ਕੇਪਟਾਊਨ (ਪੀਟੀਆਈ) : ਸ਼ਿਖਰ ਧਵਨ, ਵਿਰਾਟ ਕੋਹਲੀ ਤੇ ਦੀਪਕ ਚਾਹਰ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਤੇ ਆਖ਼ਰੀ ਵਨਡੇ ’ਚ ਚਾਰ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ਨੂੰ ਜਿੱਤ ਕੇ ਦੱਖਣੀ ਅਫਰੀਕਾ ਨੇ ਭਾਰਤ ਦਾ ਸਫ਼ਾਇਆ ਕਰਦੇ ਹੋਏ ਤਿੰਨ ਮੈਚਾਂ ਦੀ ਸੀਰੀਜ਼ ’ਤੇ 3-0 ਨਾਲ ਆਪਣਾ ਕਬਜ਼ਾ ਜਮਾਇਆ। ਦੱਖਣੀ ਅਫਰੀਕਾ ਨੇ ਫਾਰਮ ’ਚ ਚੱਲ ਰਹੇ ਸਲਾਮੀ ਬੱਲੇਬਾਜ਼ ਕਵਿੰਟਨ ਡਿਕਾਕ ਦੇ ਸ਼ਾਨਦਾਰ ਸੈਂਕੜੇ ਤੇ ਰਾਸੀ ਵੇਨ ਡੇਰ ਡੁਸੇਨ ਦੇ ਅਰਧ ਸੈਂਕੜੇ ਦੀ ਮਦਦ ਨਾਲ ਐਤਵਾਰ ਨੂੰ ਇੱਥੇ ਤੀਜੇ ਤੇ ਆਖ਼ਰੀ ਵਨਡੇ ਮੈਚ ’ਚ ਭਾਰਤ ਨੂੰ ਜਿੱਤ ਲਈ 288 ਦੌੜਾਂ ਦਾ ਟੀਚਾ ਦਿੱਤਾ।
ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਪਾਰੀ 49.5 ਓਵਰਾਂ ’ਚ 287 ਦੌੜਾਂ ’ਤੇ ਸਿਮਟ ਗਈ। ਵਿਕਟਕੀਪਰ ਬੱਲੇਬਾਜ਼ ਡਿਕਾਕ ਨੇ 130 ਗੇਂਦ ’ਚ 12 ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 124 ਦੌੜਾਂ ਦੀ ਪਾਰੀ ਖੇਡੀ ਤੇ ਵੇਨ ਡੇਰ ਡੁਸੇਨ (52) ਨਾਲ ਚੌਥੇ ਵਿਕਟ ਲਈ 144 ਦੌੜਾਂ ਦੀ ਸਾਂਝੀਦਾਰੀ ਨਿਭਾਈ। ਜਵਾਬ ’ਚ ਭਾਰਤੀ ਟੀਮ 49.2 ਓਵਰ ’ਚ 283 ਦੌੜਾਂ ’ਤੇ ਢੇਰ ਹੋ ਗਈ।
ਕਪਤਾਨ ਲੋਕੇਸ਼ ਰਾਹੁਲ ਦਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਾਰਗਰ ਰਿਹਾ ਕਿਉਂਕਿ ਦੱਖਣੀ ਅਫਰੀਕਾ ਨੇ ਅੱਠ ਦੌੜਾਂ ਹੀ ਬਣਾਈਆਂ ਸਨ ਕਿ ਦੀਪਕ ਚਾਹਰ (2/53) ਨੇ ਸਲਾਮੀ ਬੱਲੇਬਾਜ਼ ਜਾਨੇਮਨ ਮਲਾਨ (1) ਨੂੰ ਤੀਜੇ ਓਵਰ ਦੀ ਪਹਿਲੀ ਗੇਂਦ ’ਤੇ ਵਿਕਟਕੀਪਰ ਵਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਕਰਵਾਇਆ। ਭਾਰਤੀਆਂ ਲਈ ਇਹ ਵੱਡਾ ਵਿਕਟ ਸੀ ਕਿਉਂਕਿ ਮਲਾਨ ਨੇ ਪਾਰਲ ’ਚ ਦੂਜੇ ਵਨਡੇ ’ਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿਸ ’ਚ ਜਿੱਤ ਦੇ ਨਾਲ ਦੱਖਣੀ ਅਫਰੀਕਾ ਨੇ ਸੀਰੀਜ਼ ਆਪਣੇ ਨਾਮ ਕਰ ਲਈ ਸੀ। ਇਸ ਦਾ ਸਿਹਰਾ ਚਾਹਰ ਨੂੰ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਅੰਦਰ ਵੱਲ ਕੋਨ ਲੈਂਦੀ ਫੁੱਲ ਲੈਂਥ ਗੇਂਦ ਨੂੰ ਮਲਾਨ ਸਮਝ ਨਹੀਂ ਸਕੇ ਤੇ ਵਿਕਟ ਗੁਆ ਬੈਠੇ। ਭਾਰਤੀ ਕਪਤਾਨ ਰਾਹੁਲ ਦੇ ਮਿਡਆਫ ਨਾਲ ਸੁੱਟੇ ਗਏ ਥ੍ਰੋਅ ਨਾਲ ਫਾਰਮ ’ਚ ਚੱਲ ਰਹੇ ਦੱਖਣੀ ਅਫਰੀਕੀ ਕਪਤਾਨ ਤੇਂਬਾ ਬਾਵੁਮਾ (8) ਦੀ ਪਾਰੀ ਖ਼ਤਮ ਹੋਈ, ਜੋ ਸਮੇਂ ’ਤੇ ਨਾਨ ਸਟ੍ਰਾਈਕਰ ਕਿਨਾਰੇ ’ਤੇ ਪਹੁੰਚਣ ’ਚ ਅਸਫਲ ਰਹੇ। ਇਹ ਵੀ ਭਾਰਤ ਲਈ ਵੱਡੀ ਬ੍ਰੇਕ ਸੀ ਕਿਉਂਕਿ ਦੱਖਣੀ ਅਫਰੀਕੀ ਕਪਤਾਨ ਨੇ ਸ਼ੁਰੂਆਤੀ ਵਨਡੇ ’ਚ ਸੈਂਕੜਾ ਮਾਰਿਆ ਸੀ ਤੇ ਦੂਜੇ ਮੈਚ ’ਚ ਵੀ ਚੰਗਾ ਯੋਗਦਾਨ ਦਿੱਤਾ ਸੀ।
ਪਾਵਰਪਲੇ ’ਚ ਦੋ ਵਿਕਟਾਂ ਹਾਸਲ ਕਰਨ ਤੋਂ ਬਾਅਦ ਭਾਰਤ ਸਹੀ ਦਿਸ਼ਾ ’ਚ ਅੱਗੇ ਵਧ ਰਿਹਾ ਸੀ ਜਦੋਂ ਏਡਨ ਮਾਰਕਰੈਮ ਨੇ ਡੀਪ ਸੁਕੇਅਰ ਲੈੱਗ ਖੇਤਰ ’ਚ ਪੁੱਲ ਸ਼ਾਟ ਖੇਡਣ ਦਾ ਯਤਨ ਕੀਤਾ, ਪਰ ਸਥਾਨਾਪੰਨ ਫੀਲਡਰ ਰੁਤੁਰਾਜ ਗਾਇਕਵਾੜ ਨੂੰ ਕੈਚ ਦੇ ਬੈਠੇ ਤੇ ਇਸ ਤਰ੍ਹਾਂ 13ਵੇਂ ਓਵਰ ’ਚ ਮੇਜ਼ਬਾਨ ਟੀਮ ਦਾ ਸਕੋਰ ਤਿੰਨ ਵਿਕਟ ’ਤੇ 70 ਦੌੜਾਂ ਹੋ ਗਿਆ। ਡਿਕਾਕ ਦੋ ਚੌਕਿਆਂ ਨਾਲ 90 ਦੌੜਾਂ ਤਕ ਪਹੁੰਚੇ ਤੇ ਫਿਰ ਉਨ੍ਹਾਂ ਨੇ ਪ੍ਰਸਿੱਧ ਕ੍ਰਿਸ਼ਨਾ (3/59) ਦੇ ਸਿਰ ਦੇ ਉੱਪਰ ਸਿੱਧਾ ਛੱਕਾ ਜੜ ਦਿੱਤਾ। ਉਹ ਥੋੜ੍ਹੀ ਦੇਰ ਤਕ 99 ਦੌੜਾਂ ’ਤੇ ਹੀ ਅਟਕੇ ਰਹੇ। ਉਨ੍ਹਾਂ ਨੇ ਸ਼੍ਰੇਅਸ ਅਈਅਰ ’ਤੇ ਦੋ ਦੌੜਾਂ ਦੇ ਕੇ ਸੈਂਕੜਾ ਪੂਰਾ ਕੀਤਾ। ਡੁਸੇਨ ਨੇ ਚਹਿਲ ’ਤੇ ਮਿਡਵਿਕਟ ’ਤੇ ਚੌਕਾ ਮਾਰਿਆ। ਇਨ੍ਹਾਂ ਦੋਵਾਂ ਨੇ ਵਿਕਟ ਦੇ ਚਾਰੇ ਪਾਸੇ ਵੱਖ-ਵੱਖ ਤਰ੍ਹਾਂ ਦੇ ਸਟ੍ਰੋਕਸ ਲਗਾ ਕੇ ਦੌੜਾਂ ਬਣਾਈਆਂ। ਜਦੋਂ ਅਜਿਹਾ ਦਿਸ ਰਿਹਾ ਸੀ ਕਿ ਦੋਵੇਂ ਆਪਣੀ ਟੀਮ ਨੂੰ ਭਾਰਤ ਖ਼ਿਲਾਫ਼ ਵੱਡੇ ਸਕੋਰ ਵੱਲ ਪਹੁੰਚਾ ਦੇਣਗੇ ਤਾਂ ਮਹਿਮਾਨਾਂ ਨੇ ਉਨ੍ਹਾਂ ਦੇ ਵਿਕਟ ਝਟਕ ਲਏ। ਡਿਕਾਕ, ਜਸਪ੍ਰੀਤ ਬੁਮਰਾਹ (2/52) ਦੀ ਗੇਂਦ ’ਤੇ ਡੀਪ ਸੁਕੇਅਰ ਲੈੱਗ ’ਚ ਸ਼ਿਖਰ ਧਵਨ ਨੂੰ ਆਸਾਨ ਕੈਚ ਦੇ ਕੇ ਪਵਿਲੀਅਨ ਪਹੁੰਚੇ।