ਸਿਡਨੀ (ਏਪੀ) : ਜਾਨੀ ਬੇਰਸਟੋ ਦੇ ਹੌਸਲੇ ਵਾਲੇ ਸੈਂਕੜੇ ਤੇ ਬੇਨ ਸਟੋਕਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਖ਼ਰਾਬ ਸ਼ੁਰੂਆਤ ਤੋਂ ਬਾਅਦ ਚੌਥੇ ਐਸ਼ੇਜ਼ ਟੈਸਟ ਦੇ ਤੀਜੇ ਦਿਨ ਵਾਪਸੀ ਕੀਤੀ। ਬੇਰਸਟੋ ਇਸ ਸੀਰੀਜ਼ ਦੀਆਂ ਸੱਤ ਪਾਰੀਆਂ ਵਿਚ ਪਹਿਲਾ ਸੈਂਕੜਾ ਜੜਨ ਵਾਲੇ ਇੰਗਲੈਂਡ ਦੇ ਬੱਲੇਬਾਜ਼ ਹਨ। ਇਕ ਸਮੇਂ 'ਤੇ ਇੰਗਲੈਂਡ ਦਾ ਸਕੋਰ ਚਾਰ ਵਿਕਟਾਂ 'ਤੇ 36 ਦੌੜਾਂ ਸੀ ਪਰ ਬੇਰਸਟੋ ਤੇ ਸਟੋਕਸ ਨੇ ਉਸ ਨੂੰ ਸੱਤ ਵਿਕਟਾਂ 'ਤੇ 258 ਦੌੜਾਂ ਤਕ ਪਹੁੰਚਾਇਆ। ਪੈਟ ਕਮਿੰਸ ਦੀ ਗੇਂਦ ਅੰਗੂਠੇ 'ਤੇ ਲੱਗਣ ਤੋਂ ਬਾਅਦ ਬੇਰਸਟੋ ਦਰਦ ਨਾਲ ਪਰੇਸ਼ਾਨ ਹੋਏ ਪਰ ਘਬਰਾਏ ਬਿਨਾਂ 138 ਗੇਂਦਾਂ ਵਿਚ 12 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਦੋਵੇਂ ਬਾਹਾਂ ਖੋਲ੍ਹ ਕੇ ਇੰਗਲੈਂਡ ਦੇ ਡ੍ਰੈਸਿੰਗ ਰੂਮ ਵੱਲ ਭੱਜਦੇ ਹੋਏ ਆਪਣੇ ਸੱਤਵੇਂ ਸੈਂਕੜੇ ਦਾ ਜਸ਼ਨ ਮਨਾਇਆ। ਤੀਜੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਬੇਰਸਟੋ 103 ਤੇ ਜੈਕ ਲੀਚ ਚਾਰ ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਅਜੇ ਵੀ ਪਹਿਲੀ ਪਾਰੀ ਦੇ ਆਧਾਰ 'ਤੇ ਆਸਟ੍ਰੇਲੀਆ ਤੋਂ 158 ਦੌੜਾਂ ਪਿੱਛੇ ਹੈ। ਬੇਨ ਸਟੋਕਸ ਨੇ 91 ਗੇਂਦਾਂ ਵਿਚ 66 ਦੌੜਾਂ ਬਣਾਈਆਂ। ਉਨ੍ਹਾਂ ਨੇ ਬੇਰਸਟੋ ਦੇ ਨਾਲ 128 ਦੌੜਾਂ ਦੀ ਭਾਈਵਾਲੀ ਕੀਤੀ। ਸਟੋਕਸ ਜਦ ਨੌਂ ਦੌੜਾਂ 'ਤੇ ਸਨ ਤਾਂ ਕਮਿੰਸ ਨੇ ਉਨ੍ਹਾਂ ਦਾ ਰਿਟਰਨ ਕੈਚ ਛੱਡਿਆ। ਜੇ ਉਹ ਆਊਟ ਹੋ ਜਾਂਦੇ ਤਾਂ 50 ਦੌੜਾਂ ਤੋਂ ਵੀ ਘੱਟ 'ਤੇ ਇੰਗਲੈਂਡ ਦੀਆਂ ਪੰਜ ਵਿਕਟਾਂ ਹੁੰਦੀਆਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਤੇਜ਼ ਹਮਲੇ ਦੇ ਸਾਹਮਣੇ ਇਕ ਵਾਰ ਮੁੜ ਇੰਗਲੈਂਡ ਦੇ ਉੱਪਰਲੇ ਬੱਲੇਬਾਜ਼ ਨਾਕਾਮ ਰਹੇ। ਸ਼ੁੱਕਰਵਾਰ ਨੂੰ ਲੰਚ ਤਕ ਇੰਗਲੈਂਡ ਨੇ ਚਾਰ ਵਿਕਟਾਂ 'ਤੇ ਸਿਰਫ਼ 36 ਦੌੜਾਂ ਗੁਆ ਦਿੱਤੀਆਂ ਸਨ।
ਬਾਰਿਸ਼ ਕਾਰਨ ਖੇਡ 90 ਮਿੰਟ ਦੇਰ ਨਾਲ ਸ਼ੁਰੂੁ ਹੋਇਆ। ਹਸੀਬ ਹਮੀਦ ਜਦ ਦੋ ਦੌੜਾਂ 'ਤੇ ਸਨ ਤਾਂ ਉਨ੍ਹਾਂ ਦਾ ਕੈਚ ਛੁੱਟਿਆ ਪਰ ਉਹ ਚਾਰ ਦੌੜਾਂ ਜੋੜ ਕੇ ਆਊਟ ਹੋ ਗਏ। ਜੈਕ ਕ੍ਰਾਲੇ (18 ) ਨੂੰ ਬੋਲੈਂਡ ਨੇ ਆਊਟ ਕੀਤਾ ਤੇ ਅਗਲੇ ਓਵਰ ਵਿਚ ਇੰਗਲੈਂਡ ਦੇ ਕਪਤਾਨ ਜੋ ਰੂਟ ਉਨ੍ਹਾਂ ਦਾ ਸ਼ਿਕਾਰ ਹੋਏ। ਲੰਚ ਤੋਂ ਠੀਕ ਪਹਿਲਾਂ ਡੇਵਿਡ ਮਲਾਨ ਨੂੰ ਕੈਮਰਨ ਗ੍ਰੀਨ ਨੇ ਸਲਿਪ ਵਿਚ ਉਸਮਾਨ ਖਵਾਜਾ ਹੱਥੋਂ ਕੈਚ ਕਰਵਾਇਆ। ਸਟੋਕਸ ਦੇ ਆਊਟ ਹੋਣ ਤੋਂ ਬਾਅਦ ਜੋਸ ਬਟਲਰ ਲਗਾਤਾਰ ਦੂਜੀ ਵਾਰ ਖਾਤਾ ਨਹੀਂ ਖੋਲ੍ਹ ਸਕੇ। ਬੇਰਸਟੋ ਤੇ ਮਾਰਕ ਵੁਡ (39 ਦੌੜਾਂ) ਨੇ 72 ਦੌੜਾਂ ਦੀ ਭਾਈਵਾਲੀ ਕੀਤੀ। ਬਾਰਿਸ਼ ਦੇ ਬਾਵਜੂਦ ਸਿਡਨੀ ਕ੍ਰਿਕਟ ਗਰਾਊਂਡ ਸ਼ੁੱਕਰਵਾਰ ਨੂੰ ਗੁਲਾਬੀ ਰੰਗ ਵਿਚ ਰੰਗਿਆ ਸੀ। ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦੇ ਚੈਰਿਟੀ ਫਾਊਂਡੇਸ਼ਨ ਲਈ ਸਿਡਨੀ ਟੈਸਟ ਦਾ ਤੀਜਾ ਦਿਨ ਗੁਲਾਬੀ ਹੁੰਦਾ ਹੈ। ਪਿਛਲੇ 14 ਸਾਲ ਤੋਂ ਇਹ ਰਵਾਇਤ ਚੱਲ ਰਹੀ ਹੈ।
ਗੇਂਦ ਸਟੰਪ 'ਤੇ ਲੱਗਣ ਨਾਲ ਵੀ ਨਹੀਂ ਡਿੱਗੀਆਂ ਗਿੱਲੀਆਂ :
