ਮੁੰਬਈ (ਏਜੰਸੀ) : ਬੈਂਕਿੰਗ, ਆਟੋ ਤੇ ਪਾਵਰ ਸੈਕਟਰ 'ਚ ਖ਼ਰੀਦ ਦੇ ਦਮ 'ਤੇ ਸੋਮਵਾਰ ਨੂੰ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਦੇਖਿਆ ਗਿਆ। ਮਜ਼ਬੂਤ ਘਰੇਲੂ ਸੰਕੇਤਾਂ ਤੇ ਵਿਸ਼ਵ ਬਾਜ਼ਾਰ ਦੇ ਮਿਲੇ ਜੁਲੇ ਰੁਖ਼ ਵਿਚਾਲੇ ਸਥਾਨਕ ਸ਼ੇਅਰ ਬਾਜ਼ਾਰ ਲਗਾਤਾਰ ਛੇ ਦਿਨਾਂ ਤੋਂ ਚੱਲ ਰਹੀ ਗਿਰਾਵਟ ਤੋਂ ਉੱਭਰਣ 'ਚ ਸਫਲ ਰਹੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੇਕਸ 180.22 ਅੰਕ ਵੱਧ ਕੇ 52,973.84 'ਤੇ ਬੰਦ ਹੋਇਆ। ਐੱਨਐੱਸਈ ਦਾ ਨਿਫਟੀ 60.15 ਅੰਕਾਂ ਦੀ ਬੜ੍ਹਤ ਨਾਲ 15,842.30 'ਤੇ ਬੰਦ ਹੋਇਆ।
ਪਿਛਲੇ ਛੇ ਸੈਸ਼ਨਾਂ 'ਚ ਪੰਜ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ 'ਚ ਮਜ਼ਬੂਤ ਸ਼ੁਰੂਆਤ ਹੋਈ। ਦਿਨ ਦੇ ਕਾਰੋਬਾਰ 'ਚ ਸੈਂਸੇਕਸ ਨੇ 600 ਤੋਂ ਜ਼ਿਆਦਾ ਅੰਕਾਂ ਦੀ ਬੜ੍ਹਤ ਦਰਜ ਕਰ ਲਈ ਸੀ, ਪਰ ਬਾਅਦ ਦੇ ਸੈਸ਼ਨ 'ਚ ਬਿਕਵਾਲੀ ਨੇ ਜ਼ੋਰ ਫੜ ਲਿਆ। ਹਾਲਾਂਕਿ ਆਟੋ ਤੇ ਬੈਂਕਿੰਗ ਨੇ ਬਾਜ਼ਾਰ ਨੂੰ ਬੜ੍ਹਤ 'ਚ ਬਣਾ ਕੇ ਰੱਖਿਆ। ਐੱਚਡੀਐੱਫਸੀ, ਐੱਚਡੀਐੱਫਸੀ ਬੈਂਕ, ਕੋਟਕ ਬੈਂਕ, ਆਈਸੀਆਈਸੀਆਈ ਬੈਂਕ ਤੇ ਐੱਸਬੀਆਈ ਦੇ ਸ਼ੇਅਰਾਂ 'ਚ ਤੇਜ਼ੀ ਰਹੀ। ਇਸ ਤੋਂ ਇਲਾਵਾ ਅਡਾਨੀ ਤੇ ਹੋਲਸਿਮ ਵਿਚਾਲੇ ਸੌਦੇ ਦੇ ਐਲਾਨ ਨਾਲ ਬੀਐੱਸਈ 'ਚ ਏਸੀਸੀ ਤੇ ਅੰਬੂਜਾ ਸੀਮੈਂਟਸ ਦੇ ਸ਼ੇਅਰਾਂ 'ਚ ਤੇਜ਼ੀ ਦੇਖੀ ਗਈ। ਏਸੀਸੀ ਦੇ ਸ਼ੇਅਰ 3.7 ਫੀਸਦੀ ਵੱਧ ਕੇ 2,192 ਰੁਪਏ ਤੇ ਅੰਬੂਜਾ ਸੀਮੈਂਟਸ ਦੇ ਸ਼ੇਅਰ 2.59 ਫੀਸਦੀ ਵੱਧਕੇ 368.10 ਰੁਪਏ 'ਤੇ ਪਹੁੰਚ ਗਏ। ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵੀ ਬੜ੍ਹਤ ਦਰਜ ਕੀਤੀ ਗਈ।
ਪ੍ਰਮੁੱਖ ਏਸ਼ਿਆਈ ਬਾਜ਼ਾਰਾਂ 'ਚ ਮਿਲਿਆ ਜੁਲਿਆ ਕਾਰੋਬਾਰ ਰਿਹਾ। ਹਾਂਗਕਾਂਗ ਤੇ ਜਾਪਾਨ ਦੇ ਸ਼ੇਅਰ ਬਾਜ਼ਾਰ ਬੜ੍ਹਤ 'ਚ ਤੇ ਦੱਖਣੀ ਕੋਰੀਆ ਤੇ ਚੀਨ ਦੇ ਬਾਜ਼ਾਰ ਗਿਰਾਵਟ 'ਚ ਦਿਖੇ। ਯੂਰਪੀ ਬਾਜ਼ਾਰਾਂ 'ਚ ਵੀ ਸ਼ੁਰੂਆਤੀ ਕਾਰੋਬਾਰ 'ਚ ਉੱਠਾਪਟਕ ਦਿਖੀ।