ਇਹ ਮਹੀਨਾ ਫਲਦਾਰ ਬੂਟਿਆਂ ਲਈ ਕਾਫ਼ੀ ਮਹੱਤਵਪੂਰਨ ਹੁੰਦਾ ਹੈ ਕਿਉਕਿ ਇਸ ਮਹੀਨੇ ਤਾਪਮਾਨ 'ਚ ਕਾਫ਼ੀ ਗਿਰਾਵਟ ਆ ਜਾਂਦੀ ਹੈ ਤੇ ਅਜਿਹੇ ਸਮੇਂ ਫਲਦਾਰ ਬੂਟੇ ਵਿਸ਼ੇਸ਼ ਧਿਆਨ ਮੰਗਦੇ ਹਨ। ਇਸ ਲਈ ਕੋਰ੍ਹੇ ਤੋਂ ਬਚਾਅ ਲਈ ਜੇਕਰ ਪਹਿਲਾਂ ਕੁੱਲੀਆਂ ਬੰਨ੍ਹੀਆਂ ਹਨ ਤਾਂ ਉਨ੍ਹਾਂ ਨੂੰ ਠੀਕ ਕਰ ਲਵੋ ਅਤੇ ਜੇਕਰ ਨਹੀ ਬੰਨ੍ਹੀਆਂ ਤਾਂ ਧੁੱਪ ਵਾਲਾ ਪਾਸਾ ਨੰਗਾ ਰੱਖ ਕੇ ਪਰਾਲੀ ਜਾਂ ਸਰਕੰਡੇ ਨਾਲ ਤੁਰੰਤ ਬੰਨ੍ਹ ਦੇਵੋ। ਇਹ ਸਮਾਂ ਨਾਸ਼ਪਾਤੀ, ਬੱਗੂਗੋਸ਼ਾ, ਆੜੂ, ਅਲੂਚਾ, ਅਨਾਰ, ਅੰਗੂਰ, ਅੰਜੀਰ, ਫਾਲਸਾ ਆਦਿ ਪੱਤਝੜੀ ਫਲਦਾਰ ਬੂਟੇ ਲਗਾਉਣ ਲਈ ਬੇਹੱਦ ਢੁੱਕਵਾਂ ਹੈ। ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਨਰਸਰੀਆਂ ਤੋਂ ਇਹ ਬੂਟੇ ਲਿਆ ਕੇ ਫੁਟਾਰਾ ਨਿਕਲਣ ਤੋਂ ਪਹਿਲਾਂ ਲਗਾ ਦਿਓ। ਨਾਸ਼ਪਾਤੀ ਦੇ ਬੂਟੇ 25 ਫੁੱਟ, ਬੱਗਗੋਸ਼ਾ, ਆੜੂ, ਅੰਜੀਰ ਤੇ ਅਲੂਚਾ 20 ਫੁੱਟ, ਅਨਾਰ ਤੇ ਅੰਗੂਰ 12 ਫੁੱਟ, ਫਾਲਸਾ 5 ਫੁੱਟ ਦੇ ਫ਼ਾਸਲੇ 'ਤੇ ਲਗਾ ਦਿਓ। ਪਹਿਲਾਂ ਲਗਾਏ ਗਏ ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਕਰਨ ਲਈ ਵੀ ਇਹ ਢੁੱਕਵਾਂ ਸਮਾਂ ਹੈ। ਇਹ ਕੰਮ ਬਾਗ਼ਬਾਨੀ ਮਾਹਿਰ ਦੀ ਸਲਾਹ ਨਾਲ ਫੁਟਾਰਾ ਆਉਣ ਤੋਂ ਪਹਿਲਾਂ ਮੁਕੰਮਲ ਕਰ ਲਵੋ। ਕਾਂਟ-ਛਾਂਟ ਨਾਲ ਜਿੱਥੇ ਬੂਟੇ ਦੀ ਦਿੱਖ ਵਧੀਆ ਬਣਦੀ ਹੈ ਉੱਥੇ ਮਿਆਰੀ ਫਲ ਵੀ ਲਗਦੇ ਹਨ।
