ਮੀਰਪੁਰ (ਪੀਟੀਆਈ) : ਭਾਰਤੀ ਟੀਮ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਵਨ ਡੇ ਵਿਚ ਬੁੱਧਵਾਰ ਨੂੰ ਇੱਥੇ ਮੈਦਾਨ ਵਿਚ ਉਤਰੇਗੀ ਤਾਂ ਇਸ ਕਰੋ ਜਾਂ ਮਰੋ ਦੇ ਮੈਚ ਵਿਚ ਉਸ ਨੂੰ ਵੱਡੇ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਬੰਗਲਾਦੇਸ਼ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਸੀਰੀਜ਼ ਦੇ ਪਹਿਲੇ ਮੈਚ ਵਿਚ ਆਖ਼ਰੀ ਵਿਕਟ ਲਈ 50 ਤੋਂ ਵੱਧ ਦੌੜਾਂ ਦੀ ਅਟੁੱਟ ਭਾਈਵਾਲੀ ਕਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਭਾਰਤੀ ਗੇਂਦਬਾਜ਼ ਪਿਛਲੇ ਬੱਲੇਬਾਜ਼ਾਂ ਨੂੰ ਆਊਟ ਕਰਨ ਵਿਚ ਨਾਕਾਮ ਰਹੇ ਪਰ ਟੀਮ ਨੂੰ ਉਨ੍ਹਾਂ ਤੋਂ ਵੱਧ ਨਿਰਾਸ਼ ਸਿਖਰਲੇ ਨੰਬਰ ਦੇ ਬੱਲੇਬਾਜ਼ਾਂ ਨੇ ਕੀਤਾ। ਭਾਰਤੀ ਟੀਮ ਨੇ ਪਿਛਲੀ ਵਾਰ 2015 ਵਿਚ ਬੰਗਲਾਦੇਸ਼ ਵਿਚ ਦੁਵੱਲੀ ਸੀਰੀਜ਼ ਖੇਡੀ ਸੀ ਜਦ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਟੀਮ ਤਿੰਨ ਮੈਚਾਂ ਦੀ ਸੀਰੀਜ਼ 1-2 ਨਾਲ ਹਾਰ ਗਈ ਸੀ ਤੇ ਇੱਕੋ-ਇਕ ਜਿੱਤ ਤੀਜੇ ਮੈਚ ਵਿਚ ਮਿਲੀ ਸੀ।
ਵਨ ਡੇ ਵਿਸ਼ਵ ਕੱਪ ਵਿਚ ਹੁਣ ਵੀ 10 ਮਹੀਨੇ ਦਾ ਸਮਾਂ ਬਾਕੀ ਹੈ ਪਰ ਇਹ ਹੁਣ ਤਕ ਸਪੱਸ਼ਟ ਨਹੀਂ ਹੈ ਕਿ ਭਾਰਤੀ ਟੀਮ ਦਾ ਨਜ਼ਰੀਆ ਕੀ ਹੋਵੇਗਾ। ਭਾਰਤੀ ਟੀਮ ਪਿਛਲੇ ਕੁਝ ਸਮੇਂ ਤੋਂ ਬੇਖ਼ੌਫ਼ ਹੋ ਕੇ ਬੱਲੇਬਾਜ਼ੀ ਕਰਨ ਦੀ ਗੱਲ ਕਰ ਰਹੀ ਹੈ ਪਰ ਇਸ ਯੋਜਨਾ ਨੂੰ ਘੱਟ ਮੈਚਾਂ ਵਿਚ ਹੀ ਅਜ਼ਮਾਇਆ ਗਿਆ ਹੈ। ਇਸ ਸੀਰੀਜ਼ ਲਈ ਸ਼ੁਭਮਨ ਗਿੱਲ ਤੇ ਸੰਜੂ ਸੈਮਸਨ ਵਰਗੇ ਨੌਜਵਾਨਾਂ ਨੂੰ ਆਰਾਮ ਦੇਣ ਦਾ ਉਸ ਵੇਲੇ ਦੀ ਚੋਣ ਕਮੇਟੀ ਦਾ ਫ਼ੈਸਲਾ ਹੈਰਾਨ ਕਰਨ ਵਾਲਾ ਰਿਹਾ ਹੈ। ਭਾਰਤੀ ਸਿਖਰਲੇ ਨੰਬਰ ਦੇ ਖਿਡਾਰੀਆਂ ਦੇ ਨਾਲ ਮੁੱਖ ਮੁਸ਼ਕਲ ਇਹ ਹੈ ਕਿ ਉਹ ਸ਼ੁਰੂਆਤ ਵਿਚ ਬਹੁਤ ਜ਼ਿਆਦਾ ਡਾਟ ਗੇਂਦਾਂ ਖੇਡ ਰਹੇ ਹਨ। ਬੰਗਲਾਦੇਸ਼ ਖ਼ਿਲਾਫ਼ ਮੈਚ ਵਿਚ ਭਾਰਤੀ ਟੀਮ ਨੇ 42 ਓਵਰਾਂ ਦੀ ਬੱਲੇਬਾਜ਼ੀ ਵਿਚ ਲਗਭਗ 25 ਓਵਰ ਡਾਟ ਗੇਂਦਾਂ ਖੇਡੀਆਂ। ਬਾਕੀ ਦੇ ਅੱਠ ਓਵਰਾਂ ਨੂੰ ਵੀ ਜੋੜ ਦਈਏ ਤਾਂ ਟੀਮ ਨੇ ਲਗਭਗ 200 ਗੇਂਦਾਂ 'ਤੇ ਇਕ ਵੀ ਦੌੜ ਨਹੀਂ ਬਣਾਈ। ਅਜੌਕੇ ਸਮੇਂ ਦੀ ਕ੍ਰਿਕਟ ਵਿਚ ਜਦ ਇੰਗਲੈਂਡ ਹਰ ਤਰ੍ਹਾਂ ਨਾਲ ਸਾਰੇ ਫਾਰਮੈਟਾਂ ਵਿਚ ਹਮਲਾਵਰ ਵਤੀਰਾ ਅਪਣਾਅ ਰਿਹਾ ਹੈ ਤਦ ਭਾਰਤੀ ਟੀਮ ਇਕ ਕਦਮ ਅੱਗੇ ਤੇ ਚਾਰ ਪਿੱਛੇ ਲੈ ਕੇ ਜਾ ਰਹੀ ਹੈ। ਰਾਹੁਲ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੌਂਪ ਕੇ ਟੀਮ ਨੇ ਲਚੀਲਾਪਨ ਰੁਖ਼ ਅਪਣਾਉਣ ਦੀ ਥਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਰਾਹੁਲ ਤੇ ਧਵਨ ਦੋਵਾਂ ਨੂੰ ਵਿਸ਼ਵ ਕੱਪ ਦੇ ਆਖ਼ਰੀ ਇਲੈਵਨ ਵਿਚ ਕਿਵੇਂ ਫਿੱਟ ਕੀਤਾ ਜਾਵੇ।
ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ
ਭਾਰਤ :
ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ (ਉੱਪ ਕਪਤਾਨ ਤੇ ਵਿਕਟਕੀਪਰ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਇਸ਼ਾਨ ਕਿਸ਼ਨ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਅਕਸ਼ਰ ਪਟੇਲ, ਦੀਪਕ ਚਾਹਰ, ਮੁਹੰਮਦ ਸਿਰਾਜ, ਕੁਲਦੀਪ ਸੇਨ, ਸ਼ਾਰਦੁਲ ਠਾਕੁਰ, ਉਮਰਾਨ ਮਲਿਕ, ਵਾਸ਼ਿੰਗਟਨ ਸੁੰਦਰ, ਰਾਹੁਲ ਤਿ੍ਪਾਠੀ, ਰਜਤ ਪਾਟੀਦਾਰ।
ਬੰਗਲਾਦੇਸ਼ :
ਲਿਟਨ ਦਾਸ, ਅਨਾਮੁਲ ਹਕ ਬਿਜਾਏ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਅਫੀਫ ਹੁਸੈਨ, ਯਾਸਿਰ ਅਲੀ, ਚੌਧਰੀ, ਮੇਹਦੀ ਹਸਨ ਮਿਰਾਜ, ਮੁਸਤਫਿਜੁਰ ਰਹਿਮਾਨ, ਤਸਕੀਨ ਅਹਿਮਦ, ਹਸਨ ਮਹਿਮੂਦ, ਇਬਾਦਤ ਹੁਸੈਨ ਚੌਧਰੀ, ਨਾਸੁਮ ਅਹਿਮਦ, ਮਹਿਮੂਦ ਉੱਲਾਹ, ਨਜਮੁਲ ਹੁਸੈਨ ਸ਼ਾਂਟੋ, ਕਾਜੀ ਨੁਰੁਲ ਹਸਨ ਸੋਹਨ, ਸ਼ੋਰਫੁਲ ਇਸਲਾਮ।