ਆਕਲੈਂਡ , ਪੀਟੀਆਈ :
ਕੋਵਿਡ-19 ਇਨਫੈਕਸ਼ਨ ਦੇ ਮਾਮਲਿਆਂ ਕਾਰਨ ਵਿਚਾਲੇ ਸੈਸ਼ਨ ਵਿਚ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਚੁੱਕੀ ਆਈਪੀਐੱਲ ਨਾਲ ਜੁੜੇ ਨਿਊਜ਼ੀਲੈਂਡ ਦੇ ਸਾਰੇ ਕ੍ਰਿਕਟਰ ਅਤੇ ਕੋਚ ਦੋ ਸਮੂਹਾਂ ਵਿਚ ਦੇਸ਼ ਪਰਤ ਗਏ।
ਕ੍ਰਿਕਟਰ ਟ੍ਰੇਂਟ ਬੋਲਟ, ਫਿਨ ਐਲਨ, ਜੇਮਸ ਨੀਸ਼ਾਮ, ਐਡਮ ਮਿਲਨੇ ਅਤੇ ਸਕਾਟ ਕੁਗੇਲਿਨ ਤੋਂ ਇਲਾਵਾ ਕੋਚ ਅਤੇ ਸਾਬਕਾ ਖਿਡਾਰੀ ਜੇਮਸ ਅਤੇ ਸ਼ੇਨ ਬਾਂਡ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕ੍ਰਿਕਟ ਸੰਚਾਲਨ ਨਿਰਦੇਸ਼ਕ ਮਾਈਕ ਹੇਸਨ ਸ਼ਨਿਚਰਵਾਰ ਦੇਰ ਰਾਤ ਇੱਥੇ ਪੁੱਜੇ। ਲੀਗ ਦੇ ਮੁਲਤਵੀ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਦਲ ਨੂੰ ਦੇਸ਼ ਭੇਜਣ ਲਈ ਦੋ ਚਾਰਟਰਡ ਜਹਾਜ਼ਾਂ ਦੀ ਵਿਵਸਥਾ ਕੀਤੀ ਗਈ ਸੀ। ਪਹਿਲਾ ਦਲ ਬੋਂਮਬਾਰਡੀਅਰ ਗਲੋਬਲ ਐਕਸਪ੍ਰੈੱਸ ਨਿੱਜੀ ਜੈੱਟ ਰਾਹੀਂ ਟੋਕੀਓ ਹੁੰਦਾ ਹੋਇਆ ਨਿਊਜ਼ੀਲੈਂਡ ਪੁੱਜਾ। ਐਤਵਾਰ ਨੂੰ ਦੂਜਾ ਦਲ ਇੱਥੇ ਪੁੱਜਾ, ਜਿਸ ਵਿਚ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਅਤੇ ਸਟੀਫਨ ਫਲੇਮਿੰਗ ਸ਼ਾਮਲ ਸਨ।
ਵਿਸਟਾਜੈੱਟ ਦੀ ਦੂਜੀ ਉਡਾਣ ਤੋਂ ਮੈਕੁਲਮ ਅਤੇ ਫਲੇਮਿੰਗ ਤੋਂ ਇਲਾਵਾ ਸਾਥੀ ਆਈਪੀਐੱਲ ਕੋਚ ਕਾਈਲ ਮਿਲਸ, ਤੇਜ਼ ਗੇਂਦਬਾਜ਼ ਲਾਕੀ ਫਰਗਊਸਨ, ਕਮੈਂਟੇਟਰ ਸਾਈਮਨ ਡੂਲ ਅਤੇ ਸਕਾਟ ਸਟਾਈਰਿਸ ਅਤੇ ਅੰਪਾਇਰ ਕ੍ਰਿਸ ਗਫਾਨੀ ਐਤਵਾਰ ਸ਼ਾਮ ਆਕਲੈਂਡ ਹਵਾਈ ਅੱਡੇ ’ਤੇ ਉਤਰੇ। ਇਨ੍ਹਾਂ ਲੋਕਾਂ ਨੂੰ ਕੁਆਰੰਟਾਈਨ ਤੋਂ ਗੁਜ਼ਰਨਾ ਹੋਵੇਗਾ।
ਕੋਵਿਡ-19 ਪਾਜ਼ੇਟਿਵ ਪਾਏ ਗਏ ਵਿਕਸਕੀਪਰ ਬੱਲੇਬਾਜ਼ ਟਿਮ ਸੇਫਰਟ ਹੁਣ ਵੀ ਭਾਰਤ ਵਿਚ ਹਨ ਅਤੇ ਚੇਨਈ ਦੇ ਨਿੱਜੀ ਹਸਪਤਾਲ ਵਿਚ ਭੇਜੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਨਿਊਜ਼ੀਲੈਂਡ ਦੇ ਬ੍ਰਿਟੇਨ ਜਾਣ ਵਾਲੇ ਟੈਸਟ ਟੀਮ ਦੇ ਮੈਂਬਰਾਂ ਕੇਨ ਵਿਲੀਅਮਸਨ, ਮਿਸ਼ੇਲ ਸੇਂਟਨਰ, ਕਾਈਲ ਜੇਮਿਸਨ ਅਤੇ ਫਿਜ਼ੀਓ ਟਾਮੀ ਸਿਮਸੇਕ ਨੂੰ ਮਾਲਦੀਵ ਭੇਜਿਆ ਗਿਆ ਹੈ। ਸ਼ੁਰੂਆਤੀ ਯੋਜਨਾ ਮੁਤਾਬਕ, ਉਨ੍ਹਾਂ ਨੂੰ ਨਵੀਂ ਦਿੱਲੀ ਵਿਚ ਰਹਿਣਾ ਸੀ। ਇਨ੍ਹਾਂ ਖਿਡਾਰੀਆਂ ਨੂੰ ਮਾਲਦੀਵ ਭੇਜਣ ਦਾ ਫ਼ੈਸਲਾ ਇਸ ਸਲਾਹ ਦੇ ਆਧਾਰ ’ਤੇ ਲਿਆ ਗਿਆ ਕਿ ਬ੍ਰਿਟੇਨ ਵਿਚ ਉਨ੍ਹਾਂ ਦੇ ਪ੍ਰਵੇਸ਼ ਵਿਚ ਇਕ ਹਫ਼ਤੇ ਦੀ ਦੇਰੀ ਹੋ ਸਕਦੀ ਹੈ। ਪਹਿਲਾਂ ਇਨ੍ਹਾਂ ਦੇ 11 ਮਈ ਦੇ ਆਸਪਾਸ ਬ੍ਰਿਟੇਨ ਜਾਣ ਦਾ ਪ੍ਰੋਗਰਾਮ ਸੀ। ਨਿਊਜ਼ੀਲੈਂਡ ਦੀ ਟੀਮ ਦੋ ਜੂਨ ਤੋਂ ਇੰਗਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ, ਜਿਸ ਤੋਂ ਬਾਅਦ ਟੀਮ ਨੂੰ 18 ਜੂਨ ਤੋਂ ਸਾਊਥੈਂਪਟਨ ਵਿਚ ਭਾਰਤ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਖੇਡਣਾ ਹੈ।