬੀਆ ਦੀ ਟੀਮ ਪੰਜ ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ ਤੇ 45 ਦੌੜਾਂ ਨਾਲ ਮੈਚ ਗੁਆ ਬੈਠੀ। ਨਾਮੀਬੀਆ ਵੱਲੋਂ ਵੀਜ਼ੇ ਨੇ ਸਭ ਤੋਂ ਵੱਧ ਅਜੇਤੂ 43 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਹਸਨ, ਇਮਾਦ, ਹੈਰਿਸ ਤੇ ਸ਼ਾਦਾਬ ਨੇ ਇਕ-ਇਕ ਵਿਕਟ ਲਈ।