ਫਲਦਾਰ ਬੂਟੇ
ਫਲਦਾਰ ਬੂਟਿਆਂ ਨੂੰ ਜੇ ਦੇਸੀ ਰੂੜੀ ਤੇ ਰਸਾਇਣਕ ਖਾਦਾਂ ਅਜੇ ਤਕ ਨਹੀਂ ਪਾਈਆਂ ਤਾਂ ਸੁਪਰਫਾਸਫੇਟ ਖਾਦ ਤੇ ਮਿਊਰੇਟ ਆਫ ਪੋਟਾਸ਼ ਖਾਦਾਂ ਬੂਟੇ ਦੀ ਉਮਰ ਦੇ ਹਿਸਾਬ ਤੇ ਬਾਗ਼ਬਾਨੀ ਮਾਹਿਰ ਦੀ ਸਲਾਹ ਨਾਲ ਪਾ ਦੇਵੋ। ਨਾਈਟਰੋਜਨ ਖਾਦ ਫਰਵਰੀ ਮਹੀਨੇ ਪਾਉਣ ਲਈ ਹੁਣ ਤੋਂ ਹੀ ਪ੍ਰਬੰਧ ਕਰ ਲਵੋ। ਬੇਰ ਦੇ ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਦਿਓ ਤੇ ਚਿੱਟੇ ਰੋਗ ਦੀ ਰੋਕਥਾਮ ਲਈ 0.5 ਮਿਲੀਲਿਟਰ ਕੈਰਾਥੇਨ ਜਾਂ 0.5 ਗ੍ਰਾਮ ਬੈਲੇਟਾਨ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਦਲ-ਬਦਲ ਕੇ ਸਪਰੇਅ ਕਰੋ। ਬੂਟਿਆਂ ਦੇ ਧੱਬੇ ਤੇ ਬਲੈਕ ਮੋਲਡ ਬਿਮਾਰੀ ਦੀ ਰੋਕਥਾਮ ਲਈ 3 ਗ੍ਰਾਮ ਕਾਪਰ ਆਕਸੀਕਲੋਰਾਈਡ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਨਿੰਬੂ ਜਾਤੀ ਦੇ ਬੂਟਿਆਂ 'ਚ ਮੁੱਢ ਦੇ ਗਾਲੇ ਗਮੋਸਿਸ ਤੇ ਕੈਂਕਰ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰ ਤੇ ਸੁੱਕੀਆਂ ਟਾਹਣੀਆਂ ਕੱਟ ਦੇਵੋ ਤੇ ਕੱਟੀ ਹੋਈ ਥਾਂ 'ਤੇ ਕਾਪਰ ਆਕਸੀਕਲੋਰਾਈਡ ਦਵਾਈ ਦਾ ਘੋਲ ਬਣਾ ਕੇ ਲਗਾ ਦੇਵੋ। ਅੰਬਾਂ ਦੇ ਪੁਰਾਣੇ ਤੇ ਉੱਚੇ ਹੋ ਗਏ ਬੂਟਿਆਂ ਨੂੰ ਮੁੜ ਸੁਰਜੀਤ ਕਰਨ ਲਈ ਇਸ ਮਹੀਨੇ ਦੇ ਪਹਿਲੇ ਹਫ਼ਤੇ ਜ਼ਮੀਨ ਦੇ ਪੱਧਰ ਤੋਂ 3 ਮੀਟਰ ਦੀ ਉਚਾਈ ਤਕ ਬਾਹਰ ਵੱਲ ਜਾਂਦੇ 4-5 