ਐਡੀਲੇਡ (ਏਪੀ) : ਆਸਟ੍ਰੇਲੀਆ ਨੇ ਐਤਵਾਰ ਨੂੰ ਇੱਥੇ ਐਡੀਲੇਡ ਵਿਚ ਦੂਜੇ ਡੇ-ਨਾਈਟ ਐਸ਼ੇਜ਼ ਕ੍ਰਿਕਟ ਟੈਸਟ ਵਿਚ ਜਿੱਤ ਲਈ 468 ਦੌੜਾਂ ਦਾ ਰਿਕਾਰਡ ਟੀਚਾ ਦੇਣ ਤੋਂ ਬਾਅਦ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਇੰਗਲੈਂਡ ਦੀਆਂ 82 ਦੌੜਾਂ ਦੇ ਸਕੋਰ 'ਤੇ ਚਾਰ ਵਿਕਟਾਂ ਹਾਸਲ ਕਰ ਕੇ ਜਿੱਤ ਵੱਲ ਕਦਮ ਵਧਾਏ। ਆਖ਼ਰੀ ਦਿਨ ਇੰਗਲੈਂਡ ਨੂੰ ਜਿੱਤ ਲਈ 386 ਦੌੜਾਂ ਚਾਹੀਦੀਆਂ ਹਨ ਜਦਕਿ ਉਸ ਦੀਆਂ ਸਿਰਫ਼ ਛੇ ਵਿਕਟਾਂ ਬਾਕੀ ਹਨ। ਆਸਟ੍ਰੇਲੀਆ ਨੇ ਦੂਜੀ ਪਾਰੀ ਨੌਂ ਵਿਕਟਾਂ 'ਤੇ 230 ਦੌੜਾਂ ਬਣਾ ਕੇ ਐਲਾਨੀ। ਪਹਿਲੀ ਪਾਰੀ 'ਚ ਸੈਂਕੜਾ ਬਣਾਉਣ ਵਾਲੇ ਮਾਰਨਸ ਲਾਬੂਸ਼ਾਨੇ ਤੇ ਟ੍ਰੇਵਿਸ ਹੈੱਡ 51-51 ਦੌੜਾਂ ਬਣਾ ਕੇ ਸਰਬੋਤਮ ਸਕੋਰਰ ਰਹੇ। ਕੈਮਰੂਨ ਗ੍ਰੀਨ ਨੇ ਅਜੇਤੂ 33 ਦੌੜਾਂ ਬਣਾਈਆਂ ਜਿਸ ਨਾਲ ਆਸਟ੍ਰੇਲੀਆ ਨੇ ਸ਼ਾਮ ਦੇ ਸੈਸ਼ਨ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਸਟ੍ਰੇਲਿਆਈ ਗੇਂਦਬਾਜ਼ਾਂ ਨੇ ਸ਼ਾਮ ਦੇ ਹਾਲਾਤ ਦਾ ਚੰਗਾ ਫ਼ਾਇਦਾ ਉਠਾਉਂਦੇ ਹੋਏ ਦੁੱਧ-ਚਿੱਟੀ ਰੋਸ਼ਨੀ ਵਿਚ ਇੰਗਲੈਂਡ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਜਲਦੀ ਆਊਟ ਕਰ ਦਿੱਤਾ।
ਵਾਰਮਅਪ ਦੌਰਾਨ ਜ਼ਖਮੀ ਹੋਏ ਰੂਟ :
ਇੰਗਲੈਂਡ ਦੇ ਕਪਤਾਨ ਜੋ ਰੂਟ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਵਾਰਮਅਪ ਦੌਰਾਨ ਜ਼ਖ਼ਮੀ ਹੋ ਗਏ। ਰੂਟ ਦੇ ਪੇਟ ਵਿਚ ਗੇਂਦ ਲੱਗੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਰੂਟ ਦੇ ਹਾਲਾਂਕਿ ਕੋਈ ਗੰਭੀਰ ਸੱਟ ਨਹੀਂ ਲੱਗੀ ਤੇ ਉਹ ਬਾਅਦ ਵਿਚ ਫੀਲਡਿੰਗ ਲਈ ਵੀ ਉਤਰੇ।
ਦੋ ਮੀਡੀਆ ਕਰਮਚਾਰੀ ਨਿਕਲੇ ਕੋਰੋਨਾ ਪਾਜ਼ੇਟਿਵ
ਐਡੀਲੇਡ (ਏਪੀ) : ਦੂਜੇ ਐਸ਼ੇਜ਼ ਟੈਸਟ ਨੂੰ ਕਵਰ ਕਰ ਰਹੇ ਮੀਡੀਆ ਦੇ ਦੋ ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਏਬੀਸੀ. ਨੈੱਟ. ਏਯੂ ਦੇ ਮੁਤਾਬਕ ਸਟੇਡੀਅਮ ਮੈਨੇਜਮੈਂਟ ਅਥਾਰਟੀ ਨੇ ਕਿਹਾ ਹੈ ਕਿ ਵਾਇਰਸ ਲਈ ਰੈਗੂਲਰ ਜਾਂਚ ਦੌਰਾਨ ਇਕ ਪ੍ਰਸਾਰਣ ਕਰਮਚਾਰੀ ਦਾ ਨਤੀਜਾ ਪਾਜ਼ੇਟਿਵ ਆਇਆ ਹੈ। ਬਾਅਦ ਵਿਚ ਐਤਵਾਰ ਦੁਪਹਿਰ ਦੂਜਾ ਕੋਵਿਡ-19 ਪਾਜ਼ੇਟਿਵ ਮਾਮਲਾ ਸਾਹਮਣੇ ਆਇਆ, ਜੋ ਮੀਡੀਆ ਕਰਮਚਾਰੀਆਂ ਦਾ ਸੀ।