Kisan Credit Card :
ਨਈ ਦੁਨੀਆ, ਨਵੀਂ ਦਿੱਲੀ : ਕਿਸਾਨ ਕ੍ਰੈਡਿਟ ਕਾਰਡ
ਜ਼ਰੀਏ ਲੋਨ ਲੈਣ ਵਾਲੇ ਕਰੋੜਾਂ ਕਿਸਾਨਾਂ ਨੇ ਜੇਕਰ 3 ਫ਼ੀਸਦੀ ਵਿਆਜ ਦੀ ਛੋਟ ਦਾ ਲਾਭ ਲੈਣਾ ਹੈ ਤਾਂ ਉਨ੍ਹਾਂ ਨੂੰ ਲੋਨ ਦੀ ਰਕਮ 31 ਅਗਸਤ ਤੋਂ ਪਹਿਲਾਂ ਭਰਨੀ ਪਵੇਗੀ। ਆਮ ਤੌਰ 'ਤੇ Kisan Credit Card (KCC) 'ਤੇ ਲਿਆ ਲੋਨ 31 ਮਾਰਚ ਤਕ ਮੋੜਨਾ ਹੈ ਪਰ ਇਸ ਵਾਰ ਲਾਕਡਾਊਨ ਦੀ ਵਜ੍ਹਾ ਨਾਲ ਸਰਕਾਰ ਨੇ ਇਹ ਡੈੱਡਲਾਈਨ ਵਧਾ ਕੇ 31 ਮਈ ਕਰ ਦਿੱਤੀ ਸੀ। ਸਰਕਾਰ ਨੇ ਇਸ ਤੋਂ ਬਾਅਦ ਲੋਨ ਚੁਕਾਉਣ ਦੀ ਡੈੱਡਲਾਈਨ ਦੂਸਰੀ ਵਾਰ ਵਧਾ ਕੇ 31 ਅਗਸਤ ਕੀਤੀ ਹੈ।
ਜਿਨ੍ਹਾਂ ਵੀ ਕਿਸਾਨਾਂ ਨੇ KCC ਜ਼ਰੀਏ ਲੋਨ ਲਿਆ ਹੋਇਆ ਹੈ ਜੇਕਰ ਉਹ ਉਸ ਰਕਮ ਨੂੰ 31 ਅਗਸਤ ਤਕ ਮੋੜ ਦੇਣਗੇ ਤਾਂ ਉਨ੍ਹਾਂ ਨੂੰ ਸਿਰਫ਼ 4 ਫ਼ੀਸਦੀ ਵਿਆਜ ਹੀ ਲੱਗੇਗਾ। ਇਸ ਤਾਰੀਕ ਤੋਂ ਬਾਅਦ ਲੋਨ ਚੁਕਾਉਣ ਵਾਲੇ ਕਿਸਾਨਾਂ ਨੂੰ 7 ਫ਼ੀਸਦੀ ਵਿਆਜ ਦੇਣਾ ਪਵੇਗਾ। ਮੋਦੀ ਸਰਕਾਰ ਨੇ ਕੋਰੋਨਾ ਲਾਕਡਾਊਨ ਦੀ ਵਜ੍ਹਾ ਨਾਲ ਕਿਸਾਨਾਂ ਨੂੰ ਰਾਹਤ ਦੇਣ ਦਾ ਫ਼ੈਸਲਾ ਕੈਬਨਿਟ ਦੀ ਬੈਠਕ 'ਚ ਲਿਆ ਸੀ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਕੋਰੋਨਾ ਲਾਕਡਾਊਨ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਕੀਤਾ। ਪਹਿਲਾਂ ਅਜਿਹਾ ਲੱਗਾ ਸੀ ਕਿ 31 ਮਈ ਤੋਂ ਬਾਅਦ ਹਾਲਾਤ ਠੀਕ ਹੋ ਜਾਣਗੇ ਪਰ ਇਸ ਤੋਂ ਬਾਅਦ ਵੀ ਹੋ ਰਹੀ ਪਰੇਸ਼ਾਨੀ ਨੂੰ ਦੇਖਦਿਆਂ ਡੈੱਡਲਾਈਨ 31 ਅਗਸਤ ਕੀਤੀ ਗਈ।
Kisan Credit Card 'ਤੇ ਇਸ ਕਰਕੇ ਘੱਟ ਵਿਆਜ ਦਰ
ਕਿਸਾਨਾਂ ਨੂੰ ਖੇਤੀਬਾੜੀ ਕਾਰਜ ਲਈ 9 ਫ਼ੀਸਦੀ ਵਿਆਜ 'ਤੇ ਰਕਮ ਮਿਲਦੀ ਹੈ ਪਰ ਸਰਕਾਰ ਤਿੰਨ ਲੱਖ ਰੁਪਏ ਤਕ ਦੇ ਘੱਟ ਮਿਆਦੀ ਲੋਨ ਲਈ 2 ਫ਼ੀਸਦੀ ਸਬਸਿਡੀ ਦਿੰਦੀ ਹੈ। ਇਸ ਵਜ੍ਹਾ ਨਾਲ ਕਿਸਾਨਾਂ ਨੂੰ ਇਹ ਲੋਨ 7 ਫ਼ੀਸਦੀ ਵਿਆਜ ਦਰ 'ਤੇ ਮਿਲਦਾ ਹੈ। ਇਸ ਵਿਚ ਵੀ ਕਿਸਾਨਾਂ ਨੂੰ ਫਾਇਦਾ ਇਹ ਹੈ ਕਿ ਜੇਕਰ ਉਨ੍ਹਾਂ ਸਮੇਂ ਸਿਰ ਲੋਨ ਚੁਕਾਇਆ ਤਾਂ 3 ਫ਼ੀਸਦੀ ਦੀ ਵਾਧੂ ਛੋਟ ਮਿਲੇਗੀ। ਇਸ ਤਰ੍ਹਾਂ ਸਮੇਂ ਸਿਰ ਲੋਨ ਚੁਕਾਉਣ ਵਾਲੇ ਕਿਸਾਨਾਂ ਨੂੰ ਸਿਰਫ਼ 4 ਫ਼ੀਸਦੀ ਵਿਆਜ ਦਰ ਲਗਦੀ ਹੈ। ਆਮ ਹਾਲਾਤ 'ਤੇ ਇਹ ਰਕਮ ਚੁਕਾਉਣ ਦੀ ਡੈੱਡਲਾਈਨ 31 ਮਾਰਚ ਹੁੰਦੀ ਹੈ। ਇਸ ਤੋਂ ਬਾਅਦ ਲੋਨ ਚੁਕਾਉਣ 'ਤੇ 7 ਫ਼ੀਸਦੀ ਵਿਆਜ ਦੇਣਾ ਹੁੰਦਾ ਹੈ।
ਇਸ ਸਕੀਮ ਦਾ ਲਾਭ ਉਠਾਉਣ ਲਈ ਜ਼ਿਆਦਾਤਰ ਕਿਸਾਨ 31 ਮਾਰਚ ਤਕ ਪੈਸਾ ਵਾਪਸ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ 3 ਫ਼ੀਸਦੀ ਵਿਆਜ ਦਰ ਦਾ ਵਾਧੂ ਫਾਇਦਾ ਹੁੰਦਾ ਹੈ ਤੇ ਉਹ ਇਸ ਦੇ ਕੁਝ ਦਿਨਾਂ ਬਾਅਦ ਵਾਪਸ ਲੋਨ ਲੈ ਲੈਂਦੇ ਹਨ।