ਟਾਹਣੇ ਛੱਡ ਕੇ ਕੱਟ ਦੇਵੋ ਤੇ ਕੱਟੇ ਹੋਏ ਹਿੱਸਿਆ 'ਤੇ ਬੋਰਡੋ ਪੇਸਟ ਜਾਂ ਕਾਪਰ ਆਕਸੀਕਲੋਰਾਈਡ ਦਾ ਪੇਸਟ ਲਗਾਓ। ਆੜੂ, ਅਲੂਚਾ, ਅੰਬ ਦੇ ਘਟੀਆ ਕਿਸਮ ਦੇ ਬੂਟਿਆਂ ਨੂੰ ਸਿਰੇ ਤਕ ਕੱਟ ਦਿਓ ਤੇ ਫਰਵਰੀ ਵਿੱਚ ਨਿਕਲੀਆਂ ਸ਼ਾਖਾਵਾਂ ਨੂੰ ਚੰਗੀ ਕਿਸਮ ਦੇ ਬੂਟਿਆਂ ਤੋਂ ਅੱਖ ਲੈ ਕੇ ਪਿਉਂਦ ਕਰ ਦੇਵੋ। ਕਿੰਨੂ ਤੇ ਮਾਲਟੇ ਦੇ ਫਲਾਂ ਦੀ ਤੁੜਾਈ ਕਰ ਲਵੋ ਅਤੇ ਧਿਆਨ ਰੱਖੋ ਕਿ ਫਲ ਦੀ ਡੰਡੀ ਬਿਲਕੁਲ ਨੇੜੇ ਤੋਂ ਕੱਟੀ ਜਾਵੇ ਤਾਂ ਜੋ ਦੂਸਰੇ ਫਲਾਂ ਨੂੰ ਜ਼ਖ਼ਮੀ ਨਾ ਕਰੇ।
ਸਬਜ਼ੀਆਂ
ਸਰਦ ਰੁੱਤ ਦੀਆਂ ਤਿਆਰ ਹੋ ਚੁੱਕੀਆਂ ਸਬਜ਼ੀਆਂ ਦੀ ਤੁੜਾਈ ਜਾਰੀ ਰੱਖੋ ਤੇ ਕੋਰ੍ਹੇ ਦੇ ਅਸਰ ਨੂੰ ਘਟਾਉਣ ਲਈ ਹਲਕਾ ਪਾਣੀ ਲਗਾਓ। ਪਿਆਜ਼ ਦੀ 4-6 ਹਫ਼ਤੇ ਪੁਰਾਣੀ ਪਨੀਰੀ ਨੂੰ ਪੁੱਟ ਕੇ ਖੇਤ 'ਚ ਲਗਾ ਦੇਵੋ। ਬਿਜਾਈ ਤੋਂ ਪਹਿਲਾਂ 1.25 ਕੁਇੰਟਲ ਰੂੜੀ, 300 ਗ੍ਰਾਮ ਯੂਰੀਆ, 800 ਗ੍ਰਾਮ ਸੁਪਰਫਾਸਫੇਟ ਤੇ 250 ਗ੍ਰਾਮ ਪੋਟਾਸ਼ ਖਾਦ ਪ੍ਰਤੀ ਮਰਲਾ ਪਾਓ ਤੇ ਮੈਗਟ ਦੀ ਰੋਕਥਾਮ ਲਈ 25 ਗ੍ਰਾਮ ਥਿਮਟ 10-ਜੀ ਪ੍ਰਤੀ ਮਰਲਾ ਪਾ ਕੇ ਹਲਕਾ ਪਾਣੀ ਲਗਾ ਦੇਵੋ। ਮਟਰਾਂ ਦੀ ਫ਼ਸਲ ਨੂੰ ਚਿੱਟੇ ਧੂੜੇ ਦੇ ਰੋਗ ਤੋਂ ਬਚਾਅ ਲਈ 0.4 ਮਿਲੀਲਿਟਰ ਕੈਰਾਥੇਨ ਦਵਾਈ ਤੇ ਜੇਕਰ ਕੁੰਗੀ ਦਾ ਹਮਲਾ ਹੈ ਤਾਂ 2 ਗ੍ਰਾਮ ਇੰਡੋਫਿਲ ਐੱਮ-45 ਨੂੰ ਪ੍ਰਤੀ ਲੀਟਰ ਪਾਣੀ ਪਾ ਕੇ ਛਿੜਕਾਅ ਕਰੋ।
