ਅੱਜ ਦਾ ਮਨੁੱਖ ਭਾਵੇਂ ਉੱਚ ਪੱਧਰੀ ਵਿਗਿਆਨਕ ਯੁੱਗ ਅਤੇ ਆਧੁਨਿਕ ਉੱਚ ਪੱਧਰੀ ਤਕਨੀਕ ਨਾਲ ਲੈਸ ਮਸ਼ੀਨੀ ਯੁੱਗ ਵਿਚ ਰਹਿ ਰਿਹਾ ਹੈ ਪਰ ਇਸ ਦੇ ਬਾਵਜੂਦ ਇਹ ਅਟੱਲ ਸੱਚਾਈ ਹੈ ਕਿ ਇਸ ਸਭ ਦੇ ਬਾਵਜੂਦ ਪਾਣੀ ਬਿਨਾਂ ਮਨੁੱਖੀ ਸਭਿਅਤਾ ਦਾ ਵਜੂਦ ਹੀ ਸੰਭਵ ਨਹੀਂ ਹੈ। ਅਸਲ ਵਿਚ ਦੁਨੀਆ ਭਰ ਦੇ ਵਿਗਿਆਨੀਆਂ ਲਈ ਪਾਣੀ ਦਾ ਬਦਲ ਖੋਜਣਾ ਅਜੇ ਤਕ ਇਕ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਪਾਣੀ ਦੀ ਮਹੱਤਤਾ ਮਨੁੱਖੀ ਜੀਵਨ ’ਚ ਸਦੀਆਂ ਪਹਿਲਾਂ ਵਾਂਗ ਹੁਣ ਵੀ ਬਣੀ ਹੋਈ ਹੈ।
ਇਤਿਹਾਸ ਗਵਾਹ ਹੈ ਕਿ ਸਦੀਆਂ ਪਹਿਲਾਂ ਪੁਰਾਤਨ ਮਨੁੱਖੀ ਸੱਭਿਆਤਾਵਾਂ ਦਾ ਜਨਮ ਪਾਣੀ ਭਾਵ ਜਲ ਸੋਮਿਆਂ- ਦਰਿਆਵਾਂ ਕਿਨਾਰੇ ਹੀ ਹੋਇਆ ਅਤੇ ਸਦੀਆਂ ਪਹਿਲਾਂ ਕੁਦਰਤੀ ਜਲ ਸੋਮਿਆਂ ਨੇ ਹੀ ਮਨੁੱਖ ਨੂੰ ਜੀਵਨਦਾਨ ਦਿੱਤਾ ਪਰ ਸਿਤਮਜਰੀਫੀ ਵੇਖੋ ਕਿ ਕੁਦਰਤੀ ਜਲ ਸੋਮਿਆਂ ਨੇ ਜਿਹੜੇ ਮਨੁੱਖ ਨੂੰ ਜੀਵਨਦਾਨ ਦਿੱਤਾ, ਅੱਜ ਉਸੇ ਮਨੁੱਖ ਦੀ ਖ਼ੁਦਗਰਜੀ ਅਤੇ ਲਾਲਚ ਕਾਰਨ ਇਨ੍ਹਾਂ ਕੁਦਰਤੀ ਜਲ ਸੋਮਿਆਂ ਦਾ ਖ਼ੁਦ ਦਾ ਜੀਵਨ ਅਤੇ ਵਜੂਦ ਹੀ ਖ਼ਤਰੇ ਵਿਚ ਹੈ। ਸਿਰਫ਼ ਜਲ ਹੀ ਨਹੀਂ ਸਗੋਂ ਸਾਡੇ ਜੰਗਲ ਅਤੇ ਜ਼ਮੀਨ ਵੀ ਮਨੁੱਖ ਦੀ ਲਾਲਚੀ ਪ੍ਰਵਿਰਤੀ ਦੀ ਭੇਟ ਚੜ੍ਹਦੇ ਜਾ ਰਹੇ ਹਨ, ਜਿਸ ਕਾਰਨ ਸਭ ਤੋਂ ਵੱਡਾ ਖ਼ਤਰਾ ਖ਼ੁਦ ਮਨੁੱਖ ਲਈ ਹੀ ਪੈਦਾ ਹੋ ਰਿਹਾ ਹੈ, ਇਸ ਤਰ੍ਹਾਂ ਜਲ, ਜੰਗਲ ਅਤੇ ਜ਼ਮੀਨ ਦੀ ਸੰਭਾਲ ਨਾ ਕਰ ਕੇ ਮਨੁੱਖ ਖ਼ੁਦ ਆਪਣੇ ਪੈਰਾਂ ਉਪਰ ਕੁਹਾੜੀ ਮਾਰ ਰਿਹਾ ਹੈ।
ਅਸਲ ਵਿਚ ਵਿਗਿਆਨ ਅਤੇ ਮਨੁੱਖੀ ਵਿਕਾਸ ਦੇ ਨਾਂ ਹੇਠ ਪਾਣੀ ਦੇ ਕੁਦਰਤੀ ਜਲ ਸੋਮਿਆਂ ਨੂੰ ਖ਼ੁਦ ਮਨੁੱਖ ਵੱਲੋਂ ਹੀ ਪਿਛਲੇ ਸਮੇਂ ਤੋਂ ਤਬਾਹ ਕੀਤਾ ਜਾ ਰਿਹਾ ਹੈ। ਨਦੀਆਂ ਅਤੇ ਦਰਿਆਵਾਂ ਦੇ ਨਿਰਮਲ ਵਹਿੰਦੇ ਪਾਣੀ ਉਪਰ ਬੰਨ੍ਹ ਮਾਰ ਕੇ ਇਸ ਪਾਣੀ ਦਾ ਕੁਦਰਤੀ ਵਹਾਓ ਭਾਵ ਰਾਹ ਮਨੁੱਖ ਨੇ ਰੋਕਿਆ, ਫਿਰ ਇਸ ਪਾਣੀ ਨੂੰ ਬੋਤਲਾਂ ਵਿਚ ਭਰ ਕੇ ਮੁੱਲ ਵੇਚਿਆ ਜਾ ਰਿਹਾ ਹੈ। ਇਸ ਤਰ੍ਹਾਂ ਮਨੁੱਖ ਦੇ ਵਪਾਰਕ ਲਾਲਚ ਨੇ ਨਦੀਆਂ ਅਤੇ ਦਰਿਆਵਾਂ ਦੇ ਪਵਿੱਤਰ ਪਾਣੀ ਦਾ ਬੋਤਲਬੰਦ ਵਪਾਰੀਕਰਨ ਕਰ ਦਿੱਤਾ, ਇਸ ਦੇ ਨਾਲ ਹੀ ਨਦੀਆਂ-ਦਰਿਆਵਾਂ ਵਿੱਚੋਂ ਨਹਿਰਾਂ, ਰਜਬਾਹੇ, ਕੱਸੀਆਂ ਕੱਢ ਕੇ ਮਨੁੱਖ ਦੀ ਘਰ-ਘਰ ਤਕ ਪਾਈਪਾਂ ਰਾਹੀਂ ਪਾਣੀ ਪਹੰੁਚਾਉਣ ਦੀ ਜ਼ਿੱਦ ਨੇ ਸਰਕਾਰੀ ਖ਼ਜ਼ਾਨਾ ਅਤੇ ਵਪਾਰੀਆਂ ਦੀਆਂ ਜੇਬਾਂ ਨੂੰ ਤਾਂ ਭਰ ਦਿੱਤਾ ਪਰ ਇਸ ਸਭ ਕੁਝ ਵਿਚ ਪਾਣੀ ਦੀ ਬਰਬਾਦੀ ਵੀ ਹੋਈ ਅਤੇ ਪਾਣੀ ’ਚ ਵੱਡੀ ਪੱਧਰ ’ਤੇ ਪ੍ਰਦੂਸ਼ਣ ਵੀ ਪੈਦਾ ਹੋਇਆ। ਹੁਣ ਭਾਵੇਂ ਹਰ ਘਰ ਵਿਚ ਪਾਈਪਾਂ ਰਾਹੀਂ ਪਾਣੀ ਆ ਰਿਹਾ ਹੈ ਪਰ ਅਕਸਰ ਮਨੁੱਖੀ ਅਣਗਹਿਲੀ ਕਾਰਨ ਖੁੱਲ੍ਹੀਆਂ ਰਹਿੰਦੀਆਂ ਪਾਣੀ ਵਾਲੀਆਂ ਟੂਟੀਆਂ ਵਿੱਚੋਂ ਕੀਮਤੀ ਪਾਣੀ ਬੇਅਰਥ ਨਿਕਲ-ਨਿਕਲ ਕੇ ਨਾਲੀਆਂ ਵਿਚ ਜਾਂਦਾ ਰਹਿੰਦਾ ਹੈ, ਇਸ ਤੋਂ ਇਲਾਵਾ ਪਾਣੀ ਦੀਆਂ ਪਾਈਪਾਂ ਕਈ ਥਾਵਾਂ ਤੋਂ ਲੀਕ ਕਰਦੀਆਂ ਰਹਿੰਦੀਆਂ ਹਨ, ਜਿੱਥੋਂ ਪਾਣੀ ਲੀਕ ਕਰਦਾ ਰਹਿੰਦਾ ਹੈ, ਇਹ ਪਾਣੀ ਦੀ ਬਰਬਾਦੀ ਨਹੀਂ ਤਾਂ ਹੋਰ ਕੀ ਹੈ? ਇੱਥੇ ਹੀ ਬਸ ਨਹੀਂ ਸਗੋਂ ਮਨੁੱਖ ਨੇ ਆਪਣੇ ਸਵਾਰਥ ਲਈ ਪਾਤਾਲ ਖੋਦ ਕੇ ਧਰਤੀ ਦੀ ਕੁੱਖ ਵਿੱਚੋਂ ਮਣਾਂ ਮੂੰਹੀਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੋਇਆ ਹੈ, ਜਿਸ ਕਾਰਨ ਅੱਜ ਧਰਤੀ ਹੇਠਲੇ ਪਾਣੀ ਦੇ ਕੁਦਰਤੀ ਸੋਮੇ ਵੀ ਖ਼ਤਮ ਹੋਣ ਵਾਲੇ ਹਨ।
ਇਹ ਠੀਕ ਹੈ ਕਿ ਮਨੁੱਖ ਨੇ ਅੱਜ ਭੌਤਿਕ ਤਰੱਕੀ ਦੀਆਂ ਅਨੇਕਾਂ ਮੰਜ਼ਿਲਾਂ ਤੈਅ ਕਰ ਕੇ ਤਰੱਕੀ ਦਾ ਅਸਮਾਨ ਛੂਹ ਲਿਆ ਹੈ ਅਤੇ ਮਨੁੱਖ ਨੇ ਪੂਰੀ ਦੁਨੀਆ ਆਪਣੀ ਮੁੱਠੀ ਵਿਚ ਕਰ ਲਈ ਹੈ ਪਰ ਇਸ ਤਰੱਕੀ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਕੁਦਰਤ, ਜਲ, ਜੰਗਲ ਅਤੇ ਜ਼ਮੀਨ ਦਾ ਹੋਇਆ ਹੈ। ਮਨੁੱਖੀ ਤਰੱਕੀ ਨਾਲ ਕੁਦਰਤੀ ਜਲ ਸੋਮੇ ਸੁੱਕਦੇ, ਸੰੁਗੜਦੇ ਜਾ ਰਹੇ ਹਨ ਅਤੇ ਪ੍ਰਦੂਸ਼ਿਤ ਹੋ ਰਹੇ ਹਨ। ਅੱਜ ਦੇ ਮੌਜੂਦਾ ਹਾਲਾਤ ਇਹ ਹਨ ਕਿ ਸਿਰਫ਼ ਸ਼ਹਿਰਾਂ ’ਚ ਹੀ ਨਹੀਂ, ਸਗੋਂ ਕਸਬਿਆਂ ਅਤੇ ਪਿੰਡਾਂ ਵਿਚ ਵੀ ਸ਼ੁੱਧ ਪਾਣੀ ਦੀ ਘਾਟ ਪੈਦਾ ਹੋ ਗਈ ਹੈ। ਪਿੰਡਾਂ ਵਿੱਚੋਂ ਪਾਣੀ ਦੇ ਸੋਮੇ ਛੱਪੜ, ਟੋਭੇ ਲੋਪ ਹੋ ਚੁੱਕੇ ਹਨ।
ਜੇ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਨੂੰ ਪੰਜ ਪਾਣੀਆਂ/ਦਰਿਆਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਕ ਸਮੇਂ ਪੰਜਾਬ ਵਿਚ ਸਤਲੁਜ, ਝਨਾਂ, ਜੇਹਲਮ, ਰਾਵੀ, ਬਿਆਸ ਆਦਿ ਦਰਿਆ ਵਹਿੰਦੇ ਸਨ, ਇਸ ਕਾਰਨ ਪੰਜਾਬ ਨੂੰ ਪਹਿਲਾਂ ਪੰਜ+ ਆਬ ਕਿਹਾ ਜਾਂਦਾ ਸੀ, ਜਿਨ੍ਹਾਂ ਦਾ ਪਾਣੀ ਏਨਾ ਸਾਫ਼ ਤੇ ਸ਼ੁੱਧ ਹੁੰਦਾ ਸੀ ਕਿ ਇਨ੍ਹਾਂ ਦਰਿਆਵਾਂ ਦੇ ਪਾਣੀ ਨੂੰ ਅੰਮਿ੍ਰਤ ਵੀ ਕਿਹਾ ਜਾਂਦਾ ਸੀ। ਹੁਣ ਅੱਜ ਦੇ ਪੰਜਾਬ ਵਿਚ ਦਰਿਆ ਵੀ ਮੁੱਖ ਤੌਰ ’ਤੇ ਦੋ ਸਤਲੁਜ ਤੇ ਬਿਆਸ ਰਹਿ ਗਏ ਹਨ, ਰਾਵੀ ਦਰਿਆ ਦਾ ਥੋੜ੍ਹਾ ਜਿਹਾ ਹਿੱਸਾ ਹੀ ਪੰਜਾਬ ਵਿਚ ਵਹਿੰਦਾ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਘੱਗਰ ਨਦੀ, ਢਕਾਨਸੂ ਨਦੀ, ਵੇਈਂ ਨਦੀ, ਬੁੱਢਾ ਦਰਿਆ ਸਮੇਤ ਹੋਰ ਅਨੇਕਾਂ ਹੀ ਨਦੀਆਂ, ਬਰਸਾਤੀ ਨਾਲੇ ਵਹਿ ਰਹੇ ਹਨ। ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਰਸਾਤੀ ਨਦੀਆਂ, ਨਾਲਿਆਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਲੁਧਿਆਣੇ ਵਾਲਾ ਬੁੱਢਾ ਨਾਲਾ ਹੁਣ ਗੰਦਾ ਨਾਲਾ ਬਣ ਚੁੱਕਿਆ ਹੈ। ਰਾਜਪੁਰਾ ਨੇੜੇ ਢਕਾਨਸੂ ਨਦੀ ਵਿਚ ਉਦਯੋਗਾਂ, ਫੈਕਟਰੀਆਂ ਅਤੇ ਕਾਰਖਾਨਿਆਂ ਦਾ ਕੈਮੀਕਲ ਵਾਲਾ ਪਾਣੀ ਦਿਨ ਰਾਤ ਝੱਗ ਬਣਾਈ ਰੱਖਦਾ ਹੈ, ਜੋ ਕਿ ਦੂਰ ਤੋਂ ਵੇਖਣ ’ਤੇ ਬਰਫ ਦਾ ਭੁਲੇਖਾ ਪਾਉਂਦੀ ਹੈ। ਰਾਜਪੁਰਾ ਇਲਾਕੇ ਵਿਚ ਸਾਬਣ, ਵਾਸ਼ਿੰਗ ਪਾਉੂਡਰ ਬਣਾਉਣ ਦੇ ਕਾਫ਼ੀ ਛੋਟੇ ਵੱਡੇ ਉਦਯੋਗ ਹਨ, ਉਨ੍ਹਾਂ ਦਾ ਗੰਦਾ ਤੇ ਫਾਲਤੂ ਪਾਣੀ ਵੀ ਢਕਾਨਸੂ ਨਦੀ ਵਿਚ ਜਾਂਦਾ ਹੈ, ਜਿਸ ਕਾਰਨ ਕੈਮੀਕਲ, ਸਾਬਣ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਦੇ ਪਾਣੀ ਵਿਚ ਘੁਲਣ ਕਾਰਨ ਢਕਾਨਸੂ ਨਦੀ ’ਚ ਹਰ ਸਮੇਂ ਝੱਗ ਬਣੀ ਰਹਿੰਦੀ ਹੈ।
