ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕਵਿੰਟਨ ਡਿਕਾਕ (50) ਨੇ ਲਖਨਊ ਸੁਪਰ ਜਾਇੰਟਸ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਏਸੋਸੀਏਸ਼ਨ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੁਕਾਬਲੇ ਵਿਚ ਸ਼ਨਿਚਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਖ਼ਰਾਬ ਸ਼ੁਰੂਆਤ ਤੋਂ ਬਾਅਦ ਸੰਭਾਲਿਆ ਜਿਸ ਦੇ ਦਮ ’ਤੇ ਲਖਨਊ ਦੀ ਟੀਮ ਨੇ ਤੈਅ 20 ਓਵਰਾਂ ’ਚ ਸੱਤ ਵਿਕਟਾਂ ’ਤੇ 176 ਦੌੜਾਂ ਦਾ ਸਕੋਰ ਬਣਾਇਆ। ਡਿਕਾਕ ਤੋਂ ਇਲਾਵਾ ਦੀਪਕ ਨੇ 41, ਕਰੁਣਾਲ ਨੇ 25 ਤੇ ਸਟੋਈਨਿਸ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ਵਿਚ ਕੋਲਕਾਤਾ ਦੀ ਟੀਮ 14.3 ਓਵਰਾਂ ’ਚ 101 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਇਸ ਨਾਲ ਲਖਨਊ ਨੇ 75 ਦੌੜਾਂ ਦੀ ਸ਼ਾਨਦਾਰ ਜਿੱਤ ਹਾਸਲ ਕੀਤੀ। ਕੋਲਕਾਤਾ ਵੱਲੋਂ ਰਸੇਲ ਸਰਬੋਤਮ ਸਕੋਰਰ ਰਹੇ ਜਿਨ੍ਹਾਂ ਨੇ 19 ਗੇਂਦਾਂ ’ਚ ਤਿੰਨ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਲਖਨਊ ਵੱਲੋਂ ਗੇਂਦਬਾਜ਼ੀ ਕਰਦਿਆਂ ਆਵੇਸ਼ ਖ਼ਾਨ ਤੇ ਜੇਸਨ ਹੋਲਡਰ ਨੇ ਤਿੰਨ-ਤਿੰਨ ਤੇ ਮੋਹਸਿਨ ਖ਼ਾਨ, ਦੁਸ਼ਮੰਤਾ ਚਮੀਰਾ ਤੇ ਬਿਸ਼ਨੋਈ ਨੇ ਇਕ-ਇਕ ਵਿਕਟ ਹਾਸਲ ਕੀਤੀ। ਕੋਲਕਾਤਾ ਦੇ ਕਪਤਾਨ ਸ਼੍ਰੇਅਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਕੇਕੇਆਰ ’ਚ ਉਮੇਸ਼ ਯਾਦਵ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਮੈਚ ’ਚ ਨਹੀਂ ਖੇਡੇ ਤੇ ਉਨ੍ਹਾਂ ਦੀ ਥਾਂ ਹਰਸ਼ਿਤ ਰਾਣਾ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ ਗਿਆ।