ਜਾਗਰਣ ਬਿਊਰੋ, ਨਵੀਂ ਦਿੱਲੀ : ਥੋਕ ਡਿਜੀਟਲ ਰੁਪਏ ਤੋਂ ਬਾਅਦ RBI ਇਕ ਦਸੰਬਰ ਤੋਂ ਪਰਚੂਨ ਡਿਜੀਟਲ ਰੁਪਏ (Digital Rupee) ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਜਾ ਰਿਹਾ ਹੈ। ਹਾਲੇ ਦੇਸ਼ ਦੇ ਚਾਰ ਸ਼ਹਿਰਾਂ ਮੁੰਬਈ, ਦਿੱਲੀ, ਬੈਂਗਲੁਰੂ ਤੇ ਭੁਬਨੇਸ਼ਵਰ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਹਿਮਦਾਬਾਦ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਦੌਰ, ਕੋਚੀ, ਲਖਨਊ, ਪਟਨਾ ਤੇ ਸ਼ਿਮਲਾ ਵਰਗੇ ਸ਼ਹਿਰਾਂ ’ਚ ਡਿਜੀਟਲ ਰੁਪਏ ਨਾਲ ਲੈਣ-ਦੇਣ ਸ਼ੁਰੂ ਹੋਵੇਗਾ। ਪਰਚੂਨ ਡਿਜੀਟਲ ਰੁਪਏ ਨਾਲ ਗਾਹਕ ਆਪਸ ’ਚ ਲੈਣ-ਦੇਣ ਕਰਨ ਦੇ ਨਾਲ-ਨਾਲ ਕਿਸੇ ਵੀ ਦੁਕਾਨ ਤੋਂ ਖ਼ਰੀਦਦਾਰੀ ਕਰ ਸਕਣਗੇ। ਥੋਕ ਤੇ ਪਰਚੂਨ ’ਚ ਡਿਜੀਟਲ ਰੁਪਏ ਦੇ ਪਾਇਲਟ ਪ੍ਰਾਜੈਕਟ ਤੋਂ ਬਾਅਦ ਡਿਜੀਟਲ ਰੁਪਏ ’ਚ ਪੂਰੀ ਤਰ੍ਹਾਂ ਲੈਣ-ਦੇਣ ਸ਼ੁਰੂ ਕੀਤਾ ਜਾਵੇਗਾ। ਹਾਲ ਹੀ ’ਚ ਆਰਬੀਆਈ ਵੱਲੋਂ ਥੋਕ ਡਿਜੀਟਲ ਰੁਪਏ ’ਚ ਲੈਣ-ਦੇਣ ਸ਼ੁਰੂ ਕੀਤਾ ਗਿਆ ਹੈ। ਚਾਲੂ ਵਿੱਤੀ ਸਾਲ 2022-23 ਦੇ ਬਜਟ ’ਚ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਜਾਂ ਡਿਜੀਟਲ ਰੁਪਏ ’ਚ ਲੈਣ-ਦੇਣ ਕਰਨ ਦਾ ਐਲਾਨ ਕੀਤਾ ਗਿਆ ਸੀ।
ਇਹ ਬੈਂਕ ਜਾਰੀ ਕਰਨਗੇ ਡਿਜੀਟਲ ਰੁਪਇਆ
ਆਰਬੀਆਈ ਮੁਤਾਬਕ, ਡਿਜੀਟਲ ਰੁਪਇਆ ਜਾਰੀ ਕਰਨ ਦਾ ਕੰਮ ਬੈਂਕ ਕਰਨਗੇ। ਫ਼ਿਲਹਾਲ ਚਾਰ ਬੈਂਕ ਭਾਰਤੀ ਸਟੇਟ ਬੈਂਕ, ਆਈਸੀਆਈਸੀਆਈ ਬੈਂਕ, ਯੈੱਸ ਬੈਂਕ ਤੇ ਆਈਡੀਐੱਫਸੀ ਫਸਟ ਬੈਂਕ ਦੇਸ਼ ਦੇ ਚਾਰ ਸ਼ਹਿਰਾਂ ’ਚ ਪਰਚੂਨ ਡਿਜੀਟਲ ਰੁਪਇਆ ਜਾਰੀ ਕਰਨ ਦਾ ਕੰਮ ਕਰਨਗੇ। ਬਾਅਦ ’ਚ ਬੈਂਕ ਆਫ ਬਡੌਦਾ, ਯੂਨੀਅਨ ਬੈਂਕ ਆਫ ਇੰਡੀਆ, ਐੱਚਡੀਐੱਫਸੀ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਵੀ ਇਸ ਪਾਇਲਟ ਪ੍ਰਾਜੈਕਟ ਨਾਲ ਜੁਡ਼ਨਗੇ।
