ਵਿਸ਼ਾਖਾਪਟਨਮ (ਪੀਟੀਆਈ) : ਪਹਿਲੇ ਦੋਵੇਂ ਮੈਚ ਗੁਆਉਣ ਤੋਂ ਬਾਅਦ ਹੁਣ ਕਰੋ ਜਾਂ ਮਰੋ ਦੀ ਸਥਿਤੀ ਵਿਚ ਪੁੱਜੀ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਜਦ ਤੀਜੇ ਟੀ-20 ਮੈਚ ਵਿਚ ਸੀਰੀਜ਼ ਜਿਊਂਦੀ ਰੱਖਣ ਦੇ ਟੀਚੇ ਨਾਲ ਮੈਦਾਨ 'ਤੇ ੳਤਰੇਗੀ ਤਾਂ ਖ਼ਰਾਬ ਲੈਅ ਵਿਚ ਚੱਲ ਰਹੇ ਸਪਿੰਨਰਾਂ, ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਤੇ ਖ਼ੁਦ ਦੌੜਾਂ ਬਣਾਉਣ ਤੋਂ ਜੂਝ ਰਹੇ ਕਪਤਾਨ ਰਿਸ਼ਭ ਪੰਤ 'ਤੇ ਕਾਫੀ ਦਬਾਅ ਹੋਵੇਗਾ।
ਭਾਰਤ ਲਗਾਤਾਰ 12 ਮੈਚ ਜਿੱਤ ਕੇ ਇਸ ਸੀਰੀਜ਼ ਵਿਚ ਉਤਰਿਆ ਸੀ ਪਰ ਦੱਖਣੀ ਅਫਰੀਕਾ ਦੀ ਮਜ਼ਬੂਤ ਟੀਮ ਦੇ ਸਾਹਮਣੇ ਪਹਿਲੇ ਦੋ ਮੈਚਾਂ ਵਿਚ ਉਸ ਦੀ ਇਕ ਨਹੀਂ ਚੱਲੀ। ਪੰਤ ਦੀ ਅਗਵਾਈ ਵਾਲੀ ਟੀਮ ਕਈ ਵਿਭਾਗਾਂ ਵਿਚ ਸੰਘਰਸ਼ ਕਰ ਰਹੀ ਹੈ ਤੇ ਉਸ ਨੂੰ ਇਕ ਦਿਨ ਦੇ ਅੰਦਰ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਪਵੇਗਾ। ਜੇ ਪਹਿਲੇ ਮੈਚ ਵਿਚ ਭਾਰਤ ਖ਼ਰਾਬ ਗੇਂਦਬਾਜ਼ੀ ਕਾਰਨ ਹਾਰਿਆ ਤਾਂ ਦੂਜੇ ਮੈਚ ਵਿਚ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ।
ਭਾਰਤੀ ਸਲਾਮੀ ਬੱਲੇਬਾਜ਼ ਅਜੇ ਤਕ ਪਾਵਰਪਲੇ ਵਿਚ ਚੰਗੀ ਸ਼ੁਰੂਆਤ ਦੇਣ ਵਿਚ ਨਾਕਾਮ ਰਹੇ ਹਨ। ਇਸ਼ਾਨ ਕਿਸ਼ਨ ਨੇ ਹੁਣ ਤਕ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਰੁਤੂਰਾਜ ਸਿਰਫ਼ 23 ਤੇ ਇਕ ਦੌੜ ਬਣਾ ਸਕੇ ਹਨ। ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਉਨ੍ਹਾਂ ਦੀ ਤਕਨੀਕ 'ਤੇ ਸਵਾਲ ਵੀ ਉੱਠਣ ਲੱਗੇ ਹਨ।
ਸ਼੍ਰੇਅਸ ਅਈਅਰ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਹ ਉਮੀਦ ਮੁਤਾਬਕ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੇ ਹਨ ਜਿਸ ਨਾਲ ਅੱਗੇ ਦੇ ਬੱਲੇਬਾਜ਼ਾਂ 'ਤੇ ਦਬਾਅ ਬਣ ਰਿਹਾ ਹੈ। ਹਾਰਦਿਕ ਪਾਂਡਿਆ ਨੇ ਪਹਿਲੇ ਮੈਚ ਵਿਚ ਕੁਝ ਸ਼ਾਨਦਾਰ ਸ਼ਾਟ ਲਾਏ ਸਨ ਪਰ ਕਟਕ ਦੀ ਵਿਕਟ 'ਤੇ ਉਹ ਵੀ ਨਹੀਂ ਚੱਲ ਸਕੇ ਸਨ। ਉਹ ਗੇਂਦਬਾਜ਼ੀ ਵਿਚ ਵੀ ਨਾਕਾਮ ਰਹੇ ਹਨ। ਕੇਐੱਲ ਰਾਹੁਲ ਦੇ ਜ਼ਖ਼ਮੀ ਹੋਣ ਕਾਰਨ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੰਤ ਹੁਣ ਤਕ 29 ਤੇ ਪੰਜ ਦੌੜਾਂ ਬਣਾ ਸਕੇ ਹਨ। ਕਪਤਾਨ ਦੇ ਰੂਪ ਵਿਚ ਪੰਤ ਦੇ ਫ਼ੈਸਲਿਆਂ 'ਤੇ ਵੀ ਸਵਾਲ ਉੱਠ ਰਹੇ ਹਨ। ਦੂਜੇ ਮੈਚ ਵਿਚ ਅਕਸ਼ਰ ਪਟੇਲ ਨੂੰ ਦਿਨੇਸ਼ ਕਾਰਤਿਕ ਤੋਂ ਪਹਿਲਾਂ ਭੇਜਣ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ ਸੀ। ਉਨ੍ਹਾਂ ਤੋਂ ਕਪਤਾਨ ਤੇ ਇਕ ਖਿਡਾਰੀ ਦੇ ਰੂਪ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।
ਗੇਂਦਬਾਜ਼ੀ 'ਚ ਯੁਜਵਿੰਦਰ ਸਿਘ ਚਹਿਲ ਤੇ ਅਕਸ਼ਰ ਪਟੇਲ ਦੀ ਸਪਿੰਨ ਜੋੜੀ ਨੇ ਹੁਣ ਤਕ ਨਿਰਾਸ਼ ਕੀਤਾ ਹੈ। ਡੇਵਿਡ ਮਿਲਰ, ਰਾਸੀ ਵੇਨ ਡੇਰ ਡੁਸੇਨ ਤੇ ਹੈਨਰਿਕ ਕਲਾਸੇਨ ਵਰਗੇ ਬੱਲੇਬਾਜ਼ਾਂ ਨੇ ਉਨ੍ਹਾਂ ਖ਼ਿਲਾਫ਼ ਆਸਾਨੀ ਨਾਲ ਦੌੜਾਂ ਬਣਾਈਆਂ ਹਨ। ਤੀਜੇ ਮੈਚ ਵਿਚ ਇਨ੍ਹਾਂ ਵਿਚੋਂ ਕਿਸੇ ਇਕ ਨੂੰ ਬਾਹਰ ਕੀਤਾ ਜਾ ਸਕਦਾ ਹੈ। ਟੀਮ ਮੈਨੇਜਮੈਂਟ ਨੌਜਵਾਨ ਲੈੱਗ ਸਪਿੰਨਰ ਰਵੀ ਬਿਸ਼ਨੋਈ ਜਾਂ ਹਰਫ਼ਨਮੌਲਾ ਵੈਂਕਟੇਸ਼ ਅਈਅਰ ਨੂੰ ਲੈ ਸਕਦੀ ਹੈ। ਵੈਂਕਟੇਸ਼ ਆਈਪੀਐੱਲ ਵਿਚ ਪਾਰੀ ਦੀ ਸ਼ੁਰੂਆਤ ਵੀ ਕਰਦੇ ਰਹੇ ਹਨ। ਭੁਵਨੇਸ਼ਵਰ ਕੁਮਾਰ ਨੂੰ ਛੱਡ ਕੇ ਭਾਰਤੀ ਗੇਂਦਬਾਜ਼ ਵਿਕਟਾਂ ਲੈਣ ਵਿਚ ਨਾਕਾਮ ਰਹੇ ਹਨ। ਭਾਰਤੀ ਗੇਂਦਬਾਜ਼ ਇਕ ਜਾਂ ਦੋ ਓਵਰਾਂ ਵਿਚ ਦੌੜਾਂ ਦੇ ਕੇ ਪਹਿਲਾਂ ਕੀਤੀ ਗਈ ਮਿਹਨਤ 'ਤੇ ਪਾਣੀ ਫੇਰਦੇ ਰਹੇ ਹਨ। ਹੁਣ ਜਦਕਿ ਸੀਰੀਜ਼ ਦਾਅ 'ਤੇ ਲੱਗੀ ਹੈ ਤਦ ਉਨ੍ਹਾਂ ਨੂੰ ਹਰ ਹਾਲ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤੀ ਟੀਮ ਮੈਨੇਜਮੈਂਟ ਇਸ ਕਾਰਨ ਹੁਣ ਤਕ ਇਕ ਵੀ ਵਿਕਟ ਨਾ ਲੈਣ ਵਾਲੇ ਆਵੇਸ਼ ਖ਼ਾਨ ਦੀ ਥਾਂ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਜਾਂ ਅਰਸ਼ਦੀਪ ਸਿੰਘ ਨੂੰ ਸ਼ੁਰੂਆਤ ਦਾ ਮੌਕਾ ਦੇ ਸਕਦੀ ਹੈ।
ਦੂਜੇ ਪਾਸੇ ਦੱਖਣੀ ਅਫਰੀਕਾ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਦੇ ਗੇਂਦਬਾਜ਼ ਵਿਕਟਾਂ ਕੱਢ ਰਹੇ ਹਨ ਤੇ ਬੱਲੇਬਾਜ਼ ਭਾਈਵਾਲੀਆਂ ਨਿਭਾਅ ਰਹੇ ਹਨ। ਪਹਿਲੇ ਮੈਚ ਵਿਚ ਡੇਵਿਡ ਮਿਲਰ ਤੇ ਰਾਸੀ ਵੇਨ ਡੇਰ ਡੁਸੇਨ ਨੇ ਕਮਾਲ ਦਿਖਾਇਆ ਤਾਂ ਦੂਜੇ ਮੈਚ ਵਿਚ ਹੈਨਰਿਕ ਕਲਾਸੇਨ ਨੇ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਗੇਂਦਬਾਜ਼ੀ ਵਿਚ ਕੈਗਿਸੋ ਰਬਾਦਾ, ਐਨਰਿਕ ਨਾਰਤਜੇ ਤੇ ਵਾਅਨੇ ਪਾਰਨੇਲ ਚੰਗਾ ਪ੍ਰਦਰਸ਼ਨ ਕਰ ਰਹੇ ਹਨ।
ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ
ਭਾਰਤ :
ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਵੈਂਕਟੇਸ਼ ਅਈਅਰ, ਯੁਜਵਿੰਦਰ ਸਿੰਘ ਚਹਿਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਆਵੇਸ਼ ਖ਼ਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ।
ਦੱਖਣੀ ਅਫਰੀਕਾ :
ਤੇਂਬਾ ਬਾਵੁਮਾ (ਕਪਤਾਨ), ਕਵਿੰਟਨ ਡਿਕਾਕ (ਵਿਕਟਕੀਪਰ), ਰੀਜਾ ਹੈਂਡਿ੍ਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਏਡੇਨ ਮਾਰਕਰੈਮ, ਡੇਵਿਡ ਮਿਲਰ, ਲੁੰਗੀ ਨਗੀਦੀ, ਐਨਰਿਕ ਨਾਰਤਜੇ, ਵਾਅਨੇ ਪਾਰਨੇਲ, ਡਵੇਨ ਪਿ੍ਰਟੋਰੀਅਸ, ਕੈਗਿਸੋ ਰਬਾਦਾ, ਤਬਰੇਜ਼ ਸ਼ਮਸੀ, ਟਿ੍ਸਟਨ ਸਟਬਜ਼, ਰਾਸੀ ਵੇਨ ਡੇਰ ਡੁਸੇਨ, ਮਾਰਕੋ ਜੇਨਸੇਨ।