ਵਿਕਾਸ ਸ਼ਰਮਾ, ਚੰਡੀਗੜ੍ਹ : ਭਾਨੁਕਾ ਰਾਜਪਕਸ਼ੇ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਪੰਜਾਬ ਕਿੰਗਜ਼ ਨੇ ਸ਼ਨਿਚਰਵਾਰ ਨੂੰ ਮੋਹਾਲੀ ਵਿਚ ਖੇਡੇ ਗਏ ਬਾਰਿਸ਼ ਨਾਲ ਪ੍ਰਭਾਵਿਤ ਆਈਪੀਐੱਲ ਦੇ ਮੁਕਾਬਲੇ ਵਿਚ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਡਕਵਰਥ ਲੁਇਸ ਨਿਯਮ ਦੇ ਤਹਿਤ ਸੱਤ ਦੌੜਾਂ ਨਾਲ ਹਰਾਇਆ।ਪਿਛਲੇ ਸੈਸ਼ਨ ਵਿਚ ਪਲੇਆਫ ਤਕ ਵੀ ਨਾ ਪੁੱਜਣ ਵਾਲੀ ਪੰਜਾਬ ਦੀ ਸ਼ੁਰੂਆਤ ਇਸ ਆਈਪੀਐੱਲ ਵਿਚ ਚੰਗੀ ਰਹੀ ਤੇ ਉਸ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਚ ਇਸ ਮੈਚ ਵਿਚ ਪ੍ਰਭਾਵਿਤ ਕੀਤਾ। ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਨੇ ਟਾਸ ਜਿੱਤ ਕੇ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਪਰ ਰਾਜਪਕਸ਼ੇ ਤੇ ਕਪਤਾਨ ਸ਼ਿਖਰ ਧਵਨ ਨੇ ਧਮਾਕੇਦਾਰ ਬੱਲੇਬਾਜ਼ੀ ਕਰ ਕੇ ਇਸ ਫ਼ੈਸਲੇ ਨੂੰ ਗ਼ਲਤ ਸਾਬਤ ਕੀਤਾ ਤੇ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 191 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਦੀ ਟੀਮ ਦਾ ਸਕੋਰ ਜਦ 16 ਓਵਰਾਂ ਵਿਚ ਸੱਤ ਵਿਕਟਾਂ 'ਤੇ 146 ਦੌੜਾਂ ਸੀ ਤਾਂ ਬਾਰਿਸ਼ ਕਾਰਨ ਮੈਚ ਨੂੰ ਰੋਕਣਾ ਪੈ ਗਿਆ। ਬਾਰਿਸ਼ ਇੰਨੀ ਤੇਜ਼ ਸੀ ਕਿ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ ਤੇ ਡਕਵਰਥ ਲੁਇਸ ਨਿਯਮ ਦੇ ਤਹਿਤ ਸੱਤ ਦੌੜਾਂ ਨਾਲ ਪਿੱਛੇ ਹੋਣ ਕਾਰਨ ਕੇਕੇਆਰ ਨੂੰ ਮੈਚ ਗੁਆਉਣਾ ਪਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਤੇਜ਼ ਸ਼ੁਰੂਆਤ ਕੀਤੀ ਪਰ ਸਾਊਥੀ ਨੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਆਊਟ ਕਰ ਕੇ ਉਸ ਨੂੰ ਝਟਕਾ ਦਿੱਤਾ। ਹਾਲਾਂਕਿ ਰਾਜਪਕਸ਼ੇ ਤੇ ਕਪਤਾਨ ਸ਼ਿਖਰ ਨੇ ਤੇਜ਼ੀ ਨਾਲ ਖੇਡਦੇ ਹੋਏ ਇਸ ਦਬਾਅ ਨੂੰ ਘੱਟ ਕੀਤਾ। ਰਾਜਪਕਸ਼ੇ ਨੇ ਕੇਕੇਆਰ ਦੇ ਸਪਿੰਨਰ ਸੁਨੀਲ ਨਰੇਨ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਪੰਜਵੇਂ ਓਵਰ ਵਿਚ ਦੋ ਚੌਕੇ ਤੇ ਇਕ ਛੱਕਾ ਲਾਇਆ। ਉਨ੍ਹਾਂ ਨੇ ਫਿਰ ਸ਼ਾਰਦੁਲ ਠਾਕੁਰ 'ਤੇ ਵੀ ਚੌਕੇ ਤੇ ਛੱਕੇ ਲਾਏ। ਇਸ ਦੌਰਾਨ ਸ਼ਿਖਰ ਨੇ ਵੀ ਉਨ੍ਹਾਂ ਦਾ ਚੰਗਾ ਸਾਥ ਦਿੱਤਾ ਤੇ ਦੌੜਾਂ ਦੀ ਰਫ਼ਤਾਰ ਹੌਲੀ ਨਹੀਂ ਹੋਣ ਦਿੱਤੀ। ਦੋਵਾਂ ਬੱਲੇਬਾਜ਼ਾਂ ਨੇ ਕੇਕੇਆਰ ਦੇ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾਇਆ ਤੇ 10 ਓਵਰਾਂ ਵਿਚ 100 ਦੌੜਾਂ ਦਾ ਸਕੋਰ ਪਾਰ ਕਰ ਦਿੱਤਾ। ਰਾਜਪਕਸ਼ੇ ਤੇ ਸ਼ਿਖਰ ਵਿਚਾਲੇ ਦੂਜੀ ਵਿਕਟ ਲਈ 86 ਦੌੜਾਂ ਦੀ ਭਾਈਵਾਲੀ ਹੋਈ ਜੋ ਕਾਫੀ ਮਹੱਤਵਪੂਰਨ ਰਹੀ। ਹਾਲਾਂਕਿ, ਉਮੇਸ਼ ਯਾਦਵ ਨੇ 11ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਰਾਜਪਕਸ਼ੇ ਨੂੰ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਰਾਜਪਕਸ਼ੇ ਦੇ ਪਵੇਲੀਅਨ ਮੁੜਨ ਦਾ ਅਸਰ ਪੰਜਾਬ ਦੀ ਦੌੜਾਂ ਦੀ ਰਫ਼ਤਾਰ 'ਤੇ ਪਿਆ। ਇਕ ਸਮੇਂ ਟੀਮ 220 ਦੌੜਾਂ ਦੇ ਨੇੜੇ ਦਿਖਾਈ ਦੇ ਰਹੀ ਸੀ ਪਰ ਅੰਤ ਵਿਚ ਕੇਕੇਆਰ ਦੇ ਗੇਂਦਬਾਜ਼ਾਂ ਨੇ ਵਾਪਸੀ ਕੀਤੀ ਤੇ ਟੀਮ ਨੂੰ ਇੰਨਾ ਵੱਡਾ ਸਕੋਰ ਨਾ ਬਣਾਉਣ ਦਿੱਤਾ।
ਕੇਕੇਆਰ ਦੇ ਬੱਲੇਬਾਜ਼ਾਂ ਨੇ ਕੀਤਾ ਟੀਮ ਨੂੰ ਨਿਰਾਸ਼
ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਸ ਦੇ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕੇ। ਅਰਸ਼ਦੀਪ ਦੀ ਅਗਵਾਈ ਵਿਚ ਪੰਜਾਬ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸ਼ੁਰੂ ਤੋਂ ਹੀ ਕੇਕੇਆਰ 'ਤੇ ਦਬਾਅ ਬਣਾਈ ਰੱਖਿਆ। ਕੋਲਕਾਤਾ ਨੇ ਵੈਂਕਟੇਸ਼ ਅਈਅਰ ਨੂੰ ਵਰੁਣ ਚੱਕਰਵਰਤੀ ਦੀ ਥਾਂ ਇੰਪੈਕਟ ਪਲੇਅਰ ਵਜੋਂ ਉਤਾਰਿਆ ਤੇ ਉਨ੍ਹਾਂ ਨੇ ਮੈਚ ਵਿਚ ਆਪਣਾ ਅਸਰ ਛੱਡਿਆ। ਇਕ ਸਮੇਂ ਕੇਕੇਆਰ ਦੀ ਸਥਿਤੀ ਬਹੁਤ ਖ਼ਰਾਬ ਸੀ ਪਰ ਵੈਂਕਟੇਸ਼ ਨੇ ਹਰਫ਼ਨਮੌਲਾ ਆਂਦਰੇ ਰਸੇਲ ਨਾਲ ਮਿਲ ਕੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਜਦ ਤਕ ਇਹ ਦੋਵੇਂ ਬੱਲੇਬਾਜ਼ ਕ੍ਰੀਜ਼ 'ਤੇ ਟਿਕੇ ਸਨ ਤਾਂ ਲੱਗ ਰਿਹਾ ਸੀ ਕਿ ਕੇਕੇਆਰ ਜਿੱਤ ਦਰਜ ਕਰਨ ਦੇ ਨੇੜੇ ਪੁੱਜ ਜਾਵੇਗਾ ਪਰ ਦੋਵੇਂ ਹੀ ਬੱਲੇਬਾਜ਼ ਆਪਣੀ ਵਿਕਟ ਗੁਆ ਬੈਠੇ।