ਕਾਗਜ਼ ਦੇ ਨੋਟ ਵਰਗੇ ਆਕਾਰ ’ਚ ਹੀ ਹੋਵੇਗਾ ਡਿਜੀਟਲ ਰੁਪਇਆ
ਬੈਂਕ ਬਿਲਕੁਲ ਪੇਪਰ ਨੇ ਨੋਟ ਵਰਗੇ ਆਕਾਰ ’ਚ ਹੀ ਡਿਜੀਟਲ ਰੁਪਇਆ ਜਾਰੀ ਕਰਨਗੇ। ਇਸ ਨੂੰ ਰੱਖਣ ਲਈ ਬੈਂਕ ਹੀ ਗਾਹਕਾਂ ਨੂੰ ਡਿਜੀਟਲ ਵਾਲੇਟ ਮੁਹੱਈਆ ਕਰਾਉਣਗੇ ਜਿਸ ਨੂੰ ਮੋਬਾਈਲ ਫੋਨ ਜਾਂ ਹੋਰ ਡਿਵਾਈਸ ’ਚ ਸਟੋਰ ਕੀਤਾ ਜਾ ਸਕੇਗਾ। ਹਾਲਾਂਕਿ ਡਿਜੀਟਲ ਰੁਪਏ ਨਾਲ ਗਾਹਕ ਆਪਸ ’ਚ ਲੈਣ-ਦੇਣ ਵੀ ਕਰ ਸਕਣਗੇ ਤੇ ਦੁਕਾਨ ਤੋਂ ਖ਼ਰੀਦਦਾਰੀ ਵੀ ਕਰ ਸਕਣਗੇ। ਖ਼ਰੀਦਦਾਰੀ ਕਰਨ ਲਈ ਉਹ ਦੁਕਾਨਦਾਰ ਦੇ ਕਿਊਆਰ ਕੋਡ ਦੀ ਵਰਤੋਂ ਕਰਨਗੇ। ਡਿਜੀਟਲ ਰੁਪਇਆ ਆਰਬੀਆਈ ਵੱਲੋਂ ਬੈਂਕ ਦੇਣਗੇ, ਇਸ ਲਈ ਇਹ ਵਿਧਾਨਕ ਹੋਵੇਗਾ। ਪੇਪਰ ਨੋਟ ਦੇ ਮੁਕਾਬਲੇ ਇਹ ਜ਼ਿਆਦਾ ਸੁਰੱਖਿਆ ਹੋਵੇਗਾ। ਕਿਤੇ ਵੀ ਭੁਗਤਾਨ ਕਰ ਸਕੋਗੇ ਤੇ ਜਦੋਂ ਚਾਹੇ ਇਸ ਨੂੰ ਨੋਟ ਦੇ ਰੂਪ ’ਚ ਬੈਂਕ ’ਚ ਜਮ੍ਹਾਂ ਕਰ ਸਕੋਗੇ ਤਾਂ ਕਿ ਵਿਆਜ ਮਿਲ ਸਕੇ।
ਡਿਜੀਟਲ ਰੁਪਇਆ ਟੋਕਨ ਦਾ ਕੀਤਾ ਜਾਵੇਗਾ ਪ੍ਰੀਖਣ
ਇਕ ਦਸੰਬਰ ਤੋਂ ਪਾਇਲਟ ਪ੍ਰਾਜੈਕਟ ਵਜੋਂ ਡਿਜੀਟਲ ਰੁਪਏ ਦੇ ਸਿਰਜਨਾ, ਇਸ ਦੀ ਵੰਡ ਤੇ ਰੀਅਲ ਟਾਈਮ ’ਚ ਇਸ ਦੀ ਪਰਚੂਨ ਵਰਤੋਂ ਨਾਲ ਜੁਡ਼ੀਆਂ ਸਾਰੀਆਂ ਪ੍ਰਕਿਰਿਆਵਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਪਾਇਲਟ ਪ੍ਰਾਜੈਕਟ ਨਾਲ ਮਿਲਣ ਵਾਲੇ ਤਜਰਬੇ ਦੇ ਆਧਾਰ ’ਤੇ ਅਗਲੇ ਦੌਰ ’ਚ ਡਿਜੀਟਲ ਰੁਪਇਆ ਟੋਕਨ ਦਾ ਪ੍ਰੀਖਣ ਕੀਤਾ ਜਾਵੇਗਾ। ਡਿਜੀਟਲ ਰੁਪਏ ’ਚ ਲੈਣ-ਦੇਣ ਲਈ ਟੋਕਨ ਦੀ ਵਰਤੋਂ ਕੀਤੀ ਜਾਵੇਗੀ।
ਕ੍ਰਿਪਟੋ ਕਰੰਸੀ ’ਤੇ ਨਹੀਂ ਪਵੇਗਾ ਕੋਈ ਅਸਰ
ਮਾਹਰਾਂ ਮੁਤਾਬਕ, ਵਿਧਾਨਕ ਤੌਰ ’ਤੇ ਡਿਜੀਟਲ ਰੁਪਇਆ ਜਾਰੀ ਕਰਨ ਨਾਲ ਕ੍ਰਿਪਟੋ ਕਰੰਸੀ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਕ੍ਰਿਪਟੋ ਕਰੰਸੀ ਦੀ ਕੀਮਤ ਘਟਦੀ-ਵਧਦੀ ਰਹਿੰਦੀ ਹੈ ਜਦਕਿ ਡਿਜੀਟਲ ਰੁਪਏ ’ਚ ਅਜਿਹਾ ਕੁਝ ਨਹੀਂ ਹੋਵੇਗਾ।