ਕਣਕ- ਝੋਨੇ ਦੀ ਫ਼ਸਲ ਤੋਂ ਬਾਅਦ ਕਮਾਦ ਪੰਜਾਬ ਦੀ ਤੀਜੀ ਬਹੁਤ ਮਹੱਤਵਪੂਰਨ ਫ਼ਸਲ ਹੈ। ਪੰਜਾਬ ’ਚ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਬਹੁਤੀ ਉਤਸ਼ਾਹਜਨਕ ਨਹੀਂ ਹੈ, ਜਿਸ ਦੇੇ ਮੁੱਖ ਕਾਰਨਾਂ ’ਚ ਕਿਸਾਨਾਂ ਵੱਲੋਂ ਇਕ ਦੂਜੇ ਤੋਂ ਰੋਗ ਗ੍ਰਸਤ ਬੀਜ ਲੈ ਕੇ ਬੀਜਣਾ, ਮੌਸਮੀ ਹਾਲਾਤ, ਮੂਢੀ ਫ਼ਸਲ ਲੈਣ ’ਚ ਗੰਨਾ ਕਾਸ਼ਤਕਾਰਾਂ ਦੀ ਘੱਟ ਰੁਚੀ ਤੇ ਸੁਚੱਜੀ ਸਾਂਭ-ਸੰਭਾਲ ਦੀ ਘਾਟ, ਤਸਦੀਕਸ਼ੁਦਾ ਰੋਗ ਰਹਿਤ ਬੀਜ ਦੀ ਘਾਟ ਆਦਿ ਹਨ।
ਸੋ ਇਸ ਖੇਤਰ ’ਚ ਕਿਸਾਨਾਂ ਤੇ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਤੇ ਖੰਡ ਦੀ ਰਿਕਵਰੀ ਵਧਾਉਣੀ ਸਮੇਂ ਦੀ ਵੱਡੀ ਜ਼ਰੂਰਤ ਹੈ।
ਗੰਨੇ ਦੀ ਫ਼ਸਲ ਦੀਆਂ ਆਧੁਨਿਕ ਕਾਸ਼ਤਕਾਰੀ ਤਕਨੀਕਾਂ, ਖੇਤੀ ਮਸ਼ੀਨਰੀ ਦੀ ਵਰਤੋਂ ਵਧਾ ਕੇ, ਨਵੀਆਂ ਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਰੋਗ ਰਹਿਤ ਬੀਜ ਵਰਤ ਕੇ ਜਿੱਥੇ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਈ ਜਾ ਸਕਦੀ ਹੈ, ਉੱਥੇ ਖੇਤੀ ਲਾਗਤ ਖ਼ਰਚੇ ਵੀ ਘਟਾਏ ਜਾ ਸਕਦੇ ਹਨ। ਗੰਨੇ ਦੀ ਸਫਲ ਕਾਸ਼ਤ ਲਈ ਜੈਨੇਟਿਕਲੀ ਸ਼ੁੱਧ ਤੇ ਬਿਮਾਰੀ ਰਹਿਤ ਬੀਜ ਦੀ ਵਰਤੋਂ ਕੀਤੀ ਜਾਵੇ। ਬੀਜ ਵਾਲੀ ਫ਼ਸਲ ਦੀ ਉਮਰ 8-10 ਮਹੀਨੇ ਹੋਣੀ ਚਾਹੀਦੀ ਹੈ। ਬੀਜ ਵਾਲੇ ਗੰਨੇ ਮੋਟੇ, ਸਿਹਤਮੰਦ ,ਬਿਮਾਰੀ ਰਹਿਤ, ਜੜ੍ਹਾਂ ਰਹਿਤ ਗੰਢਾਂ ਹੋਣੀਆਂ ਚਾਹੀਦੀਆਂ ਹਨ ਤੇ ਫ਼ਸਲ ਡਿੱਗੀ ਨਹੀਂ ਹੋਣੀ ਚਾਹੀਦੀ। ਹਰੇਕ ਗੰਨਾ ਕਾਸ਼ਤਕਾਰ ਨੂੰ ਚਾਹੀਦਾ ਹੈ ਕਿ ਅਗਲੇ ਸਾਲ ਦੀਆਂ ਜ਼ਰੂਰਤਾਂ ਮੁਤਾਬਕ ਬੀਜ ਪੈਦਾ ਕਰਨ ਲਈ ਬੀਜ ਵਾਲੀ ਫ਼ਸਲ ਦੀ ਕਾਸ਼ਤ ਕਰ ਕੇ ਗੰਨੇ ਦਾ ਬੀਜ ਪੈਦਾ ਕੀਤਾ ਜਾਵੇ।
ਖੇਤ ਦੀ ਚੋਣ
ਬੀਜ ਵਾਲੀ ਫ਼ਸਲ ਲਈ ਕੱਲਰਾਠੀ ਤੇ ਸੇਮ ਵਾਲੀਆਂ ਜ਼ਮੀਨਾਂ ਦੀ ਚੋਣ ਨਹੀਂ ਕਰਨੀ ਚਾਹੀਦੀ। ਖੇਤ ’ਚ ਪਹਿਲਾਂ ਗੰਨੇ ਦੀ ਫ਼ਸਲ ਦੀ ਕਾਸ਼ਤ ਨਹੀਂ ਕੀਤੀ ਹੋਣੀ ਚਾਹੀਦੀ ਤੇ ਬੀਜ ਫ਼ਸਲ ਲਈ ਕਣਕ -ਝੋਨੇ ਵਾਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ। ਸਿੰਚਾਈ ਲਈ ਪਾਣੀ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਬੀਜ ਫ਼ਸਲ ਵਾਲੇ ਖੇਤ ’ਚ ਕਿਸੇ ਹੋਰ ਗੰਨੇ ਦੀ ਫ਼ਸਲ ਵਾਲੇ ਖੇਤ ਦਾ ਪਾਣੀ ਨਹੀਂ ਆਉਣਾ ਚਾਹੀਦਾ।
ਬੀਜ ਦਾ ਸਰੋਤ
ਗੰਨੇ ਦੇ ਬੀਜ ਵਾਲੀ ਫ਼ਸਲ ਦੀ ਕਾਸ਼ਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਪ੍ਰਵਾਣਿਤ ਕਿਸਮ ਦਾ ਬੀਜ ਭਰੋਸੇਯੋਗ ਸਰੋਤ ਤੋਂ ਹੀ ਲਿਆ ਹੋਵੇ। ਬੀਜ ਪੈਦਾ ਕਰਨ ਲਈ ਗੰਨੇ ਦਾ ਬੀਜ ਕਿਸੇ ਖੋਜ ਕੇਂਦਰ, ਅਗਾਂਹਵਧੂ ਗੰਨਾ ਕਾਸ਼ਤਕਾਰ, ਖੰਡ ਮਿੱਲ ਤੋਂ ਲੈਣਾ ਚਾਹੀਦਾ ਹੈ। ਕਦੇ ਵੀ ਪਿੜਾਈ ਲਈ ਲਿਜਾਏ ਜਾ ਰਹੇ ਗੰਨੇ ਦੀ ਫ਼ਸਲ ਵਾਲੇ ਖੇਤ ’ਚੋਂ ਬੀਜ ਨਹੀਂ ਲੈਣਾ ਚਾਹੀਦਾ। ਬੀਜ ਵਾਲੇ ਗੰਨੇ ਸਿਫ਼ਾਰਸ਼ਸ਼ੁਦਾ ਕਿਸਮ ਦੇ, ਜੈਨੇਟੀਕਲ ਸ਼ੁੱਧ ਤੇ ਬਿਮਾਰੀ ਰਹਿਤ ਹੋਣੇ ਚਾਹੀਦੇ ਹਨ। ਕਿਸਮਾਂ ਦਾ ਰਲੇਵਾਂ ਨਹੀਂ ਹੋਣਾ ਚਾਹੀਦਾ।
ਬਿਜਾਈ ਦਾ ਸਮਾਂ
ਬੀਜ ਵਾਲੀ ਫ਼ਸਲ ਦੀ ਬਿਜਾਈ ਦਾ ਸਮਾਂ ਅਜਿਹਾ ਹੋਣਾ ਚਾਹੀਦਾ ਹੈ ਕਿ ਅਗਲੇ ਸੀਜ਼ਨ ’ਚ ਮੁੱਖ ਫ਼ਸਲ ਲਈ ਵਰਤੇ ਜਾਣ ਵਾਲੇ ਬੀਜ ਦੀ ਉਮਰ 8-10 ਮਹੀਨੇ ਹੋਵੇ। ਪੰਜਾਬ ’ਚ ਤਿੰਨ ਰੁੱਤਾਂ ਪੱਤਝੜ (ਅਕਤੂਬਰ-ਨਵੰਬਰ),ਬਹਾਰ ਰੁੱਤ ( ਫਰਵਰੀ-ਮਾਰਚ) ਤੇ ਗਰਮੀ ਰੁੱਤ (ਅਪ੍ਰੈਲ- ਮਈ) ’ਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਬੀਜ ਵਾਲੀ ਫ਼ਸਲ ਮੂਢੀ ਨਹੀਂ ਹੋਣੀ ਚਾਹੀਦੀ।
ਬਰੋਟਿਆਂ/ਗੁੱਲੀਆਂ ਦੀ ਲੰਬਾਈ
ਗੰਨਾ ਕਾਸ਼ਤਕਾਰਾਂ ਵੱਲੋਂ ਆਮ ਕਰਕੇ ਤਿੰਨ ਅੱਖਾਂ ਵਾਲੀਆਂ ਗੁੱਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਬਜਾਏ ਜੇ ਦੋ ਅੱਖਾਂ ਵਾਲੀਆਂ ਗੁੱਲੀਆਂ ਵਾਲੇ ਬੀਜ ਦੀ ਵਰਤੋਂ ਕੀਤੀ ਜਾਵੇ ਤਾਂ ਉੱਗਣ ਸ਼ਕਤੀ ਵਧਾਈ ਜਾ ਸਕਦੀ ਹੈ।
ਲਾਈਨ ਤੋਂ ਲਾਈਨ ਦਾ ਫ਼ਾਸਲਾ
ਬੀਜ ਵਾਲੀ ਫ਼ਸਲ ਨੂੰ 90 ਸੈਂਟੀਮੀਟਰ ਦੀ ਦੂਰੀ ’ਤੇ ਬੀਜਣਾ ਚਾਹੀਦਾ ਹੈ, ਜਿਸ ਨਾਲ ਹਵਾ ਦਾ ਸੰਚਾਰ ਵਧੇਰੇ ਹੋਣ ਕਾਰਨ ਕੀੜੇ-ਮਕੌੜੇ ਵੀ ਘੱਟ ਨੁਕਸਾਨ ਕਰਦੇ ਹਨ। ਗੰਨੇ ਦੀ ਫ਼ਸਲ ਦੀਆਂ 10 ਲਾਈਨਾਂ ਬਾਅਦ 1.8 ਮੀਟਰ ਦੀ ਵਿੱਥ ਰੱਖਣੀ ਚਾਹੀਦੀ ਹੈ ਤਾਂ ਜੋ ਸਮੇਂ-ਸਮੇਂ ’ਤੇ ਫ਼ਸਲ ਦਾ ਨਿਰੀਖਣ ਕਰਨ ਜਾਂ ਕਿਸੇ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
ਦੋ ਕਤਾਰੀ ਖਾਲ਼ੀ ਵਿਧੀ
ਇਸ ਵਿਧੀ ਰਾਹੀਂ ਬਿਜਾਈ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ ਬੱਚਤਤੇ ਝਾੜ ’ਚ ਵਾਧਾ ਹੁੰਦਾ ਹੈ। ਫ਼ਸਲ ਦੀ ਬਿਜਾਈ 2 ਕਤਾਰਾਂ ’ਚ ਇੱਕ ਫੁੱਟ ਚੌੜੀਆਂ ਅਤੇ 20-25 ਸੈਂਟੀਮੀਟਰ ਡੂੰਘੀਆਂ ਖਾਲ਼ੀਆਂ ’ਚ ਕਰੋ। ਇਕ ਖਾਲ਼ੀ ਤੋਂ ਦੂਜੀ ਖਾਲ਼ੀ ਵਿਚਕਾਰ ਫ਼ਾਸਲਾ 3 ਫੁੱਟ ਰੱਖੋ। ਇਸ ਵਿਧੀ ਨਾਲ ਬਿਜਾਈ ਕਰਨ ਲਈ ਦੋ ਕਤਾਰੀ ਖਾਲ਼ੀ ਬਣਾਉਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ।
ਖਾਦਾਂ ਦੀ ਵਰਤੋਂ
ਬੀਜ ਵਾਲੀ ਫ਼ਸਲ ਨੂੰ ਆਮ ਫ਼ਸਲ ਨਾਲੋਂ ਵਧੇਰੇ ਨਾਈਟ੍ਰੋਜਨ ਵਾਲੀ ਖਾਦ ਦੀ ਜ਼ਰੂਰਤ ਹੁੰਦੀ ਹੈ। ਬੀਜ ਵਾਲੀ ਫ਼ਸਲ ਲਈ 90 ਕਿੱਲੋ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ ਜਦਕਿ ਆਮ ਫ਼ਸਲ ਲਈ 60 ਕਿਲੋ ਨਾਈਟ੍ਰੋਜਨ ਹੀ ਕਾਫ਼ੀ ਹੁੰਦੀ ਹੈ। ਇਸ ਖਾਦ ਨੂੰ ਤਿੰਨ ਹਿੱਸਿਆਂ ’ਚ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਖਾਦ ਦਾ ਪਹਿਲਾ ਹਿੱਸਾ ਬਿਜਾਈ ਸਮੇਂ, ਦੂਜਾ ਹਿੱਸਾ ਮਈ ’ਚ ਤੇ ਤੀਜਾ ਹਿੱਸਾ ਅੱਧ ਜੁਲਾਈ ’ਚ ਪਾਓ। ਵਧੇਰੇ ਨਾਈਟ੍ਰੋਜਨ ਪਾਉਣ ਨਾਲ ਬੀਜ ਵਾਲੀ ਫ਼ਸਲ ਦੇ ਗੰਨੇ ਘੱਟ ਪੱਕੇ ਤੇ ਚੰਗੇ ਮਿਲਦੇ ਹਨ।
ਨਦੀਨਾਂ ਦੀ ਰੋਕਥਾਮ
ਬੀਜ ਵਾਲੀ ਫ਼ਸਲ ਦੀ ਬਿਜਾਈ ਤੋਂ 2-3 ਦਿਨਾਂ ਦੇ ਅੰਦਰ ਪ੍ਰਤੀ ਏਕੜ 800 ਗ੍ਰਾਮ ਐਟਰਾਜ਼ੀਨ 50 ਡਬਲਿਯੂ ਪੀ ਜਾਂ ਮੈਟਰੀਬਿਊਜ਼ਿਨ 70 ਡਬਲਯੂ ਪੀ) ਜਾਂ ਡਾਈਯੂਰੋਨ 80 ਡਬਲਯੂ ਪੀ ਨੂੰ 200 ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰਨ ਨਾਲ ਮੌਸਮੀ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ। ਡੀਲੇ ਦੀ ਰੋਕਥਾਮ ਲਈ ਖੜ੍ਹੀ ਫ਼ਸਲ ’ਚ 800 ਗ੍ਰਾਮ ਪ੍ਰਤੀ ਏਕੜ 2,4-ਡੀ ਸੋਡੀਅਮ ਸਾਲਟ 80
ਡਬਲਯੂ ਪੀ ਨੂੰ 200 ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ। ਲਪੇਟਾ ਵੇਲ ਤੇ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਇਨ੍ਹਾਂ ਦੀ 3-5 ਪੱਤਿਆਂ ਦੀ ਅਵਸਥਾ ’ਤੇ ਪ੍ਰਤੀ ਏਕੜ 800 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 400 ਮਿਲੀਲਿਟਰ 2,4-ਡੀ ਅਮਾਈਨ ਸਾਲਟ 58 ਐੱਸ ਐਲ ਦਾ ਛਿੜਕਾਅ ਕਰੋ।
ਮਿੱਟੀ ਚੜ੍ਹਾਉਣੀ
ਪੂਰੀ ਫ਼ਸਲ ਦੇ ਜੀਵਨ ਕਾਲ ਸਮੇਂ ਦੋ ਵਾਰੀ ਮਿੱਟੀ ਚਾੜਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਲਵਾਈ ਤੋਂ 40 ਦਿਨਾਂ ਬਾਅਦ ਪਾਈ ਖਾਦ ਨੂੰ ਢਕਣ ਲਈ ਪਹਿਲੀ ਵਾਰ ਥੋੜ੍ਹੀ ਮਿੱਟੀ ਚਾੜਨ ਨਾਲ ਬੂਟੇ ਨੂੰ ਵਧੇਰੇ ਸ਼ਾਖਾਵਾਂ ਤੇ ਮਜ਼ਬੂਤ ਜੜ੍ਹਾਂ ਪੈਦਾ ਕਰਨ ’ਚ ਮਦਦ ਮਿਲਦੀ ਹੈ। ਦੂਜੀ ਵਾਰ ਲਵਾਈ ਤੋਂ 90-100 ਦਿਨਾਂ ਬਾਅਦ ਕਹੀਆਂ ਨਾਲ ਮਿੱਟੀ ਚਾੜਨੀ ਚਾਹੀਦੀ ਹੈ।
