ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : ਇਸ ਮੁਕਾਬਲੇ ਤੋਂ ਪਹਿਲਾਂ ਦੁਨੀਆ ਵਿਚ 15 ਡੇ-ਨਾਈਟ ਟੈਸਟ ਮੈਚ ਹੋਏ ਸਨ ਜਿਸ ਵਿਚ ਤੇਜ਼ ਗੇਂਦਬਾਜ਼ਾਂ ਨੇ 24.47 ਦੀ ਔਸਤ ਨਾਲ 354 ਜਦਕਿ ਸਪਿੰਨਰਾਂ ਨੇ 35.38 ਦੀ ਔਸਤ ਨਾਲ ਸਿਰਫ਼ 115 ਵਿਕਟਾਂ ਲਈਆਂ ਸਨ ਪਰ ਨਰਿੰਦਰ ਮੋਦੀ ਸਟੇਡੀਅਮ ਵਿਚ ਅਜਿਹੀ ਸਪਿੰਨ ਪਿੱਚ ਬਣਾਈ ਗਈ ਜਿਸ ਵਿਚ ਸਿਰਫ਼ ਤੇ ਸਿਰਫ਼ ਸਪਿੰਨਰਾਂ ਦਾ ਹੀ ਜਲਵਾ ਰਿਹਾ। ਖੱਬੇ ਹੱਥ ਦੇ ਫਿੰਗਰ ਸਪਿੰਨਰ ਅਕਸ਼ਰ ਪਟੇਲ ਨੇ ਆਪਣੇ ਘਰ ਵਿਚ ਪਹਿਲਾ ਟੈਸਟ ਖੇਡਦੇ ਹੋਏ ਛੇ ਤੇ ਸਦਾਬਹਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟਾਂ ਲੈ ਕੇ ਇੰਗਲੈਂਡ ਨੂੰ ਡੇ-ਨਾਈਟ ਦੇ ਪਹਿਲੇ ਦਿਨ ਦੇ ਦੂਜੇ ਸੈਸ਼ਨ ਤੋਂ ਪਹਿਲਾਂ ਹੀ 112 ਦੌੜਾਂ 'ਤੇ ਆਲ ਆਊਟ ਕਰ ਦਿੱਤਾ।
ਆਪਣਾ 100ਵਾਂ ਟੈਸਟ ਖੇਡ ਰਹੇ ਭਾਰਤ ਦੇ ਦੂਜੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਇਕ ਵਿਕਟ ਲਈ। ਇੰਗਲੈਂਡ ਵੱਲੋਂ ਓਪਨਰ ਜੈਕ ਕ੍ਰਾਲੇ ਨੇ ਸਭ ਤੋਂ ਵੱਧ 53 ਦੌੜਾਂ ਬਣਾਈਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਇੰਗਲਿਸ਼ ਕਪਤਾਨ ਜੋ ਰੂਟ ਜਦ ਮੈਦਾਨ ਵਿਚ ਟਾਸ ਕਰਨ ਆਏ ਤਾਂ ਪਿੱਚ 'ਤੇ ਘਾਹ ਦਾ ਨਿਸ਼ਾਨ ਵੀ ਨਹੀਂ ਸੀ। ਇਸ ਤੋਂ ਸਮਝ ਆ ਗਿਆ ਸੀ ਕਿ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਹੋ ਰਹੇ ਕਿਸੇ ਮੁਕਾਬਲੇ ਵਿਚ ਤੇਜ਼ ਗੇਂਦਬਾਜ਼ਾਂ ਦੀ ਥਾਂ ਸਪਿੰਨਰ ਚਮਕਣਗੇ। ਹਾਲਾਂਕਿ ਰੂਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਪਰ ਉਨ੍ਹਾਂ ਦੇ ਬੱਲੇਬਾਜ਼ ਸ਼ਾਇਦ ਵਿਕਟ 'ਤੇ ਟਿਕਣਾ ਹੀ ਭੁੱਲ ਗਏ।
ਪਹਿਲੀ ਵਾਰ ਸਪਿੰਨਰਾਂ ਨੇ ਗੁਲਾਬੀ ਗੇਂਦ ਨਾਲ ਨੌਂ ਵਿਕਟਾਂ ਲਈਆਂ
ਗੁਲਾਬੀ ਗੇਂਦ ਨਾਲ ਹੋਏ ਹੁਣ ਤਕ ਦੇ 15 ਡੇ-ਨਾਈਟ ਟੈਸਟ ਵਿਚ ਇਹ ਪਹਿਲੀ ਵਾਰ ਹੋਇਆ ਜਦ ਸਪਿੰਨਰਾਂ ਨੇ ਪਹਿਲੀ ਪਾਰੀ ਵਿਚ ਨੌਂ ਵਿਕਟਾਂ ਲਈਆਂ। ਭਾਰਤ ਵਿਚ ਇਹ ਦੂਜਾ ਡੇ-ਨਾਈਟ ਟੈਸਟ ਹੈ। ਇਸ ਤੋਂ ਪਹਿਲਾਂ 2019 ਵਿਚ ਈਡਨ ਗਾਰਡਨ ਵਿਚ ਬੰਗਲਾਦੇਸ਼ ਖ਼ਿਲਾਫ਼ ਹੋਏ ਪਹਿਲੇ ਡੇ-ਨਾਈਟ ਟੈਸਟ ਵਿਚ ਭਾਰਤੀ ਸਪਿੰਨਰਾਂ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨੇ ਦੋਵਾਂ ਪਾਰੀਆਂ ਵਿਚ ਸਿਰਫ ਸੱਤ ਓਵਰ ਸੁੱਟੇ ਸਨ। ਉਥੇ ਅਹਿਮਦਾਬਾਦ ਵਿਚ ਅਕਸ਼ਰ ਤੇ ਅਸ਼ਵਿਨ ਨੇ ਮਿਲ ਕੇ ਪਹਿਲੀ ਪਾਰੀ ਵਿਚ 37.4 ਓਵਰ ਸੁੱਟੇ। ਇੱਥੇ ਤੇਜ਼ ਗੇਂਦਬਾਜ਼ਾਂ ਇਸ਼ਾਂਤ ਤੇ ਜਸਪ੍ਰਰੀਤ ਬੁਮਰਾਹ ਨੇ ਮਿਲ ਕੇ ਕੁੱਲ 11 ਓਵਰ ਸੁੱਟੇ ਜਦਕਿ ਈਡਨ ਵਿਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਮਿਲਾ ਕੇ ਕੁੱਲ 20 ਵਿਕਟਾਂ ਹਾਸਲ ਕੀਤੀਆਂ ਸਨ।