ਗੱਦੀ ਹਿਮਾਚਲ ਪ੍ਰਦੇਸ਼ ਦਾ ਖਾਨਾਬਦੋਸ਼ ਕਬੀਲਾ ਹੈ। ਇਸ ਕਬੀਲੇ ਦੇ ਲੋਕ ਬੱਕਰੀਆਂ ਤੇ ਭੇਡਾਂ ਪਾਲਦੇ ਹਨ। ਗਰਮੀ ਦੇ ਮੌਸਮ ’ਚ ਉਹ ਉੱਚੇ ਪਹਾੜਾਂ ’ਤੇ ਰਹਿੰਦੇ ਹਨ ਤੇ ਸਰਦੀਆਂ ਵਿਚ ਸੂਬੇ ਦੀ ਨੀਵੀਂ ਘਾਟੀ ਵਿਚ ਆ ਜਾਂਦੇ ਹਨ। ਆਮ ਤੌਰ ’ਤੇ ਇਨ੍ਹਾਂ ਵੱਲੋਂ ਪਾਲੀਆਂ ਬੱਕਰੀਆਂ ਤੇ ਭੇਡਾਂ ਦੀ ਗਿਣਤੀ 400 ਤੋਂ 4000 ਤਕ ਹੁੰਦੀ ਹੈ। ਉਹ ਇਨ੍ਹਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਗੱਦੀ ਕੁੱਤੇ ਵੀ ਪਾਲਦੇ ਹਨ।
ਗੱਦੀ ਕੁੱਤੇ ਹਿਮਾਚਲੀ ਕੁੱਤਿਆਂ ਦੀ ਇਕ ਨਸਲ ਹੈ। ਇਨ੍ਹਾਂ ਦਾ ਨਾਂ ਆਜੜੀਆਂ ਨੇ ਰੱਖਿਆ ਸੀ, ਜੋ ਇਨ੍ਹਾਂ ਨੂੰ ਪਾਲਦੇ ਸਨ। ਬਰਫ਼ ਦੇ ਚੀਤੇ ਨਾਲ ਲੜਨ ਦੀ ਸਮਰੱਥਾ ਕਾਰਨ ਇਨ੍ਹਾਂ ਨੂੰ ‘ਇੰਡੀਅਨ ਪੈਂਥਰ ਹਾਊਂਡ’ ਵੀ ਕਿਹਾ ਜਾਂਦਾ ਹੈ। ਇਹ ਕੁੱਤੇ ਆਪਣੀ ਖ਼ਾਸ ਸ਼ਕਲ ਤੇ ਤਾਕਤ ਲਈ ਜਾਣੇ ਜਾਂਦੇ ਹਨ। ਸਮਾਂ ਬੀਤਣ ਨਾਲ ਕੁੱਤਿਆਂ ਨੂੰ ਪ੍ਰੇਮ ਕਰਨ ਵਾਲਿਆਂ ’ਚ ਇਨ੍ਹਾਂ ਦੀ ਕਾਫ਼ੀ ਮੰਗ ਹੈ।
ਲੋਕਾਂ ਦਾ ਰੁਝਾਨ ਗੱਦੀ ਕੁੱਤਿਆਂ ਵੱਲ ਵਧਣ ਕਰਕੇ ਜੀਵ ਵਿਗਿਆਨੀ ਚਿੰਤਤ ਹਨ ਕਿ ਹੋਰ ਸਥਾਨਕ ਨਸਲਾਂ ਦੇ ਨਾਲ ਗੱਦੀ ਕੁੱਤਿਆਂ ਦੀ ਕਰਾਸ ਬ੍ਰੀਡਿੰਗ ਕਰਕੇ ਸ਼ੁੱਧ ਨਸਲ ਬਹੁਤ ਘੱਟ ਮਿਲ ਰਹੀ ਹੈ। ਇਸ ਨੂੰ ਸੰਭਾਲਣ ਦੀ ਲੋੜ ਹੈ। ਪਾਲਮਪੁਰ ਸਥਿਤ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਨੇ ‘ਗੱਦੀ ਕੁੱਤੇ’ ’ਤੇ ਖੋਜ ਕਰਨ ਦਾ ਫ਼ੈਸਲਾ ਕੀਤਾ ਹੈ। ਖਾਨਾਬਦੋਸ਼ ਜੀਵਨ ਸ਼ੈਲੀ ਦੇ ਘਟਦੇ ਰੁਝਾਨ ਨਾਲ ਗੱਦੀ ਕੁੱਤਿਆਂ ਦੀ ਆਬਾਦੀ ਚਿੰਤਾਜਨਕ ਦਰ ਨਾਲ ਘੱਟ ਰਹੀ ਹੈ, ਜਿਸ ਕਾਰਨ ਪੱਛਮੀ ਹਿਮਾਲਿਆ ’ਚ ਸ਼ੁੱਧ ਨਸਲ ਦੇ ਗੱਦੀ ਕੁੱਤੇ ਲੱਭਣਾ ਮੁਸ਼ਕਲ ਹੋ ਗਏ ਹਨ।
