ਨਵੀਂ ਦਿੱਲੀ (ਜੇਐੱਨਐੱਨ) : ਜੋਸ ਬਟਲਰ (ਅਜੇਤੂ 106) ਦੇ ਧਮਾਕੇਦਾਰ ਸੈਂਕੜੇ ਦੇ ਦਮ ’ਤੇ ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਦੂਜੇ ਕੁਆਲੀਫਾਇਰ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਸੱਤ ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਮੁਕਾਬਲਾ ਐਤਵਾਰ 29 ਮਈ ਨੂੰ ਗੁਜਰਾਤ ਟਾਈਟਨਜ਼ ਨਾਲ ਹੋਵੇਗਾ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਤੈਅ 20 ਓਵਰਾਂ ’ਚ ਅੱਠ ਵਿਕਟਾਂ ਦੇ ਨੁਕਸਾਨ ’ਤੇ 157 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਰਾਜਸਥਾਨ ਰਾਇਲਜ਼ ਨੇ 18.1 ਓਵਰਾਂ ’ਚ ਸਿਰਫ਼ ਤਿੰਨ ਵਿਕਟਾਂ ਦੇ ਨੁਕਸਾਨ ’ਤੇ 161 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਰਾਜਸਥਾਨ ਵੱਲੋਂ ਬਟਲਰ ਤੋਂ ਇਲਾਵਾ ਯਸ਼ਸਵੀ ਨੇ 21 ਤੇ ਸੰਜੂ ਸੈਮਸਨ ਨੇ 23 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਲਈ ਫਾਫ ਡੁਪਲੇਸਿਸ (25) ਤੇ ਰਜਤ ਪਾਟੀਦਾਰ (58) ਨੇ ਅਰਧ ਸੈਂਕੜੇ ਵਾਲੀ ਭਾਈਵਾਲੀ ਕੀਤੀ। ਪਾਟੀਦਾਰ ਨੇ 42 ਗੇਂਦਾਂ ’ਚ ਚਾਰ ਚੌਕੇ ਤੇ ਤਿੰਨ ਛੱਕੇ ਲਾਏ। ਮੈਕਸਵੈੱਲ ਨੇ 24 ਦੌੜਾਂ ਦੀ ਪਾਰੀ ਖੇਡੀ ਤੇ 13 ਗੇਂਦਾਂ ਵਿਚ ਦੋ ਛੱਕੇ ਤੇ ਇਕ ਚੌਕਾ ਲਾਇਆ। ਰਾਜਸਥਾਨ ਵੱਲੋਂ ਗੇਂਦਬਾਜ਼ੀ ਕਰਦਿਆਂ ਪ੍ਰਸਿੱਧ ਕ੍ਰਿਸ਼ਨਾ ਤੇ ਓਬੇਦ ਮੈਕਾਏ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ।