ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਸ਼ਹਿਰੀ ਸਹਿਕਾਰੀ ਬੈਂਕਾਂ (ਯੂਸੀਬੀ) ਨੂੰ ਜੇਕਰ ਮੁਕਾਬਲੇਬਾਜ਼ੀ ਵਿਚ ਬਣੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਸੰਤੁਲਿਤ ਵਿਕਾਸ ’ਤੇ ਧਿਆਨ ਦੇਣਾ ਹੋਵੇਗਾ। ਇੰਨਾ ਹੀ ਨਹੀਂ ਉਨ੍ਹਾਂ ਨੂੰ ਆਧੁਨਿਕ ਬੈਂਕਿੰਗ ਪ੍ਰਣਾਲੀ ਨੂੰ ਵੀ ਅਪਣਾਉਣਾ ਹੋਵੇਗਾ। ਸਹਿਕਾਰੀ ਬੈਂਕਾਂ ਵਿਚ ਸੁਧਾਰਾਂ ’ਤੇ ਜ਼ੋਰ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਸੰਰਚਨਾਤਮਕ ਬਦਲਾਅ ਲਿਆਉਣ, ਅਕਾਊਂਟਿੰਗ ਪ੍ਰਕਿਰਿਆ ਨੂੰ ਕੰਪਿਊਟਰੀਕ੍ਰਿਤ ਕਰਨ ਅਤੇ ਇਸ ਖੇਤਰ ਵਿਚ ਯੁਵਾ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਕਿਹਾ।
ਯੂਸੀਬੀ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਹਾਲੇ 1,534 ਸ਼ਹਿਰੀ ਸਹਿਕਾਰੀ ਬੈਂਕ ਅਤੇ 54 ਅਨੁਸੂਚਿਤ ਸ਼ਹਿਰੀ ਸਹਿਕਾਰੀ ਬੈਂਕ ਹਨ, ਪਰ ਇਹ ਵਿਕਾਸ ਅਸੰਤੁਲਿਤ ਹੈ। ਸਾਨੂੰ ਸ਼ਹਿਰੀ ਸਹਿਕਾਰੀ ਬੈਂਕਾਂ ਦੇ ਸੰਤੁਲਿਤ ਵਿਕਾਸ ਦੀ ਲੋਡ਼ ਹੈ।’ ਮੰਤਰੀ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਦੇ ਸੰਤੁਲਿਤ ਵਿਕਾਸ ਨਾਲ ਉਨ੍ਹਾਂ ਨੂੰ ਭਵਿੱਖ ਵਿਚ ਮੁਕਾਬਲੇਬਾਜ਼ੀ ’ਚ ਬਣੇ ਰਹਿਣ ’ਚ ਮਦਦ ਮਿਲੇਗੀ। ਉਨ੍ਹਾਂ ਸਹਿਕਾਰੀ ਬੈਂਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਦੂਜੀ ਸ਼੍ਰੇਣੀ ਦੇ ਨਾਗਰਿਕ ਵਰਗਾ ਸਲੂਕ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਸਹਿਕਾਰੀ ਬੈਂਕ ਹੀ ਇਕੋ-ਇਕ ਬੈਂਕ ਹਨ ਜਿਹਡ਼ੇ ਸਮਾਜ ਦੇ ਹੇਠਲੇ ਤਬਕੇ ਨੂੰ ਉਧਾਰ ਦਿੰਦੇ ਹਨ, ਅਜਿਹੇ ਵਿਚ ਦੇਸ਼ ਦੇ ਹਰ ਸ਼ਹਿਰ ਵਿਚ ਘੱਟੋ-ਘੱਟ ਇਕ ਸ਼ਹਿਰੀ ਸਹਿਕਾਰੀ ਬੈਂਕ ਸਥਾਪਤ ਕਰਨ ਦੀ ਲੋਡ਼ ਹੈ। ਉਨ੍ਹਾਂ ਨੈਸ਼ਨਲ ਫੈਡਰੇਸ਼ਨ ਆਫ ਅਰਬਨ ਕੋਆਪ੍ਰੇਟਿਵ ਬੈਂਕਸ ਅਤੇ ਕ੍ਰੈਡਿਟ ਸੁਸਾਇਟੀਜ਼ (ਐੱਨਏਐੱਫਸੀਯੂਐੱਸ)ਨੂੰ ਨਿਰਦੇਸ਼ ਦਿੱਤਾ ਕਿ ਉਹ ਪੂਰੇ ਦੇਸ਼ ਵਿਚ ਸ਼ਹਿਰੀ ਸਹਿਕਾਰੀ ਬੈਂਕਾਂ ਦੇ ਸੰਤੁਲਿਤ ਵਿਕਾਸ ’ਤੇ ਧਿਆਨ ਕੇਂਦਰਤ ਕਰਨ। ਸਫਲ ਬੈਂਕਾਂ ਨੂੰ ਵੀ ਇਸ ਖੇਤਰ ਵਿਚ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਦਾ 40 ਫ਼ੀਸਦੀ ਹਿੱਸਾ ਸ਼ਹਿਰੀ ਅਤੇ ਉਥੇ ਆਰਥਿਕ ਸਰਗਰਮੀਆਂ ਵਿਚ ਵਾਧਾ ਹੋਇਆ ਹੈ, ਅਜਿਹੇ ਵਿਚ ਯੂਸੀਬੀ ਅਤੇ ਸਹਿਕਾਰੀ ਕਰਜ਼ਾ ਕਮੇਟੀਆਂ ਦੇ ਵਿਸਥਾਰ ਦੀ ਵੱਡੀ ਗੁੰਜਾਇਸ਼ ਹੈ। ਸਹਿਕਾਰਤਾ ਮੰਤਰੀ ਨੇ ਇਸ ਦੌਰਾਨ ਟਰਾਂਸਪੋਰਟ ਦੇ 100 ਸਾਲ ਪੂਰੇ ਕਰਨ ਵਾਲੇ ਕਈ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਵਿਚ ਸਹਿਕਾਰਤਾ ਰਾਜ ਮੰਤਰੀ ਬੀਐੱਲ ਵਰਮਾ, ਐੱਨਏਐੱਫਸੀਯੂਬੀ ਦੇ ਪ੍ਰੈਜ਼ੀਡੈਂਟ ਜਯੋਤੇਂਦਰ ਮਹਿਤਾ ਅਤੇ ਸਹਿਕਾਰਤਾ ਸਕੱਤਰ ਗਿਆਨੇਸ਼ ਕੁਮਾਰ ਵੀ ਹਾਜ਼ਰ ਸਨ।
ਯੂਸੀਬੀ ਨੇ ਖਡ਼੍ਹੇ ਕੀਤੇ ਵੱਡੇ ਉਦਯੋਗ ਘਰਾਣੇ
ਯੂਸੀਬੀ ਨੇ ਦੇਸ਼ ਦੇ ਕੁਝ ਪ੍ਰਮੁੱਖ ਕਾਰੋਬਾਰਾਂ ਨੂੰ ਸਥਾਪਤ ਕਰਨ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਘੱਟੋ-ਘੱਟ ਅਜਿਹੇ ਤਿੰਨ ਵੱਡੇ ਕਾਰੋਬਾਰੀਆਂ ਨੂੰ ਜਾਣਦੇ ਹਨ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਯੂਸੀਬੀ ਤੋਂ ਹੀ ਪੰਜ ਲੱਖ ਰੁਪਏ ਦਾ ਕਰਜ਼ਾ ਮਿਲਿਆ ਸੀ। ਅੱਜ ਇਹ ਕਾਰੋਬਾਰੀ ਵੱਡੇ ਉਦਯੋਗ ਘਰਾਣਿਆਂ ਵਿਚ ਤਬਦੀਲ ਹੋ ਚੁੱਕੇ ਹਨ ਅਤੇ ਦੇਸ਼ ਦੀ ਜੀਡੀਪੀ ਵਿਚ ਇਨ੍ਹਾਂ ਦਾ ਚੰਗਾ-ਖਾਸਾ ਯੋਗਦਾਨ ਹੈ।
ਜਮ੍ਹਾਂ ’ਚ ਯੂਸੀਬੀ ਦੀ ਹਿੱਸੇਦਾਰੀ ਸਿਰਫ਼ 3.25 ਫ਼ੀਸਦੀ
ਯੂਸੀਬੀ ਮੌਜੂਦਾ ਵਿਕਾਸ ਤੋਂ ਸੰਤੁਸ਼ਟ ਨਹੀਂ ਹੋ ਸਕਦੇ ਹਨ। ਅੰਕਡ਼ਿਆਂ ਦੇ ਲਿਹਾਜ਼ ਨਾਲ ਦੇਖੀਏ ਤਾਂ ਬੈਂਕਿੰਗ ਖੇਤਰ ਵਿਚ ਇਨ੍ਹਾਂ ਦੀ ਭੂਮਿਕਾ ਨਾਮਾਤਰ ਹੈ। ਜਮ੍ਹਾਂ ’ਚ ਯੂਸੀਬੀ ਦੀ ਹਿੱਸੇਦਾਰੀ ਸਿਰਫ਼ 3.25 ਫ਼ੀਸਦੀ ਹੈ, ਜਦਕਿ ਕਰਜ਼ ਵਿਚ ਇਹ ਹਿੱਸੇਦਾਰੀ 2.69 ਫ਼ੀਸਦੀ ਹੈ। ਸਾਨੂੰ ਇਸ ਦਾ ਵਿਸਥਾਰ ਕਰਨ ਦੀ ਲੋਡ਼ ਹੈ।