ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦਾ 10ਵਾਂ ਬਜਟ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਇਸ ਦੀ ਪੂਰੀ ਟੋਨ ਸੈੱਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪਹਿਲੀ ਫਰਵਰੀ, 2023 ਨੂੰ ਪੇਸ਼ ਹੋਣ ਵਾਲੇ ਆਮ ਬਜਟ ’ਤੇ ਸਿਰਫ਼ ਭਾਰਤ ਹੀ ਨਹੀਂ, ਬਲਕਿ ਪੂਰੀ ਦੁਨੀਆ ਦੀ ਨਜ਼ਰ ਹੈ। ਇਸ ਜ਼ਰੀਏ ਡਾਵਾਂਡੋਲ ਆਲਮੀ ਆਰਥਿਕ ਹਾਲਾਤ ’ਚ ਜਿਸ ਤਰ੍ਹਾਂ ਨਾਲ ਭਾਰਤ ਤੋਂ ਉਮੀਦ ਲਗਾਈ ਗਈ ਹੈ, ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪੀਐੱਮ ਮੋਦੀ ਦੇ ਇਸ ਬਿਆਨ ਦੇ ਕੁਝ ਹੀ ਮਿੰਟਾਂ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੰਸਦ ਦੇ ਸਾਂਝੇ ਇਜਲਾਸ ਨੂੰ ਪਹਿਲੀ ਵਾਰ ਸੰਬੋਧਨ ਕਰਦੇ ਹੋਏ ਅਗਲੇ ਬਜਟ ਬਾਰੇ ਕੁਝ ਸੰਕੇਤਕ ਦਿੱਤੇ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਅਸੀਂ ਸਾਲ 2047 ਤੱਕ ਇਹੋ ਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਜਿਹੜਾ ਇਤਿਹਾਸ ਦੇ ਮਾਣ ਨਾਲ ਜੁੜਿਆ ਹੋਵੇ ਤੇ ਜਿਸ ’ਚ ਆਧੁਨਿਕਤਾ ਦਾ ਸੁਨਹਿਰੀ ਅਧਿਆਏ ਹੋਵੇ। ਇਹੋ ਜਿਹਾ ਭਾਰਤ ਜਿਹੜਾ ਆਤਮ ਨਿਰਭਰ ਹੋਵੇ ਤੇ ਜਿਹੜਾ ਆਪਣੀਆਂ ਮਨੁੱਖੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ’ਚ ਸਮਰੱਥ ਹੋਵੇ।
ਪੀਐੱਮ ਮੋਦੀ ਨੇ ਆਪਣੇ ਸੰਬੋਧਨ ’ਚ ਹਾਲ ਦੇ ਦਿਨਾਂ ’ਚ ਵਿਸ਼ਵ ਬੈਂਕ, ਆਈਐੱਮਐੱਫ ਵਰਗੀਆਂ ਏਜੰਸੀਆਂ ਵੱਲੋਂ ਭਾਰਤ ਦੇ ਅਰਥਚਾਰੇ ਬਾਰੇ ਦਿੱਤੀ ਗਈ ਸਕਾਰਾਤਮਕ ਰਿਪੋਰਟ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਰਥ ਜਗਤ ’ਚ ਜਿਨ੍ਹਾਂ ਆਵਾਜ਼ਾਂ ਨੂੰ ਮਾਨਤਾ ਹੁੰਦੀ ਹੈ, ਬਜਟ ਇਜਲਾਸ ਦੇ ਸ਼ੁਰੂ ’ਚ ਉਸ ਤਰ੍ਹਾਂ ਦੀ ਆਵਾਜ਼ ਚਾਰੇ ਪਾਸੇ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ। ਉਮੀਦ ਦੀ ਕਿਰਨ ਲੈ ਕੈ ਆ ਰਹੀ ਹੈ। ਅੱਜ ਦੇ ਆਲਮੀ ਹਾਲਾਤ ’ਚ ਭਾਰਤ ਬਜਟ ਵੱਲ ਨਾ ਸਿਰਫ਼ ਭਾਰਤ ਦਾ ਬਲਕਿ ਪੂਰੀ ਦੁਨੀਆ ਦਾ ਧਿਆਨ ਹੈ। ਡਾਵਾਂਡੋਲ ਵਿਸ਼ਵ ਦੀ ਆਰਥਿਕ ਸਥਿਤੀ ’ਚ ਭਾਰਤ ਦਾ ਬਜਟ ਆਮ ਭਾਰਤੀਆਂ ਦੀਆਂ ਉਮੀਦਾਂ ਆਸਾਂ ਨੂੰ ਪੂਰਾ ਕਰਨ ਦਾ ਯਤਨ ਤਾਂ ਕਰੇਗਾ ਹੀ ਨਾਲ ਹੀ ਵਿਸ਼ਵ ਜਿਹੜਾ ਉਮੀਦ ਦੀ ਕਿਰਨ ਨਾਲ ਦੇਖ ਰਿਹਾ ਹੈ ਉਸ ਨੂੰ ਉਹ ਵਧੇਰੇ ਰੋਸ਼ਨ ਨਜ਼ਰ ਆਏ। ਮੈਨੂੰ ਪੂਰਾ ਭਰੋਸਾ ਹੈ ਕਿ ਨਿਰਮਲਾ ਜੀ ਇਨ੍ਹਾਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਲਈ ਭਰਪੂਰ ਯਤਨ ਕਰਨਗੇ।