ਗ਼ੈਰ ਕਿਸਮ ਦੇ ਬੂਟੇ ਬਾਹਰ ਕੱਢਣੇ
ਮਿਆਰੀ ਤੇ ਜੈਨੇਟੀਕਲ ਸ਼ੁੱਧ ਕਿਸਮ ਦਾ ਬੀਜ ਪੈਦਾ ਕਰਨ ਲਈ ਸਮੇਂ-ਸਮੇਂ ’ਤੇ ਗ਼ੈਰ ਕਿਸਮ ਦੇ , ਬਿਮਾਰੀ ਤੇ ਕੀੜਿਆਂ ਨਾਲ ਪ੍ਰਭਾਵਤ ਬੂਟੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਇਹ ਕੰਮ ਘੱਟੋ- ਘੱਟ ਤਿੰਨ ਵਾਰ ਕਰਨਾ ਚਾਹੀਦਾ ਹੈ। ਪਹਿਲਾਂ ਬਿਜਾਈ ਤੋਂ 45-60 ਦਿਨਾਂ ਬਾਅਦ, ਦੂਜਾ 120 ਤੋਂ 130 ਦਿਨ ਤੇ ਤੀਜਾ ਕਟਾਈ ਤੋਂ 15 ਦਿਨ ਪਹਿਲਾਂ ਕਰਨਾ ਚਾਹੀਦਾ ਹੈ।
ਖਾਲ਼ੀ ਵਿਧੀ ਰਾਹੀਂ ਗੰਨੇ ਦੀ ਬਿਜਾਈ
ਇਸ ਵਿਧੀ ਰਾਹੀਂ ਬਿਜਾਈ ਕਰਨ ਲਈ ਖਾਲ਼ੀਆਂ ਵਿਚਕਾਰ ਫ਼ਾਸਲਾ 75 ਸੈਂਟੀਮੀਟਰ ਤੇ ਖਾਲ਼ੀਆਂ ਦੀ ਡੂੰਘਾਈ 20-25 ਸੈਂਟੀਮੀਟਰ ਰੱਖੋ। ਇਸ ਢੰਗ ਨਾਲ ਬਿਜਾਈ ਕਰਨ ਲਈ ਗੁੱਲੀਆਂ ਨੂੰ ਖਾਲ਼ੀਆਂ ਦੀ ਸਤ੍ਹਾ ’ਤੇ ਰੱਖਣ ਉਪਰੰਤ 5 ਸੈਂਟੀਮੀਟਰ ਮਿੱਟੀ ਦੀ ਤਹਿ ਨਾਲ ਢਕ ਦਿਓ। ਜੇ ਬਿਜਾਈ ਵੱਤਰ ਹਾਲਤ ਵਿਚ ਨਾ ਕੀਤੀ ਗਈ ਹੋਵੇ ਤਾਂ ਬਿਜਾਈ ਕਰਨ ਉਪਰੰਤ ਤੁਰੰਤ ਪਾਣੀ ਲਾ ਦਿਓ ਅਤੇ ਫਿਰ 4-5 ਦਿਨਾਂ ਬਾਅਦ ਦੁਬਾਰਾ ਪਾਣੀ ਲਾਓ।
ਬੀਜ ਦੀ ਮਾਤਰਾ ਤੇ ਸੋਧ ਕਰਨੀ
ਵਧੀਆ ਫ਼ਸਲ ਲੈਣ ਲਈ ਦੋ ਅੱਖਾਂ ਵਾਲੀਆਂ 60 ਹਜ਼ਾਰ ਤੇ ਤਿੰਨ ਅੱਖਾਂ ਵਾਲੀਆਂ 40 ਹਜ਼ਾਰ ਗੁੱਲੀਆਂ ਪ੍ਰਤੀ ਹੈਕਟੇਅਰ ਵਰਤਣੀਆਂ ਚਾਹੀਦੀਆਂ ਹਨ। ਬੀਜ ਨੂੰ ਬਿਜਾਈ ਤੋਂ ਪਹਿਲਾਂ ਗੁੱਲੀਆਂ ਨੂੰ ਈਥਰਲ ਦੇ ਘੋਲ ਵਿਚ ਪੂਰੀ ਰਾਤ ਡੋਬਣ ਉਪਰੰਤ ਸੋਧ ਲੈਣਾ ਚਾਹੀਦਾ ਹੈ। ਇਸ ਘੋਲ ਨੂੰ ਬਣਾਉਣ ਲਈ 25 ਮਿਲੀਲੀਟਰ ਈਥਰਲ 39 ਐੱਸ ਐੱਲ ਨੂੰ 100 ਲੀਟਰ ਪਾਣੀ ਵਿਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿਚ ਡੋਬ ਲਵੋ।
- ਡਾ. ਗੁਰਵਿੰਦਰ ਸਿੰਘ, ਡਾ. ਅਮਰੀਕ ਸਿੰਘ