ਇਕ ਸਰਕਾਰੀ ਸਰਵੇਖਣ ਅਨੁਸਾਰ ਭਾਰਤ ’ਚ ਹਰ ਸਾਲ ਹੀ 25 ਲੱਖ ਲੋਕ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨਾਲ ਮਰ ਜਾਂਦੇ ਹਨ। ਭਾਰਤ ’ਚ 16 ਕਰੋੜ ਤੋਂ ਵਧੇਰੇ ਲੋਕ ਅਜਿਹੇ ਹਨ ਜੋ ਕਿ ਪੀਣ ਲਈ ਸਾਫ਼ ਪਾਣੀ ਨੂੰ ਤਰਸਦੇ ਹਨ, ਹਾਂ ਅਮੀਰ ਲੋਕ ਜ਼ਰੂਰ ਬੋਤਲਬੰਦ ਪਾਣੀ ਮੁੱਲ ਲੈ ਕੇ ਪੀ ਲੈਂਦੇ ਹਨ ਪਰ ਇਸ ਪਾਣੀ ਦੀ ਗੁਣਵਤਾ ਉਪਰ ਵੀ ਹੁਣ ਤਕ ਕਈ ਵਾਰ ਸਵਾਲ ਚੁੱਕੇ ਗਏ ਹਨ।
ਇਹ ਇਕ ਹਕੀਕਤ ਹੈ ਕਿ ਪੰਜ ਆਬਾਂ ਦੀ ਧਰਤੀ ਉਪਰ ਹੁਣ ਪਾਣੀ ਦਾ ਗੰਭੀਰ ਸੰਕਟ ਹੈ। ਕਈ ਮਾਹਰ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਪਾਣੀ ਦੇ ਸੋਮਿਆਂ ਦੀ ਸਹੀ ਸੰਭਾਲ ਨਾ ਕੀਤੀ ਗਈ ਤਾਂ ਪੰਜਾਬ ਇਕ ਦਿਨ ਰੇਗਿਸਤਾਨ ਬਣ ਜਾਵੇਗਾ, ਅੱਜ ਪੰਜਾਬ ਦੇ ਹਰ ਇਲਾਕੇ ਵਿਚ ਹੀ ਪਾਣੀ ਦੀ ਘਾਟ ਹੈ। ਸ਼ਹਿਰਾਂ ਵਿਚ ਉਪਰਲੀਆਂ ਮੰਜ਼ਿਲਾਂ ’ਤੇ ਬਿਨਾਂ ਮੋਟਰ ਪਾਣੀ ਚੜ੍ਹਦਾ ਹੀ ਨਹੀਂ। ਹੇਠਲੀ ਮੰਜ਼ਿਲ ’ਤੇ ਵੀ ਪਾਣੀ ਦਾ ਪਰੈਸ਼ਰ ਘੱਟ ਹੁੰਦਾ ਹੈ। ਜੇ ਪੰਜਾਬ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਇਕ ਸੱਚਾਈ ਹੈ ਕਿ ਪੰਜਾਬ ਵਿਚ ਸਿਰਫ਼ 12,423 ਪਿੰਡ ਹਨ ਪਰ ਇਨ੍ਹਾਂ ਪਿੰਡਾਂ ’ਚੋਂ 11,449 ਪਿੰਡਾਂ ਵਿਚ ਹੀ ਪਾਣੀ ਦੀ ਘਾਟ ਹੈ। ਸਾਲ 2005 ’ਚ ਪੰਜਾਬ ਦੇ 30 ਫ਼ੀਸਦੀ ਖੇਤਰ ’ਚ ਪਾਣੀ ਦਾ ਪੱਧਰ ਜ਼ਮੀਨ ਤੋਂ 20 ਮੀਟਰ ਥੱਲੇ ਸੀ। ਪੰਜਾਬ ਵਿਚ ਤਾਂ ਹੁਣ 57 ਫ਼ੀਸਦੀ ਜ਼ਮੀਨੀ ਪਾਣੀ ਅਜਿਹਾ ਹੈ ਜੋ ਕਿ ਪੀਣਯੋਗ ਨਹੀਂ ਹੈ। ਇਸ ਤੱਥ ਤੋਂ ਵੀ ਸਾਰੇ ਹੀ ਜਾਣੂੁ ਹਨ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਸੂਬੇ ਦਾ 42 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਹੈ। ਖੇਤੀ ਲਈ ਪਾਣੀ ਸਬੰਧੀ ਵੀ ਬਿਜਲੀ ਵਾਲਾ ਹੀ ਹਾਲ ਹੈ। ਜਿਵੇਂ ਬਿਜਲੀ ਦੀ ਮੰਗ ਜ਼ਿਆਦਾ ਹੈ ਪਰ ਆਪੂਰਤੀ ਘੱਟ ਉਹੀ ਹਾਲ ਪਾਣੀ ਦਾ ਹੈ। ਖੇਤੀ ਖੇਤਰ ਵਿਚ ਫ਼ਸਲਾਂ ਦੀ ਸਿੰਜਾਈ ਲਈ 43 ਲੱਖ ਕਿਊਬਿਕ ਮੀਟਰ ਪਾਣੀ ਚਾਹੀਦਾ ਹੈ ਪਰ 31 ਲੱਖ ਕਿਊਬਿਕ ਮੀਟਰ ਪਾਣੀ ਹੀ ਮਿਲਦਾ ਹੈ। ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਾਰਨ ਪਾਣੀ ਦਾ ਪੱਧਰ 30 ਸੈਂ. ਮੀ. ਪ੍ਰਤੀ ਸਾਲ ਥੱਲੇ ਜਾ ਰਿਹਾ ਹੈ। ਕੁੱਲ 138 ਵਿਕਾਸ ਬਲਾਕਾਂ ’ਚੋਂ 108 ਬਲਾਕਾਂ ’ਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ’ਤੋਂ ਥੱਲੇ ਚਲਾ ਗਿਆ ਹੈ।
ਸਿਤਮ ਦੀ ਗੱਲ ਹੈ ਕਿ ਇਕ ਪਾਸੇ ਉੱਚ ਪੱਧਰੀ ਸਰਕਾਰੀ ਗਲਿਆਰਿਆਂ ਤੋਂ ਲੈ ਕੇ ਹਰ ਪੱਧਰ ’ਤੇ ‘ਪਾਣੀ ਬਚਾਓ’ ਦਾ ਨਾਅਰਾ ਬੁਲੰਦ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਧਰਤੀ ਹੇਠਲੇ ਪਾਣੀ ਦਾ ਘਾਣ ਵੱਡੇ ਪੱਧਰ ’ਤੇ ਜਾਰੀ ਹੈ ਅਤੇ ਕੁਦਰਤੀ ਜਲ ਸੋਮਿਆਂ ਦੀ ਦੁਰਵਰਤੋਂ ਵੀ ਵੱਡੇ ਪੱਧਰ ’ਤੇ ਹੋ ਰਹੀ ਹੈ, ਇਹ ਦੋਵੇਂ ਗੱਲਾਂ ਆਪਾ ਵਿਰੋਧੀ ਹਨ।
ਲਗਾਤਾਰ ਵੱਧਦੀ ਹੋਈ ਤਕਨੀਕ ਦੀ ਵਰਤੋਂ, ਤੇਜ਼ ਰਫ਼ਤਾਰ ਅਤੇ ਹਰ ਵੇਲੇ ਭੱਜ ਦੌੜ, ਭੌਤਿਕ ਸੁੱਖ ਦੇ ਸਾਧਨਾਂ ਨੂੰ ਅਸੀਮਿਤ ਤਕ ਬਣਾਉਣ ਦੀ ਹੋੜ ਨੇ ਮਨੁੱਖੀ ਜੀਵਨ ਦੇ ਨਾਲ-ਨਾਲ ਕੁਦਰਤੀ ਜਲ ਸੋਮਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਅੱਜ ਪ੍ਰਦੂਸ਼ਿਤ ਪਾਣੀ ਕਾਰਨ ਹੀ ਮਨੁੱਖ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਨਦੀਆਂ-ਦਰਿਆਵਾਂ ਅਤੇ ਕੁਦਰਤੀ ਜਲ ਸੋਮਿਆਂ ਵਿਚ ਡਿੱਗਦਾ ਸੀਵਰੇਜ, ਉਦਯੋਗਾਂ, ਫੈਕਟਰੀਆਂ ਦੇ ਜ਼ਹਿਰੀਲੇ ਰਸਾਇਣ ਅਤੇ ਹੋਰ ਗੰਦ ਮੰਦ ਪੀਣ ਵਾਲੇ ਕੁਦਰਤੀ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਬਣਾਉਂਦੇ ਹਨ, ਇਹ ਜ਼ਹਿਰੀਲਾ ਪਾਣੀ ਜੀਵ-ਜੰਤੂਆਂ ਦੇ ਨਾਲ ਨਾਲ ਮਨੁੱਖੀ ਸਿਹਤ ਲਈ ਵੀ ਬਹੁਤ ਹਾਨੀਕਾਰਕ ਸਾਬਿਤ ਹੋ ਰਿਹਾ ਹੈ।
