ਮਾਊਂਟ ਮੋਨਗਾਨੂਈ (ਏਪੀ) : ਬੰਗਲਾਦੇਸ਼ ਨੇ ਪਿਛਲੇ ਕੁਝ ਸਾਲਾਂ ਵਿਚ ਵਿਦੇਸ਼ੀ ਜ਼ਮੀਨ 'ਤੇ ਆਪਣਾ ਦਿਨ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਦੇ ਦੂਜੇ ਦਿਨ ਆਪਣਾ ਪਲੜਾ ਭਾਰੀ ਰੱਖਿਆ। ਬੰਗਲਾਦੇਸ਼ ਨੇ ਨਿਊਜ਼ੀਲੈਂਡ ਦੀਆਂ ਆਖ਼ਰੀ ਪੰਜ ਵਿਕਟਾਂ 70 ਦੌੜਾਂ 'ਤੇ ਹਾਸਲ ਕਰ ਕੇ ਮੇਜ਼ਬਾਨ ਟੀਮ ਦੀ ਪਹਿਲੀ ਪਾਰੀ ਨੂੰ 328 ਦੌੜਾਂ 'ਤੇ ਸਮੇਟਿਆ ਤੇ ਫਿਰ ਦਿਨ ਦੀ ਖੇਡ ਖ਼ਤਮ ਹੋਣ ਤਕ ਦੋ ਵਿਕਟਾਂ 'ਤੇ 175 ਦੌੜਾਂ ਬਣਾਈਆ। ਸਲਾਮੀ ਬੱਲੇਬਾਜ਼ ਮਹਿਮੂਦੁਲ ਹਸਨ ਜਾਯ (ਅਜੇਤੂ 70) ਤੇ ਨਜਮੁਲ ਹੁਸੈਨ ਸ਼ੰਟੋ (64) ਨੇ ਦੂਜੀ ਵਿਕਟ ਲਈ 104 ਦੌੜਾਂ ਦੀ ਭਾਈਵਾਲੀ ਕੀਤੀ। ਦਿਨ ਦੀ ਖੇਡ ਖ਼ਤਮ ਹੋਣ ਤਕ ਕਪਤਾਨ ਮੋਮੀਨੁਲ ਹਕ ਅੱਠ ਦੌੜਾਂ ਬਣਾ ਕੇ ਮਹਿਮੂਦੁਲ ਦਾ ਸਾਥ ਨਿਭਾਅ ਰਹੇ ਸਨ। ਸ਼ੰਟੋ ਨੇ ਆਪਣੇ 12ਵੇਂ ਟੈਸਟ ਵਿਚ ਦੂਜਾ ਅਰਧ ਸੈਂਕੜਾ ਲਾਇਆ। ਉਹ ਦੋ ਸੈਂਕੜੇ ਵੀ ਬਣਾ ਚੁੱਕੇ ਹਨ। ਦੂਜਾ ਟੈਸਟ ਖੇਡ ਰਹੇ ਮਹਿਮੂਦੁਲ ਦਾ ਇਹ ਪਹਿਲਾ ਅਰਧ ਸੈਂਕੜਾ ਹੈ। ਬੰਗਲਾਦੇਸ਼ ਦੀ ਟੀਮ ਅਜੇ 153 ਦੌੜਾਂ ਪਿੱਛੇ ਹੈ ਜਦਕਿ ਉਸ ਦੀਆਂ ਅੱਠ ਵਿਕਟਾਂ ਬਾਕੀ ਹਨ। ਮਹਿਮੂਦੁਲ ਨੇ ਸ਼ਾਦਮਾਨ ਇਸਲਾਮ (22) ਨਾਲ ਪਹਿਲੀ ਵਿਕਟ ਲਈ 43 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਨੇ ਮੇਜ਼ਬਾਨ ਟੀਮ ਨੂੰ 18 ਓਵਰਾਂ ਤੋਂ ਵੱਧ ਤਕ ਕਾਮਯਾਬੀ ਤੋਂ ਵਾਂਝਾ ਰੱਖ ਕੇ ਨਵੀਂ ਗੇਂਦ ਦੀ ਚਮਕ ਫਿੱਕੀ ਕੀਤੀ ਜਿਸ ਦਾ ਫ਼ਾਇਦਾ ਦੂਜੀ ਵਿਕਟ ਦੀ ਜੋੜੀ ਨੇ ਉਠਾਇਆ। ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਲਈ ਡੇਵੋਨ ਕਾਨਵੇ ਨੇ 122 ਦੌੜਾਂ ਬਣਾ ਕੇ ਚੌਥੇ ਟੈਸਟ ਵਿਚ ਆਪਣਾ ਦੂਜਾ ਸੈਂਕੜਾ ਲਾਇਆ ਸੀ ਪਰ ਐਤਵਾਰ ਨੂੰ ਹੇਠਲਾ ਕ੍ਰਮ ਨਾਕਾਮ ਰਿਹਾ। ਹੈਨਰੀ ਨਿਕੋਲਸ 75 ਦੌੜਾਂ ਬਣਾ ਕੇ ਆਊਟ ਹੋਣ ਵਾਲੇ ਆਖ਼ਰੀ ਬੱਲੇਬਾਜ਼ ਰਹੇ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਰੀਫੁਲ ਇਸਲਾਮ (3/69) ਨੇ ਹਰਫ਼ਨਮੌਲਾ ਰਚਿਨ ਰਵਿੰਦਰ (04) ਨੂੰ ਪਵੇਲੀਅਨ ਭੇਜਿਆ ਜਦਕਿ ਆਫ ਸਪਿੰਨਰ ਮੇਹਦੀ ਹਸਨ ਮਿਰਾਜ (3/86) ਨੇ ਕਾਇਲ ਜੇਮੀਸਨ (06), ਟਿਮ ਸਾਊਥੀ (06) ਤੇ ਨੀਲ ਵੈਗਨਰ (00) ਦੀਆਂ ਪਾਰੀਆਂ ਦਾ ਅੰਤ ਕੀਤਾ। ਮੋਮੀਨੁਲ ਨੇ ਖੱਬੇ ਹੱਥ ਦੀ ਸਪਿੰਨ ਗੇਂਦਬਾਜ਼ੀ ਨਾਲ ਕਾਨਵੇ ਤੇ ਨਿਕੋਲਸ ਨੂੰ ਆਊਟ ਕੀਤਾ। ਉਨ੍ਹਾਂ ਨੇ ਛੇ ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।
ਮਹਿਮੂਦੁਲ ਤੇ ਸ਼ਾਦਮਾਨ ਦੀ ਬਿਹਤਰੀਨ ਸ਼ੁਰੂਆਤ :
ਬੰਗਲਾਦੇਸ਼ ਨੂੰ ਲੰਚ ਤੋਂ ਪਹਿਲਾਂ ਮਹਿਮੂਦੁਲ ਤੇ ਸ਼ਾਦਮਾਨ ਨੇ ਝਟਕੇ ਨਹੀਂ ਲੱਗਣ ਦਿੱਤੇ। ਦੂਜੇ ਸੈਸ਼ਨ ਵਿਚ ਵੀ ਉਨ੍ਹਾਂ ਨੇ ਪਹਿਲੇ ਘੰਟੇ ਵਿਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਕਾਮਯਾਬੀ ਤੋਂ ਦੂਰ ਰੱਖਿਆ। ਸ਼ਾਦਮਾਨ ਹਾਲਾਂਕਿ ਡਿ੍ੰਕਸ ਬ੍ਰੇਕ ਤੋਂ ਬਾਅਦ ਪਹਿਲੀ ਹੀ ਗੇਂਦ 'ਤੇ ਨੀਲ ਵੈਗਨਰ (2/27) ਦੀ ਗੇਂਦ 'ਤੇ ਉਨ੍ਹਾਂ ਨੂੰ ਹੀ ਕੈਚ ਦੇ ਬੈਠੇ। ਵੈਗਨਰ ਨੇ ਇਸ ਤੋਂ ਬਾਅਦ ਮਹਿਮੂਦੁਲ ਤੇ ਨਜਮੁਲ ਦੀ ਭਾਈਵਾਲੀ ਨੂੰ ਵੀ ਤੋੜਿਆ। ਉਨ੍ਹਾਂ ਨੇ ਨਜਮੁਲ ਨੂੰ ਵਿਲ ਯੰਗ ਹੱਥੋਂ ਕੈਚ ਕਰਵਾਇਆ। ਨਜਮੁਲ ਨੇ 109 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੱਤ ਚੌਕੇ ਤੇ ਇਕ ਛੱਕਾ ਲਾਇਆ ਜਦਕਿ ਮਹਿਮੂਦੁਲ 211 ਗੇਂਦਾਂ ਦੀ ਆਪਣੀ ਪਾਰੀ ਵਿਚ ਸੱਤ ਚੌਕੇ ਲਾ ਚੁੱਕੇ ਹਨ।