ਚੌਥੇ ਟੈਸਟ ਵਿਚ ਆਸਟ੍ਰੇਲਿਆਈ ਖਿਡਾਰੀ ਉਸ ਸਮੇਂ ਹੈਰਾਨ ਰਹਿ ਗਏ ਜਦ ਕੈਮਰਨ ਗ੍ਰੀਨ ਦੀ 142 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਗੇਂਦ ਆਫ ਸਟੰਪ ਨਾਲ ਟਕਰਾਈ ਪਰ ਗਿੱਲੀਆਂ ਨਹੀਂ ਡਿੱਗੀਆਂ ਤੇ ਬੇਨ ਸਟੋਕਸ ਨੂੰ ਜੀਵਨਦਾਨ ਮਿਲ ਗਿਆ। ਆਸਟ੍ਰੇਲਿਆਈ ਖਿਡਾਰੀਆਂ ਨੂੰ ਯਕੀਨ ਨਹੀਂ ਹੋਇਆ ਤੇ ਉਨ੍ਹਾਂ ਨੇ ਸਟੰਪ ਨੂੰ ਹਿਲਾ ਕੇ ਦੇਖਿਆ ਕਿ ਕਿਤੇ ਕੁਝ ਗੜਬੜ ਤਾਂ ਨਹੀਂ ਹੈ। ਸਟੋਕਸ ਉਸ ਸਮੇਂ 16 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ। ਗੇਂਦ ਸਟੰਪ 'ਤੇ ਲੱਗ ਕੇ ਪਿੱਛੇ ਚਲੀ ਗਈ। ਅੰਪਾਇਰ ਨੇ ਉਨ੍ਹਾਂ ਨੂੰ ਆਊਟ ਦੇ ਦਿੱਤਾ। ਅੰਪਾਇਰ ਨੂੰ ਲੱਗਾ ਕਿ ਉਹ ਲੱਤ ਅੜਿੱਕਾ ਹਨ ਪਰ ਸਟੋਕਸ ਨੇ ਰਿਵਿਊ ਲੈ ਲਿਆ।
ਵੀਡੀਓ ਰੀਪਲੇਅ ਵਿਚ ਸਾਫ ਹੋਇਆ ਕਿ ਗ੍ਰੀਨ ਦੀ ਗੇਂਦ ਆਫ ਸਟੰਪ ਨਾਲ ਟਕਰਾਈ ਸੀ। ਸ਼ੇਨ ਵਾਰਨ ਉਸ ਸਮੇਂ ਕੁਮੈਂਟਰੀ ਕਰ ਰਹੇ ਸਨ ਤੇ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਅੰਪਾਇਰ ਨੇ ਆਖ਼ਰ ਉਂਗਲੀ ਕਿਵੇਂ ਚੁੱਕ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੀ ਉਨ੍ਹਾਂ ਨੂੰ ਆਊਟ ਦਿੱਤਾ ਗਿਆ ਸੀ? ਇਹ ਹੈਰਾਨੀ ਦੀ ਗੱਲ ਹੈ? ਸਚਿਨ ਤੇਂਦੁਲਕਰ ਨੇ ਵੀ ਟਵਿੱਟਰ 'ਤੇ ਮਜ਼ਾਕ ਕਰਦੇ ਹੋਏ ਲਿਖਿਆ ਕਿ ਕੀ ਗੇਂਦ ਦੇ ਵਿਕਟ 'ਤੇ ਲੱਗਣ ਤੇ ਗਿੱਲੀਆਂ ਨਾ ਡਿੱਗਣ ਤੋਂ ਬਾਅਦ ਇਕ ਨਵਾਂ ਨਿਯਮ ਲਿਆਉਣਾ ਚਾਹੀਦਾ ਹੈ ਹਿਟਿੰਗ ਦ ਸਟੰਪ? ਤੁਸੀਂ ਕੀ ਸੋਚਦੇ ਹੋ ਦੋਸਤੋ? ਉਥੇ ਦਿਨੇਸ਼ ਕਾਰਤਿਕ ਨੇ ਲਿਖਿਆ ਕਿ ਤੁਸੀਂ ਆਪਣੇ ਆਫ ਸਟੰਪ 'ਤੇ ਯਕੀਨ ਰੱਖੋ ਤੇ ਆਫ ਸਟੰਪ ਨੂੰ ਤੁਹਾਡੇ 'ਤੇ ਯਕੀਨ ਹੋਵੇ। ਸਟੋਕਸ 66 ਦੌੜਾਂ ਬਣਾ ਕੇ ਨਾਥਨ ਲਿਓਨ ਦਾ ਸ਼ਿਕਾਰ ਬਣੇ.