ਮਨੁੱਖ ਵੱਲੋਂ ਤਰੱਕੀ ਦੀ ਆੜ ’ਚ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਕਾਰਨ ਅੱਜ ਮੌਸਮ ਚੱਕਰ, ਰੁੱਤਾਂ, ਜਲਵਾਯੂ, ਮਾਨਸੂਨ, ਬਰਸਾਤ, ਗਰਮੀ, ਸਰਦੀ ਸਭ ਗੜਬੜਾ ਗਏ ਹਨ, ਜਿਸ ਦਾ ਸਿੱਧਾ ਅਸਲ ਖ਼ੁਦ ਮਨੁੱਖ ਉਪਰ ਹੀ ਪੈ ਰਿਹਾ ਹੈ।
ਅਸਲ ਵਿਚ ਹੁਣ ਵੇਲਾ ਸਿਰਫ਼ ਗੱਲਾਂ ਕਰਨ ਦਾ ਨਹੀਂ ਸਗੋਂ ਪਾਣੀ ਬਚਾਉਣ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਠੋਸ ਉਪਰਾਲੇ ਕਰਨ ਦਾ ਹੈ। ਇਸ ਸਭ ਲਈ ਸਾਨੂੰ ਖ਼ੁਦ ਤੋਂ ਪਹਿਲ ਕਰਨੀ ਚਾਹੀਦੀ ਹੈ ਅਤੇ ਹਰ ਵਿਅਕਤੀ ਨੂੰ ਖ਼ੁਦ ਪਾਣੀ ਦੀ ਸੰਭਾਲ ਕਰਨ ਅਤੇ ਬਰਬਾਦੀ ਰੋਕਣ, ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ। ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਰਾਜਾਂ ਵਿਚ ਬਰਸਾਤੀ ਪਾਣੀ ਦੀ ਸੰਭਾਲ ਲਈ ਉੱਥੋਂ ਦੀਆਂ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਹਨ। ਸ਼ਿਮਲਾ ਅਤੇ ਹੋਰ ਇਲਾਕਿਆਂ ਵਿਚ ਸਥਿਤ ਵੱਡੀ ਗਿਣਤੀ ਘਰਾਂ ਵਿਚ ਹੀ ਬਰਸਾਤੀ ਪਾਣੀ ਲਈ ਸਬੰਧਿਤ ਦੇਸੀ ਜੁਗਾੜ ਲਾਏ ਦੇਖੇ ਜਾਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਛੱਤ ਦਾ ਪਾਣੀ ਪਾਈਪਾਂ ਰਾਹੀਂ ਸਿੱਧਾ ਵਾਟਰ ਟੈਂਕਾਂ ’ਚ ਸੁਟਿਆ ਜਾਂਦਾ ਹੈ ਅਤੇ ਫਿਰ ਲੋੜ ਅਨੁਸਾਰ ਉਸ ਬਰਸਾਤੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ਵਿਚ ਪਹਾੜੀ ਲੋਕ ਪਾਣੀ ਦੇ ਮਹੱਤਵ ਨੂੰ ਪੰਜਾਬੀਆਂ ਨਾਲੋਂ ਪਹਿਲਾਂ ਸਮਝ ਗਏ ਹਨ, ਇਸ ਕਾਰਨ ਹਿਮਾਚਲ ਸਰਕਾਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ ਅਤੇ ਹੋਰ ਪਹਾੜੀ ਰਾਜਾਂ ਦੇ ਲੋਕ ਬਰਸਾਤੀ ਪਾਣੀ ਦੀ ਸੰਭਾਲ ਲਈ ਆਪੋ ਆਪਣਾ ਯੋਗਦਾਨ ਪਾਉਂਦੇ ਹਨ। ਪੰਜਾਬ ’ਚ ਪਾਣੀ ਦੀ ਸੰਭਾਲ ਲਈ ਪਿੰਡਾਂ ’ਚ ਟੋਭਿਆਂ ਅਤੇ ਛੱਪੜਾਂ ਨੂੰ ਮੁੜ ਪੁਟਿਆ ਜਾਣਾ ਚਾਹੀਦਾ ਹੈ ਤਾਂ ਕਿ ਉੱਥੇ ਬਰਸਾਤੀ ਪਾਣੀ ਦੀ ਸੰਭਾਲ ਹੋ ਸਕੇ ਅਤੇ ਛੱਪੜਾਂ-ਟੋਭਿਆਂ ਵਿਚ ਖੜ੍ਹਾ ਪਾਣੀ ਹੌਲੀ-ਹੌਲੀ ਧਰਤੀ ਵਿਚ ਰਿਸਦਾ ਰਹੇ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਉੱਠ ਸਕੇ। ਪੰਜਾਬ ਵਿਚ ਝੋਨੇ ਦੀ ਥਾਂ ਘੱਟ ਪਾਣੀ ਪੀਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਪਾਣੀ ਦੀ ਦੁਰਵਰਤੋਂ ਰੋਕੀ ਜਾਣੀ ਚਾਹੀਦੀ ਹੈ। ਹਰ ਨਵੀਂ ਉਸਾਰੀ ਮੌਕੇ ਇਹ ਸ਼ਰਤ ਲਗਾ ਦੇਣੀ ਚਾਹੀਦੀ ਹੈ ਕਿ ਉੱਥੇ ਬਰਸਾਤੀ ਪਾਣੀ ਦੀ ਧਰਤੀ ਹੇਠਾਂ ਨਿਕਾਸੀ ਯਕੀਨੀ ਹੋਵੇ। ਇਸ ਦੇ ਨਾਲ ਹੀ ਹਰ ਪਿੰਡ ਸ਼ਹਿਰ ਵਿਚ ਪਾਣੀ ਬਚਾਓ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਮੈਂਬਰ ਪਾਣੀ ਬਚਾਉਣ ਦੇ ਨਾਲ-ਨਾਲ ਪਾਣੀ ਦੀ ਦੁਰਵਰਤੋਂ ਰੋਕਣ ਲਈ ਉਪਰਾਲੇ ਕਰਨ। ਪਾਣੀ ਦੀ ਸਾਂਭ ਸੰਭਾਲ ਕਰਨ ਅਤੇ ਪਾਣੀ ਦੀ ਦੁਰਵਰਤੋਂ ਰੋਕਣ, ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਮਨੁੱਖੀ ਸਮਾਜ ਨੂੰ ਖ਼ੁਦ ਉਪਰਾਲੇ ਕਰਨੇ ਪੈਣਗੇ ਅਤੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪਾਣੀ ਬਿਨਾਂ ਮਨੁੱਖੀ ਸੱਭਿਅਤਾ ਦਾ ਵਜੂਦ ਸੰਭਵ ਨਹੀਂ ਹੈ। ਸਦੀਆਂ ਤੋਂ ਮਨੁੱਖੀ ਸੱਭਿਅਤਾ ਨੂੰ ਜੀਵਨਦਾਨ ਦੇਣ ਵਾਲੇ ਕੁਦਰਤੀ ਜਲ ਸੋਮਿਆਂ ਨੂੰ ਜੀਵਨ ਦਾਨ ਦੇਣਾ ਹੁਣ ਹਰ ਮਨੁੱਖ ਦਾ ਫ਼ਰਜ਼ ਹੈ, ਨਹੀਂ ਤਾਂ ਇਸ ਦਾ ਖਮਿਆਜ਼ਾ ਭੁਗਤਣ ਲਈ ਵੀ ਮਨੁੱਖ ਨੂੰ ਤਿਆਰ ਰਹਿਣਾ ਚਾਹੀਦਾ ਹੈ।
ਪ੍ਰਤੀ ਵਿਅਕਤੀ ਘਟੀ ਪਾਣੀ ਦੀ ਮਿਕਦਾਰ
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਆਜ਼ਾਦ ਹੋਣ ਵੇਲੇ ਪ੍ਰਤੀ ਵਿਅਕਤੀ 6000 ਘਣ ਮੀਟਰ ਪਾਣੀ ਮੁਹੱਈਆ ਸੀ, ਜੋ ਸਾਲ 2010 ’ਚ ਘੱਟ ਕੇ ਕਰੀਬ 1600 ਘਣ ਮੀਟਰ ਪ੍ਰਤੀ ਵਿਅਕਤੀ ਗਿਆ ਸੀ। ਕੇਂਦਰੀ ਜਲ ਸਰੋਤ ਮੰਤਰਾਲੇ ਦੇ ਅਨੁਸਾਰ ਪ੍ਰਤੀ ਵਿਅਕਤੀ ਜਲ ਉਪਲੱਬਧਤਾ ਸਾਲ 2025 ਵਿਚ 1341 ਘਣ ਮੀਟਰ ਅਤੇ ਸਾਲ 2050 ਤਕ ਪ੍ਰਤੀ ਵਿਅਕਤੀ ਪਾਣੀ ਦੀ ਉਪਲੱਬਧਤਾ 1140 ਘਣ ਮੀਟਰ ਰਹਿ ਜਾਵੇਗੀ।
