ਸੈਂਚੁਰੀਅਨ (ਪੀਟੀਆਈ) : ਭਾਰਤ ਨੇ ਦੱਖਣੀ ਅਫਰੀਕਾ ਨੂੰ 305 ਦੌੜਾਂ ਦਾ ਮੁਸ਼ਕਲ ਟੀਚਾ ਦੇਣ ਤੋਂ ਬਾਅਦ ਸ਼ੁਰੂ ਵਿਚ ਹੀ ਉਸ ਨੂੰ ਇਕ ਝਟਕਾ ਦੇ ਕੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਬੁੱਧਵਾਰ ਨੂੰ ਇੱਥੇ ਚਾਹ ਦੇ ਆਰਾਮ ਤਕ ਆਪਣਾ ਪਲੜਾ ਭਾਰੀ ਰੱਖਿਆ। ਭਾਰਤ ਦੀ ਦੂਜੀ ਪਾਰੀ 174 ਦੌੜਾਂ ’ਤੇ ਖ਼ਤਮ ਹੋਈ ਜਿਸ ਨਾਲ ਦੱਖਣੀ ਅਫਰੀਕਾ ਨੂੰ ਚਾਰ ਸੈਸ਼ਨਾਂ ਤੋਂ ਵੱਧ ਸਮੇਂ ਵਿਚ ਜਿੱਤ ਲਈ 300 ਤੋਂ ਵੱਧ ਦੌੜਾਂ ਬਣਾਉਣ ਦੀ ਚੁਣੌਤੀ ਮਿਲੀ।
ਭਾਰਤ ਨੇ ਪਹਿਲੀ ਪਾਰੀ ਵਿਚ 327 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 197 ਦੌੜਾਂ ’ਤੇ ਆਊਟ ਕਰ ਕੇ 130 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਸੈਂਚੂਰੀਅਨ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਇੰਗਲੈਂਡ ਦੇ ਨਾਂ ਹੈ ਜਿਸ ਨੇ 2000-01 ਵਿਚ ਚੌਥੀ ਪਾਰੀ ਵਿਚ 251 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਸੀ। ਦੱਖਣੀ ਅਫਰੀਕਾ ਨੇ ਚਾਹ ਦੇ ਆਰਾਮ ਤਕ ਆਪਣੀ ਦੂਜੀ ਪਾਰੀ ਵਿਚ ਇਕ ਵਿਕਟ ’ਤੇ 22 ਦੌੜਾਂ ਬਣਾਈਆਂ ਤੇ ਉਹ ਟੀਚੇ ਤੋਂ 283 ਦੌੜਾਂ ਪਿੱਛੇ ਸੀ ਜਦਕਿ ਭਾਰਤ ਨੂੰ ਜਿੱਤ ਲਈ ਨੌਂ ਵਿਕਟਾਂ ਹੋਰ ਹਾਸਲ ਕਰਨ ਦੀ ਲੋੜ ਸੀ।
ਭਾਰਤ ਦੀ ਦੂਜੀ ਪਾਰੀ ਵਿਚ ਰਿਸ਼ਭ ਪੰਤ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ ਜਦਕਿ ਉਸ ਤੋਂ ਬਾਅਦ ਦੂਜਾ ਵੱਡਾ ਸਕੋਰ ਵਾਧੂ ਦੌੜਾਂ (27) ਦਾ ਸੀ। ਦੱਖਣੀ ਅਫਰੀਕਾ ਲਈ ਕੈਗਿਸੋ ਰਬਾਦਾ ਤੇ ਮਾਰਕੋ ਜੇਨਸੇਨ ਨੇ ਕ੍ਰਮਵਾਰ 42 ਤੇ 55 ਦੌੜਾਂ ਦੇ ਕੇ ਚਾਰ-ਚਾਰ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਲੁੰਗੀ ਨਗੀਦੀ (2/31) ਵੀ ਵਿਕਟ ਹਾਸਲ ਕਰਨ ਵਿਚ ਕਾਮਯਾਬ ਰਹੇ। ਭਾਰਤ ਨੇ ਸਵੇਰੇ ਇਕ ਵਿਕਟ ’ਤੇ 16 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।