ਵਾਈਸ ਚਾਂਸਲਰ ਪ੍ਰੋ. ਐੱਸਕੇ ਚੌਧਰੀ ਨੇ ਯੂਨੀਵਰਸਿਟੀ ’ਚ ਵੈਟਰਨਰੀ ਵਿਗਿਆਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਿਮਾਚਲ ਪ੍ਰਦੇਸ਼ ਦੀ ਇਸ ਵੱਕਾਰੀ ਨਸਲ ਦੇ ਸ਼ੁੱਧ ਜੀਵਾਪਲਾਸਮ ਨੂੰ ਵਿਗਿਆਨਕ ਤੌਰ ’ਤੇ ਨਸਲ ਦੇਣ ਅਤੇ ਬਚਾਉਣ ਲਈ ਤੁਰੰਤ ਖੋਜ ਤੇ ਸੰਭਾਲ ਪ੍ਰੋਗਰਾਮ ਆਰੰਭ
ਕਰਨ। ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਬਾਅਦ ਵਿਗਿਆਨਕ ਪ੍ਰਜਨਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪਸ਼ੂਧਨ ਫਾਰਮ ਕੰਪਲੈਕਸ ਦੇ ਮੁਖੀ ਡਾ. ਪੀਕੇ ਡੋਗਰਾ ਦੀ ਅਗਵਾਈ ਵਾਲੀ ਟੀਮ ਵੀ ਚਰਵਾਹਿਆਂ ਕੋਲ ਮੌਜੂਦ ਗੱਦੀ ਕੁੱਤਿਆਂ ਦੇ ਫੀਨੋਟਾਈਪਿਕ ਤੇ ਅਣੂ ਗੁਣਾਂ ਬਾਰੇ ਵੀ ਅਧਿਐਨ ਕਰੇਗੀ।
ਉਮੀਦ ਕੀਤੀ ਜਾ ਰਹੀ ਹੈ ਕਿ ਇਹ ਖੋਜ ਕਾਰਜ ਗੱਦੀ ਕੁੱਤਿਆਂ ਦੇ ਫੀਨੋਟਾਈਪਿਕ ਤੇ ਅਣੂ ਗੁਣਾਂ ਬਾਰੇ ਦਸਤਾਵੇਜ਼ ਪੂਰੇ ਕਰਨ ਵਿਚ ਵੀ ਮਦਦ ਕਰੇਗਾ, ਜੋ ਹਾਲੇ ਅਧੂਰੇ ਹਨ। ਇਹ ਰਾਜ ਦੇ ਇਨ੍ਹਾਂ ਵੱਕਾਰੀ ਜੈਨੇਟਿਕ ਸਰੋਤਾਂ ਦੀ ਘੱਟੋ- ਘੱਟ ਜਾਤੀਗਤ ਆਬਾਦੀ ਨੂੰ ਬਣਾਈ ਰੱਖਣ ਵਿਚ ਵੀ ਸਹਾਇਤਾ ਕਰੇਗਾ। ਯੂਨੀਵਰਸਿਟੀ ਨੇ ਨੇੜਲੇ ਭਵਿੱਖ ’ਚ ਬਾਇਓ ਟੈਕਨਾਲੋਜੀਕਲ ਦਖ਼ਲਅੰਦਾਜ਼ੀ ਨਾਲ ਚੱਗੂ ਬੱਕਰੀ, ਚੂਰੀ, ਪੋਲਟਰੀ ਆਦਿ ’ਤੇ ਖੋਜ ਕਾਰਜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਵੀ ਪ੍ਰੇਰਿਆ
ਗੱਦੀ ਨਸਲ ਦੇ ਕੁੱਤਿਆਂ ਦੀ ਮਹੱਤਤਾ ਬਾਰੇ ਪਿਛਲੇ ਸਾਲ 30 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਜ਼ਿਕਰ ਕਰਦਿਆਂ ਦੇਸ਼ ਦੇ ਨਾਗਰਿਕਾਂ ਨੂੰ ਦੇਸੀ ਕੁੱਤਿਆਂ ਦੀਆਂ ਨਸਲਾਂ ਨੂੰ ਅਪਣਾਉਣ ਲਈ ਕਿਹਾ ਸੀ।
- ਡਾ. ਹਿਰਦੇਪਾਲ ਸਿੰਘ