ਕਦੇ ਜਲ ਨੂੰ ਮੰਨਿਆ ਜਾਂਦਾ ਸੀ ਦੇਵਤਾ
‘ਵਰਲਡ ਰਿਸੋਰਸ ਇੰਸਟੀਚਿਊਟ’ ਦੀ ਮਾਰਚ 2016 ਦੀ ਰਿਪੋਰਟ ਅਨੁਸਾਰ ਭਾਰਤ ਦੇ 54 ਫ਼ੀਸਦੀ ਹਿੱਸੇ ਵਿਚ ਪਾਣੀ ਦੀ ਘਾਟ ਪਾਈ ਜਾ ਰਹੀ ਹੈ। ਨੀਤੀ ਆਯੋਗ ਵੱਲੋਂ ਸਾਲ 2018 ਦੀ ਜਾਰੀ ਰਿਪੋਰਟ ਵਿਚ ਵੀ ਇਹ ਕਿਹਾ ਗਿਆ ਹੈ ਕਿ ਇਕ ਪਾਸੇ ਦੇਸ਼ ਦੇ ਕਰੀਬ 60 ਕਰੋੜ ਲੋਕ ਪਾਣੀ ਦੀ ਭਿਆਨਕ ਘਾਟ ਨਾਲ ਜੂਝ ਰਹੇ ਹਨ ਅਤੇ ਦੂਜੇ ਪਾਸੇ 70 ਫੀਸਦੀ ਪਾਣੀ ਪੀਣਯੋਗ ਨਹੀਂ ਰਿਹਾ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ, ਸੋਕਾ, ਖੇਤੀ, ਕਾਰਖਾਨਿਆਂ ਅਤੇ ਉਸਾਰੀ ਕੰਮਾਂ ਵਿਚ ਵੱਧਦੀ ਪਾਣੀ ਦੀ ਮੰਗ, ਜਲ ਸਰੋਤਾਂ ਵਿਚ ਵੱਧਦੇ ਜਾ ਰਹੇ ਪ੍ਰਦੂਸ਼ਣ ਅਤੇ ਗ਼ਲਤ ਜਲ ਪ੍ਰਬੰਧ ਯੋਜਨਾਵਾਂ ਵਰਗੀਆਂ ਚੁਣੌਤੀਆਂ ਮੌਸਮੀ ਬਦਲਾਓ ਅਤੇ ਜਲਵਾਯੂ ਤਬਦੀਲੀ ਦੇ ਨਾਲ ਹੋਰ ਵੱਧ ਜਾਣਗੀਆਂ। ਅਸਲ ’ਚ ਸ਼ਹਿਰੀ ਸੱਭਿਅਤਾ ਨੇ ਤਾਂ ਪਹਿਲਾਂ ਹੀ ਵਿਕਾਸ ਦੇ ਨਾਂ ਹੇਠ ਪੁਰਾਤਨ ਪ੍ਰੰਪਰਾਵਾਂ ਤੋਂ ਮੂੰਹ ਮੋੜ ਲਿਆ ਸੀ ਅਤੇ ਹੁਣ ਪਿੰਡ ਵੀ ਆਪਣੇ ਪੁਰਖਿਆਂ ਵਲੋਂ ਕਾਇਮ ਕੀਤੀਆਂ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਪਹਿਲਾਂ ਸਾਡੇ ਦੇਸ਼ ਵਿਚ ਕਈ ਤਿਉਹਾਰ ਅਜਿਹੇ ਮਨਾਏ ਜਾਂਦੇ ਸਨ ਜਿਨ੍ਹਾਂ ਦਾ ਸਬੰਧ ਪਾਣੀ ਨਾਲ ਹੁੰਦਾ ਸੀ ਅਤੇ ਪਾਣੀ ਨੂੰ ਸ਼ੁੱਧ ਰੱਖਣ ਲਈ ਅਤੇ ਪਾਣੀ ਦੀ ਸੰਭਾਲ ਕਰਨ ਲਈ ਸਾਂਝੇ ਉਪਰਾਲੇ ਕੀਤੇ ਜਾਂਦੇ ਸਨ ਅਤੇ ਪਾਣੀ ਨੂੰ ਦੇਵਤਾ ਜਾਂ ਜਲ ਦੇਵਤਾ ਕਿਹਾ ਜਾਂਦਾ ਸੀ ਪਰ ਹੌਲੀ-ਹੌਲੀ ਵਿਗਿਆਨਕ ਅਤੇ ਭੌਤਿਕ ਤਰੱਕੀ ਨੇ ਜਿੱਥੇ ਸ਼ਹਿਰਾਂ ਨੂੰ ਫੈਲਾਅ ਦਿੱਤਾ ਅਤੇ ਪਿੰਡ ਦਿਨੋਂ ਦਿਨ ਸੰੁਗੜਦੇ ਜਾ ਰਹੇ ਹਨ, ਜਿਸ ਕਰਕੇ ਪਾਣੀ ਦੀ ਘਾਟ, ਜਲ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਵਿਕਰਾਲ ਰੂਪ ’ਚ ਮਨੁੱਖ ਦੇ ਸਾਹਮਣੇ ਆ ਖੜ੍ਹੀਆਂ ਹਨ।
- ਜਗਮੋਹਨ ਸਿੰਘ ਭਦੌੜ