ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਕਿ ਭਾਰਤੀ ਟੀਮ ਨੂੰ 31 ਮਾਰਚ ਤੋਂ ਸ਼ੁਰੂ ਹੋ ਰਹੇ ਆਈਪੀਐੱਲ ਦੇ ਉਤਸ਼ਾਹ ਵਿਚ ਆਸਟ੍ਰੇਲੀਆ ਖ਼ਿਲਾਫ਼ ਵਨ ਡੇ ਸੀਰੀਜ਼ ਵਿਚ ਮਿਲੀ ਹਾਰ ਨੂੰ ਨਹੀਂ ਭੁੱਲਣਾ ਚਾਹੀਦਾ। ਭਾਰਤ ਇਸ ਨੂੰ ਭੁੱਲਣ ਦੀ ਗ਼ਲਤੀ ਕਰ ਸਕਦਾ ਹੈ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਵਿਸ਼ਵ ਕੱਪ ਵਿਚ ਅਸੀਂ ਮੁੜ ਆਸਟ੍ਰੇਲੀਆ ਨਾਲ ਭਿੜ ਸਕਦੇ ਹਾਂ। ਗਾਵਸਕਰ ਨੇ ਕਿਹਾ ਕਿ ਚੇਨਈ ਵਿਚ ਤੀਜੇ ਵਨ ਡੇ ਵਿਚ ਹਾਰ ਆਸਟ੍ਰੇਲਿਆਈ ਖਿਡਾਰੀਆਂ ਵੱਲੋਂ ਬਣਾਏ ਗਏ ਦਬਾਅ ਕਾਰਨ ਮਿਲੀ ਸੀ। ਬਾਊਂਡਰੀਆਂ ਲੱਗਣੀਆਂ ਬੰਦ ਹੋ ਗਈਆਂ ਸਨ ਤੇ ਭਾਰਤੀ ਬੱਲੇਬਾਜ਼ ਇਕ-ਇਕ ਦੌੜ ਬਣਾਉਣ ਲਈ ਜੂਝ ਰਹੇ ਸਨ। ਜਦ ਅਜਿਹਾ ਹੁੰਦਾ ਹੈ ਤਾਂ ਤੁਸੀਂ ਅਜਿਹਾ ਕੁਝ ਖੇਡਣ ਦੀ ਕੋਸ਼ਿਸ਼ ਕਰਦੇ ਹੋ ਜਿਸ ਦੇ ਤੁਸੀਂ ਆਦੀ ਨਹੀਂ ਹੁੰਦੇ। ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਨੂੰ ਦੇਖਣਾ ਪਵੇਗਾ। ਗਾਵਸਕਰ ਨੇ ਕਿਹਾ ਕਿ ਜਦ ਤੁਸੀਂ 270 ਜਾਂ 300 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ 90 ਤੋਂ 100 ਦੌੜਾਂ ਦੀ ਭਾਈਵਾਲੀ ਦੀ ਲੋੜ ਪੈਂਦੀ ਹੈ ਤਾਂਕਿ ਇਹ ਤੁਹਾਨੂੰ ਮੈਚ ਦੇ ਨੇੜੇ ਲੈ ਜਾਵੇ। ਚੇਨਈ ਵਿਚ ਵਿਰਾਟ ਤੇ ਰਾਹੁਲ ਦੇ ਵਿਚਾਲੇ ਇਕ ਚੰਗੀ ਭਾਈਵਾਲੀ ਹੋਈ ਪਰ ਤੁਹਾਨੂੰ ਅਜਿਹੀ ਹੀ ਇਕ ਹੋਰ ਭਾਈਵਾਲੀ ਦੀ ਲੋੜ ਸੀ। ਆਸਟ੍ਰੇਲੀਆ ਨੇ ਸ਼ਾਨਦਾਰ ਫੀਲਡਿੰਗ ਕੀਤੀ। ਉਨ੍ਹਾਂ ਦੀ ਗੇਂਦਬਾਜ਼ੀ ਬਹੁਤ ਸ਼ਾਨਦਾਰ ਰਹੀ ਤੇ ਇਸ ਨੇ ਹੀ ਮੈਚ ਵਿਚ ਫ਼ਰਕ ਪੈਦਾ ਕੀਤਾ।