ਆਲੂ ਦੀ ਫ਼ਸਲ ਦਾ ਵੱਧ ਝਾੜ ਲੈਣ ਲਈ ਪੁਟਾਈ 10-12 ਦਿਨ ਆਮ ਨਾਲੋਂ ਲੇਟ ਕਰ ਲਵੋ, ਇਸ ਨਾਲ ਆਲੂ ਨੂੰ ਵਧਣ-ਫੁੱਲਣ ਲਈ ਵਧੇਰੇ ਸਮਾਂ ਮਿਲ ਜਾਵੇਗਾ। ਜੇ ਫ਼ਸਲ 'ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ 2-3 ਗ੍ਰਾਮ ਇੰਡੋਫਿਲ ਐੱਮ-45 ਜਾਂ ਕਵਚ ਦਵਾਈ ਦਾ ਪ੍ਰਤੀ ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਖਰਬੂਜ਼ਾ, ਹਦਵਾਣਾ, ਘੀਆ ਕੱਦੂ ਦੀ ਅਗੇਤੀ ਫ਼ਸਲ ਲੈਣ ਲਈ 100 ਗੇਜ਼ ਦੇ ਪਲਾਸਟਿਕ ਦੇ ਲਿਫਾਫੇ 15*10 ਸੈਂਟੀਮੀਟਰ ਆਕਾਰ ਵਿਚ ਮਿੱਟੀ, ਰੇਤ, ਦੇਸੀ ਰੂੜੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਇਸ ਵਿਚ ਦੋ ਬੀਜ ਲਾ ਕੇ ਫ਼ੁਹਾਰੇ ਨਾਲ ਪਾਣੀ ਲਾ ਦੇਵੋ। ਲਿਫਾਫੇ ਦੇ ਹੇਠਾਂ ਮੋਰੀ ਕਰ ਦਿਓ ਤੇ ਇਨ੍ਹਾਂ ਨੂੰ ਕੰਧ ਦੇ ਨੇੜੇ ਧੁੱਪ ਵਾਲੇ ਪਾਸੇ ਰੱਖੋ। ਘਰੇਲੂ ਬਗ਼ੀਚੀ 'ਚ ਗਰਮ ਰੁੱਤ ਦੀਆਂ ਸਬਜ਼ੀਆਂ ਦੀ ਬਿਜਾਈ ਲਈ ਕਿਆਰੀਆਂ ਵਿੱਚੋਂ ਰਹਿੰਦ-ਖੂੰਹਦ ਕੱਢ ਕੇ ਤਿਆਰੀ ਸ਼ੁਰੂ ਕਰ ਦੇਵੋ।
ਖੁੰਬਾਂ
ਖੁੰਬਾਂ ਦੀ ਕਾਸ਼ਤ ਵਧੀਆ ਸਹਾਇਕ ਧੰਦਾ ਹੈ ਤੇ ਇਸ ਦੀ ਕਾਸ਼ਤ ਸਿਖਲਾਈ ਪ੍ਰਾਪਤ ਕਰ ਕੇ ਕੀਤੀ ਜਾ ਸਕਦੀ ਹੈ। ਜੋ ਪਹਿਲਾਂ ਹੀ ਕਾਸ਼ਤਕਾਰੀ ਬਾਰੇ ਜਾਣਕਾਰੀ ਰੱਖਦੇ ਹਨ ਉਹ ਬਟਨ ਖੁੰਬ ਦੀ ਦੂਜੀ ਫ਼ਸਲ ਦੀ ਬਿਜਾਈ ਜਨਵਰੀ ਦੇ ਪਹਿਲੇ ਹਫ਼ਤੇ ਕਮਰਿਆਂ ਵਿਚ ਕਰ ਲੈਣ। ਜੇਕਰ ਬਿਜਾਈ ਸ਼ੈਲਫ ਜਾਂ ਪੇਟੀਆਂ 'ਚ ਕਰਨੀ ਹੋਵੇ ਤਾਂ ਬੀਜੀ ਹੋਈ ਕੰਪੋਸਟ ਨੂੰ ਅਖ਼ਬਾਰ ਨਾਲ ਢੱਕ ਕੇ ਰੋਜ਼ਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਜੇਕਰ ਬਿਜਾਈ ਪਲਾਸਟਿਕ ਦੇ ਲਿਫਾਫਿਆਂ 'ਚ ਕੀਤੀ ਹੈ ਤਾਂ ਅਖ਼ਬਾਰਾਂ ਨਾਲ ਢਕਣ ਤੇ ਪਾਣੀ ਦਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ। ਸ਼ੁਰੂ ਵਿਚ ਬੀਜ ਚੱਲਣ ਸਮੇਂ ਤਾਜ਼ੀ ਹਵਾ ਦੇਣ ਦੀ ਲੋੜ ਨਹੀਂ ਤੇ ਬਿਜਾਈ ਤੋਂ ਦੋ ਹਫ਼ਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਰੂੜੀ ਖਾਦ ਨੂੰ 4-5 ਫ਼ੀਸਦੀ ਫਾਰਮਾਲੀਨ ਦਵਾਈ ਦੇ ਘੋਲ ਨਾਲ ਕਿਟਾਣੂ ਰਹਿਤ ਕਰੋ ਤੇ ਅਖ਼ਬਾਰਾਂ ਲਾਹ ਕੇ ਇਸ ਦੀ ਇਕ ਤੋਂ ਡੇਢ ਇੰਚ ਮੋਟੀ ਤਹਿ ਵਿਛਾ ਕੇ ਹਰ ਰੋਜ ਪਾਣੀ ਦਾ ਛਿੜਕਾਅ ਕਰੋ। ਇਸ ਤੋਂ ਇਕ ਹਫ਼ਤੇ ਬਾਅਦ 4-6 ਘੰਟੇ ਤਾਜ਼ੀ ਹਵਾ ਦਿਓ। ਢੀਂਗਰੀ ਖੁੰਬ ਦੀ ਬਿਜਾਈ ਵੀ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਤੇ ਇਸ ਵਿਚ ਪ੍ਰੋਟੀਨ, ਵਿਟਾਮਿਨ ਆਦਿ ਖ਼ੁਰਾਕੀ ਤੱਤ ਵੀ ਕਾਫ਼ੀ ਮਾਤਰਾ 'ਚ ਹੁੰਦੇ ਹਨ। ਇਸ ਦੀ ਬਿਜਾਈ ਵੀ ਪਹਿਲੇ ਹਫ਼ਤੇ ਕਰ ਲਵੋ ਤੇ ਪਹਿਲਾਂ ਤੋਂ ਲਗਾਏ ਗਏ ਲਿਫਾਫੇ ਜੇਕਰ 80 ਫ਼ੀਸਦੀ ਤਕ ਚਿੱਟੇ ਵਿਖਾਈ ਦੇਣ ਤਾਂ ਲਿਫਾਫੇ ਬਲੇਡ ਨਾਲ ਕੱਟ ਕੇ ਵੱਖ ਕਰ ਦੇਵੋ ਅਤੇ ਤੂੜੀ ਉੱਪਰ ਪਾਣੀ ਦਾ ਸਪਰੇਅ ਦਿਨ ਵਿਚ ਇਕ ਵਾਰ ਕਰੋ।
ਸਜਾਵਟੀ ਬੂਟੇ
