ਅੰਕੁਸ਼ ਸ਼ੁਕਲਾ, ਕਾਨਪੁਰ : ਇਕ ਸਮੇਂ ਮੁਸ਼ਕਲ ਵਿਚ ਨਜ਼ਰ ਆ ਰਹੀ ਭਾਰਤੀ ਟੀਮ ਨੂੰ ਆਪਣਾ ਪਹਿਲਾ ਮੈਚ ਖੇਡ ਰਹੇ ਸ਼੍ਰੇਅਸ ਅਈਅਰ ਤੇ ਬਿਮਾਰੀ ਦੇ ਬਾਵਜੂਦ ਬੱਲੇਬਾਜ਼ੀ ਕਰਨ ਉਤਰੇ ਰਿੱਧੀਮਾਨ ਸਾਹਾ ਨੇ ਬਚਾਇਆ ਹੀ ਨਹੀਂ ਬਲਕਿ ਜਿੱਤ ਦੇ ਰਾਹ 'ਤੇ ਪਹੁੰਚਾ ਦਿੱਤਾ। ਹੁਣ ਸੋਮਵਾਰ ਨੂੰ ਗ੍ਰੀਨ ਪਾਰਕ ਸਟੇਡੀਅਮ ਵਿਚ ਭਾਰਤ ਨੂੰ ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਲਈ ਨੌਂ ਵਿਕਟਾਂ ਦੀ ਲੋੜ ਹੈ। ਉਥੇ ਮਹਿਮਾਨਾਂ ਨੂੰ ਮੈਚ ਨੂੰ ਆਪਣੇ ਨਾਂ ਕਰਨ ਲਈ 280 ਦੌੜਾਂ ਦੀ ਲੋੜ ਹੈ।
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟਿਮ ਸਾਊਥੀ ਤੇ ਕਾਇਲ ਜੇਮੀਸਨ ਨੇ ਭਾਰਤ ਦੇ ਚੋਟੀ ਦੇ ਬੱਲੇਬਾਜ਼ਾਂ ਨੂੰ ਜਲਦੀ ਆਊਟ ਕਰ ਦਿੱਤਾ ਪਰ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਸ਼੍ਰੇਅਸ ਨੇ ਦੂਜੀ ਪਾਰੀ ਵਿਚ ਛੇਵੀਂ ਵਿਕਟ ਲਈ ਰਵੀਚੰਦਰਨ ਅਸ਼ਵਿਨ ਨਾਲ 52 ਤੇ ਸੱਤਵੀਂ ਵਿਕਟ ਲਈ ਰਿੱਧੀਮਾਨ ਸਾਹਾ ਨਾਲ 64 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਮਜ਼ਬੂਤ ਕੀਤਾ।
ਚੌਥੇ ਦਿਨ ਭਾਰਤੀ ਟੀਮ ਨੇ ਸੱਤ ਵਿਕਟਾਂ ਦੇ ਨੁਕਸਾਨ 'ਤੇ 234 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ। ਇਸ ਸਮੇਂ ਤਕ ਭਾਰਤੀ ਟੀਮ ਕੋਲ 283 ਦੌੜਾਂ ਦੀ ਵੱਡੀ ਬੜ੍ਹਤ ਹੋ ਗਈ ਸੀ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਚੌਥੇ ਦਿਨ ਦੇ ਆਖ਼ਰੀ ਸੈਸ਼ਨ ਵਿਚ ਖੇਡਣ ਲਈ ਬੁਲਾਇਆ। ਮਹਿਮਾਨਾਂ ਨੇ ਚਾਰ ਓਵਰਾਂ ਵਿਚ ਚਾਰ ਦੌੜਾਂ ਬਣਾ ਕੇ ਇਕ ਵਿਕਟ ਗੁਆ ਦਿੱਤੀ ਹੈ।