ਲੰਡਨ (ਪੀਟੀਆਈ) : ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਮੰਨਦੇ ਹਨ ਕਿ ਟੀਮ ਦੇ ਕਪਤਾਨ ਵਿਰਾਟ ਕੋਹਲੀ 200 ਫ਼ੀਸਦੀ ਉਤਸ਼ਾਹ ਨਾਲ ਕੰਮ ਕਰਦੇ ਹਨ ਤੇ ਉਨ੍ਹਾਂ ਵਿਚ ਸਾਥੀ ਖਿਡਾਰੀਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਸ਼ਾਨਦਾਰ ਯੋਗਤਾ ਹੈ। ਰਾਹੁਲ ਨੇ ਫੋਰਬਸ ਇੰਡੀਆ ਲਈ ਇਕ ਵੀਡੀਓ ਵਿਚ ਕਿਹਾ ਕਿ ਵਿਰਾਟ ਕੋਹਲੀ ਦੇ ਨਾਲ ਤੇ ਉਨ੍ਹਾਂ ਦੀ ਅਗਵਾਈ ਵਿਚ ਖੇਡ ਕੇ ਪਤਾ ਲੱਗਾ ਕਿ ਉਹ ਵੱਖ ਤਰ੍ਹਾਂ ਦੇ ਕਪਤਾਨ ਹਨ। ਉਹ ਬਹੁਤ ਜਨੂੰਨੀ ਵਿਅਕਤੀ ਹਨ।
ਉਹ 200 ਫ਼ੀਸਦੀ ਉਤਸ਼ਾਹ ਨਾਲ ਕੰਮ ਕਰਦੇ ਹਨ। ਆਪਣਾ ਸਰਬੋਤਮ 100 ਫ਼ੀਸਦੀ ਹੀ ਸੰਭਵ ਹੈ ਪਰ ਉਹ 200 ਫ਼ੀਸਦੀ ਉਤਸ਼ਾਹ ਨਾਲ ਕੰਮ ਕਰਦੇ ਹਨ। ਉਨ੍ਹਾਂ ਵਿਚ ਹੋਰ 10 ਖਿਡਾਰੀਆਂ ਨੂੰ ਪ੍ਰੇਰਿਤ ਕਰਨ ਤੇ ਉਨ੍ਹਾਂ ਤੋਂ 100 ਤੋਂ 200 ਫ਼ੀਸਦੀ ਕੰਮ ਕਰਵਾਉਣ ਦੀ ਸ਼ਾਨਦਾਰ ਯੋਗਤਾ ਹੈ। ਰਾਹੁਲ ਸਾਉਥੈਂਪਟਨ ਵਿਚ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਲਈ ਭਾਰਤੀ ਟੀਮ ਦਾ ਹਿੱਸਾ ਸਨ ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ।
ਡਬਲਯੂਟੀਸੀ ਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰਨ ਤੋਂ ਬਾਅਦ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਨਿੰਦਾ ਹੋਈ ਸੀ ਕਿਉਂਕਿ ਉਹ ਅਜੇ ਤਕ ਇਕ ਵੀ ਆਈਸੀਸੀ ਟਰਾਫੀ ਹਾਸਲ ਨਹੀਂ ਕਰ ਸਕੇ ਹਨ। ਕੋਹਲੀ ਦੀ ਅਗਵਾਈ ਵਿਚ ਭਾਰਤ 2017 ਚੈਂਪੀਅਨਜ਼ ਟਰਾਫੀ ਤੇ 2019 ਵਿਸ਼ਵ ਕੱਪ ਜਿੱਤਣ ਵਿਚ ਨਾਕਾਮ ਰਿਹਾ ਸੀ। ਭਾਰਤੀ ਟੀਮ ਹੁਣ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ, ਜੋ ਚਾਰ ਅਗਸਤ ਤੋਂ ਸ਼ੁਰੂ ਹੋ ਰਹੀ ਹੈ।