ਗਮਲਿਆਂ ਵਾਲੇ ਸਜਾਵਟੀ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਹਲਕਾ ਪਾਣੀ ਦਿੰਦੇ ਰਹੋ ਅਤੇ ਪਹਿਲਾਂ ਲੱਗੇ ਪੱਤਝੜੀ ਸਜਾਵਟੀ ਬੂਟਿਆਂ ਦੀ ਕਾਂਟ-ਛਾਂਟ ਕਰ ਦੇਵੋ। ਮੌਸਮੀ ਫੁੱਲਾਂ ਦੀਆਂ ਕਿਆਰੀਆਂ ਵਿਚ ਉੱਚੀਆਂ ਕਿਸਮਾਂ ਨੂੰ ਸਹਾਰਾ ਦੇਣ ਲਈ ਕਾਨਿਆਂ ਜਾਂ ਸੋਟੀਆਂ ਦੀ ਵਰਤੋਂ ਕਰੋ। ਗੁਲਦਾਉਦੀ ਦੇ ਚੋਣਵੇਂ ਬੂਟੇ, ਜਿਨ੍ਹਾਂ ਤੋਂ ਅਗਲੇ ਸਾਲ ਕਲਮਾਂ ਲੈਣੀਆਂ ਹਨ, ਉਨ੍ਹਾਂ ਨੂੰ ਜ਼ਮੀਨ ਤੋਂ 4-5 ਸੈਂਟੀਮੀਟਰ ਛੱਡ ਕੇ ਕੱਟ ਦੇਵੋ, ਅਜਿਹਾ ਕਰਨ ਨਾਲ ਵਧੇਰੇ
ਫੁਟਾਰਾ ਹੋਵੇਗਾ।
ਗਮਲਿਆਂ ਵਾਲੇ ਬੂਟਿਆਂ ਨੂੰ ਸਰਦੀ ਤੋਂ ਬਚਾਅ ਅਤੇ ਕਰੋਟਨ ਵਰਗੇ ਬੂਟਿਆਂ ਨੂੰ ਵਰਾਂਡੇ ਵਿਚ ਰੱਖ ਦੇਵੋ। ਲੈਗਰਸਟਰੋਮੀਆ, ਪਗੋਡਾ, ਯੂਫੋਰਬੀਆ ਆਦਿ ਪੱਤਝੜੀ ਬੂਟਿਆਂ ਦਾ ਕਲਮਾਂ ਰਾਹੀ ਵਾਧਾ ਕਰਨ ਲਈ ਇਸ ਮਹੀਨੇ ਕਲਮਾਂ ਲਗਾ ਦੇਵੋ।
ਸ਼ਹਿਦ ਦੀਆਂ ਮੱਖੀਆਂ ਦੀ ਸੰਭਾਲ
ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਦੀਆਂ ਤਰੇੜਾਂ ਨੂੰ ਗਾਰੇ ਨਾਲ ਚੰਗੀ ਤਰ੍ਹਾਂ ਲਿੱਪ ਦੇਵੋ ਤਾਂ ਜੋ ਠੰਡ ਤੋਂ ਬਚਾਅ ਹੋ ਸਕੇ। ਜੇਕਰ ਬਕਸੇ ਅਜੇ ਵੀ ਛਾਂ ਵਿਚ ਹਨ ਤਾਂ ਧੁੱਪ 'ਚ ਰੱਖ ਦੇਵੋ। ਬੱਦਲਵਾਈ ਤੇ ਧੁੰਦ ਵਾਲੇ ਦਿਨਾਂ ਵਿਚ ਬਕਸਿਆਂ 'ਚ ਖ਼ੁਰਾਕ ਦੀ ਕਮੀ ਆਉਣ 'ਤੇ ਦੋ ਹਿੱਸੇ ਖੰਡ ਤੇ ਇਕ ਹਿੱਸਾ ਪਾਣੀ ਦਾ ਘੋਲ ਖ਼ੁਰਾਕ ਦੇ ਤੌਰ 'ਤੇ ਰੱਖੋ।
- ਡਾ. ਸੁਖਦੀਪ ਸਿੰਘ ਹੁੰਦਲ
75080-18842