ਰਾਸ਼ਟਰਪਤੀ ਦੇ ਭਾਸ਼ਣ ਤੇ ਪੀਐੱਮ ਮੋਦੀ ਦੇ ਬਿਆਨ ਦਾ ਮਤਲਬ ਇਹ ਕੱਢਿਆ ਜਾ ਰਿਹਾ ੈਹੈ ਕਿ ਆਮ ਬਜਟ ਨਾ ਸਿਰਫ਼ ਭਾਰਤ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਵੱਲ ਲੈ ਕੇ ਜਾਣ ਵਾਲਾ ਪਵੇਗਾ, ਬਲਕਿ ਆਲਮੀ ਮੰਚ ’ਤੇ ਖ਼ੁਰਾਕ, ਊਰਜਾ ਤੋਂ ਲੈ ਕੇ ਅੱਤ ਆਧੁਨਿਕ ਤਕਨੀਕ ਦੇ ਸਪਲਾਈ ਕਰਤਾ ਦੇ ਤੌਰ ’ਤੇ ਭਾਰਤ ਦੀ ਪਛਾਣ ਸਥਾਪਿਤ ਕਰੇਗਾ। ਯੂਕਰੇਨ-ਰੂਸ ਜੰਗ ਕਾਰਨ ਦੁਨੀਆ ਖ਼ੁਰਾਕੀ ਸੰਕਟ ਨਾਲ ਜੂਝ ਰਹੀ ਹੈ। ਭਾਰਤ ਉਸ ਨੂੰ ਦੂਰ ਕਰਨ ਬਾਰੇ ਕੁਝ ਸੰਦੇਸ਼ ਸਕਦਾ ਹੈ। ਦੇਸ਼ ਦੀ ਗ਼ਰੀਬ ਜਨਤਾ ਲਈ ਜਿਹੜੀਆਂ ਯੋਜਨਾਵਾਂ ਸਰਕਾਰ ਚਲਾ ਰਹੀ ਹੈ, ਉਸ ਦਾ ਘੇਰਾ ਹੋਰ ਵਧੇਗਾ। ਮੱਧ ਵਰਗ ਲਈ ਵੀ ਕੁਝ ਰਾਹਤਾਂ ਹੋ ਸਕਦੀਆਂ ਹਨ। ਭਾਰਤੀ ਉੱਦਮੀਆਂ ਨੂੰ ਆਲਮੀ ਪੱਧਰ ’ਤੇ ਵਿਸਥਾਰ ਕਰਨ ਤੇ ਆਲਮੀ ਸਪਲਾਈ ਚੇਨ ’ਚ ਭਾਰਤ ਦੀ ਸਥਿਤੀ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਮੋਦੀ ਸਰਕਾਰ ਆਪਣੇ ਪ੍ਰਮੁੱਖ ਵੋਟਰਾਂ ਜਿਵੇਂ ਮਹਿਲਾਵਾਂ ਤੇ ਨੌਜਵਾਨ ਵਰਗ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਸਾਧਨ ਲਈ ਵੀ ਨਵੇਂ ਉਪਾਵਾਂ ਦਾ ਐਲਾਨ ਕਰ ਸਕਦੀ ਹੈ।
ਇਹ ਬਜਟ ਇਸ ਸਰਕਾਰ ਦਾ ਆਖ਼ਰੀ ਪੂਰਨਕਾਲੀ ਬਜਟ ਹੋਵੇਗਾ। ਅਗਲੇ ਸਾਲ ਆਮ ਚੋਣਾਂ ਹਨ ਤੇ ਉਸ ਤੋਂ ਪਹਿਲਾਂ ਸਰਕਾਰ ਸਿਰਫ਼ ਵੋਟ ਆਨ ਅਕਾਊਂਟ ਹੀ ਪੇਸ਼ ਕਰ ਸਕੇਗੀ, ਜਿਸ ’ਚ ਵੱਡੇ ਐਲਾਨ ਨਹੀਂ ਕੀਤੇ ਜਾ ਸਕਦੇ। ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਨੌਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਹਾਲਤ ’ਚ ਕਈ ਜਾਣਕਾਰ ਮੰਨ ਰਹੇ ਹਨ ਕਿ ਬਜਟ ’ਚ ਕੁਝ ਲੋਕ ਲੁਭਾਊ ਐਲਾਨ ਵੀ ਹੋਣਗੇ। ਪੀਐੱਮ ਦੇ ਬਿਆਨ ਤੇ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਵਿੱਤ ਮੰਤਰੀ ਸੀਤਾਰਮਨ ਨੇ ਸੰਸਦ ’ਚ ਆਰਥਿਕ ਸਰਵੇਖਣ 2022-23 ਪੇਸ਼ ਕੀਤਾ। ਇਸ ’ਚ ਵੀ ਬਜਟ ਬਾਰੇ ਕੁਝ ਇਹੋ ਜਿਹੇ ਹੀ ਸੰਕੇਤ ਹਨ। ਜਿਵੇਂ ਸਰਕਾਰ ਦੇ ਖ਼ਜ਼ਾਨੇ ਦੀ ਸਥਿਤੀ ਕਾਫੀ ਦਰੁਸਤ ਹੈ ਤੇ ਇਸ ਲਿਹਾਜ਼ ਨਾਲ ਉਹ ਨਵੇਂ ਮਾਲੀਆ ਪ੍ਰਬੰਧ ਦਾ ਖ਼ਾਕਾ ਪੇਸ਼ ਕਰ ਸਕਦੀ ਹੈ। ਸਾਲ 2030 ਤੱਕ 6.5 ਫ਼ੀਸਦੀ ਤੋਂ ਅੱਠ ਫ਼ੀਸਦੀ ਦੀ ਆਰਥਿਕ ਵਿਕਾਸ ਦਰ ਹਾਸਲ ਕਰ ਕੇ ਮੌਜੂਦਾ ਕਈ ਚੁਣੌਤੀਆਂ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ, ਇਸ ਬਾਰੇ ਬਜਟ ਸਪਸ਼ਟ ਕਰੇਗਾ।