ਮਾਊਂਟ ਮੋਨਗਾਨੂਈ (ਏਪੀ) : ਤੇਜ਼ ਗੇਂਦਬਾਜ਼ ਇਬਾਦਤ ਹੁਸੈਨ ਨੇ ਚਾਰ ਵਿਕਟਾਂ ਹਾਸਲ ਕਰ ਕੇ ਬੰਗਲਾਦੇਸ਼ ਨੂੰ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਮੰਗਲਵਾਰ ਨੂੰ ਇੱਥੇ ਇਤਿਹਾਸਕ ਜਿੱਤ ਦੇ ਨੇੜੇ ਪਹੁੰਚਾ ਦਿੱਤਾ। ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ਵਿਚ 458 ਦੌੜਾਂ ਬਣਾ ਕੇ 130 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਇਬਾਦਤ ਨੇ ਜਲਵਾ ਦਿਖਾਇਆ ਤੇ ਮੈਚ ਦੇ ਚੌਥੇ ਦਿਨ ਸਮਾਪਤੀ 'ਤੇ ਨਿਊਜ਼ੀਲੈਂਡ ਦੀ ਦੂਜੀ ਪਾਰੀ ਦਾ ਸਕੋਰ ਪੰਜ ਵਿਕਟਾਂ 'ਤੇ 147 ਦੌੜਾਂ ਕਰ ਦਿੱਤਾ। ਪਹਿਲੀ ਪਾਰੀ ਵਿਚ 328 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਨੂੰ ਇਸ ਤਰ੍ਹਾਂ ਸਿਰਫ਼ 17 ਦੌੜਾਂ ਦੀ ਬੜ੍ਹਤ ਮਿਲੀ ਹੈ। ਇਬਾਦਤ (4/39) ਨੇ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਡੇਵੋਨ ਕਾਨਵੇ (13) ਨੂੰ ਆਊਟ ਕਰਨ ਤੋਂ ਬਾਅਦ ਵਿਲ ਯੰਗ (69), ਹੈਨਰੀ ਨਿਕੋਲਸ (00) ਤੇ ਟਾਮ ਬਲੰਡੇਲ (00) ਨੂੰ ਛੇ ਗੇਂਦਾਂ ਅੰਦਰ ਪਵੇਲੀਅਨ ਭੇਜ ਕੇ ਬੰਗਲਾਦੇਸ਼ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਨਿਊਜ਼ੀਲੈਂਡ ਦੀ ਉਮੀਦ ਹੁਣ ਤਜਰਬੇਕਾਰ ਰਾਸ ਟੇਲਰ 'ਤੇ ਟਿਕੀ ਹੈ ਜੋ 37 ਦੌੜਾਂ ਬਣਾ ਕੇ ਖੇਡ ਰਹੇ ਹਨ। ਉਨ੍ਹਾਂ ਨਾਲ ਦੂਜੇ ਪਾਸੇ ਖੜ੍ਹੇ ਰਚਿਨ ਰਵਿੰਦਰ ਨੇ ਛੇ ਦੌੜਾਂ ਬਣਾਈਆਂ ਹਨ।
ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ ਤਿੰਨਾਂ ਫਾਰਮੈਟਾਂ ਵਿਚ ਨਿਊਜ਼ੀਲੈਂਡ ਵਿਚ ਜੋ 34 ਮੈਚ ਖੇਡੇ ਹਨ ਉਨ੍ਹਾਂ ਵਿਚੋਂ ਸਿਰਫ਼ ਇਕ ਮੈਚ (ਸਕਾਟਲੈਂਡ ਖ਼ਿਲਾਫ਼) ਉਸ ਨੂੰ ਜਿੱਤ ਮਿਲੀ ਹੈ। ਇਸ ਮੈਚ ਵਿਚ ਵੀ ਤਜਰਬੇਕਾਰ ਸ਼ਾਕਿਬ ਅਲ ਹਸਨ, ਤਮੀਮ ਇਕਬਾਲ ਤੇ ਮਹਿਮੂਦੁੱਲ੍ਹਾ ਦੀ ਗੈਰਮੌਜੂਦਗੀ ਵਿਚ ਉਸ ਦੀ ਜਿੱਤ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਪਰ ਬੰਗਲਾਦੇਸ਼ ਨੇ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ ਤੇ ਫਿਰ ਕਪਤਾਨ ਮੋਮੀਨੁਲ ਹੱਕ (88), ਲਿਟਨ ਦਾਸ (86), ਮਹਿਮੂਦੁਲ ਹਸਨ ਜਾਇ (78) ਤੇ ਨਜਮੁਲ ਹੁਸੈਨ ਸ਼ਾਂਤੋ (64) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਵੱਡੀ ਬੜ੍ਹਤ ਹਾਸਲ ਕੀਤੀ। ਬੰਗਲਾਦੇਸ਼ ਨੇ ਮੰਗਲਵਾਰ ਦੀ ਸਵੇਰ ਛੇ ਵਿਕਟਾਂ 'ਤੇ 401 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਮੇਹਦੀ ਹਸਨ (47) ਤੇ ਯਾਸਿਰ ਅਲੀ (26) ਦੀਆਂ ਕੋਸ਼ਿਸ਼ਾਂ ਨਾਲ ਸਕੋਰ ਵਿਚ 57 ਦੌੜਾਂ ਹੋਰ ਜੋੜੀਆਂ। ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਨੇ ਚਾਰ, ਨੀਲ ਵੈਗਨਰ ਨੇ ਤਿੰਨ ਤੇ ਟਿਮ ਸਾਊਥੀ ਨੇ ਦੋ ਵਿਕਟਾਂ ਲਈਆਂ।