ਜਿਸ ਤਰ੍ਹਾਂ ਆਬਾਦੀ ਦੀ ਦਰ ਵਧ ਰਹੀ ਹੈ ਅਤੇ ਵਿਕਾਸ/ਸ਼ਹਿਰੀਕਰਨ ਹੋਣ ਕਾਰਨ ਖੇਤੀਯੋਗ ਜ਼ਮੀਨ ਵੀ ਘਟਦੀ ਜਾ ਰਹੀ ਹੈ। ਇਸ ਲਈ ਭੋਜਨ, ਚਾਰੇ, ਫਾਈਬਰ/ਕੱਪੜਾ ਅਤੇ ਬਾਲਣ, ਵਧ ਰਹੀ ਆਬਾਦੀ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀ ਵਾਲੀਆਂ ਜ਼ਮੀਨਾਂ ਤੇ ਮਿੱਟੀ ਦੀ ਸਿਹਤ ’ਚ ਸੁਧਾਰ ਦੀ ਬਹੁਤ ਜ਼ਰੂਰਤ ਹੈ। ਭੋਜਨ ਉਤਪਾਦਨ ਵਿਚ ਸਵੈ-ਨਿਰਭਰਤਾ ਲਈ ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ ਰਸਾਇਣਕ ਖੇਤੀ ਨੂੰ ਉਤਸ਼ਾਹਿਤ ਕਰਨ ਵੱਲ ਹੀ ਜ਼ਿਆਦਾ ਧਿਆਨ ਦੇ ਰਹੇ ਹਨ, ਜਿਸ ਕਾਰਨ ਵਾਤਾਵਰਨ, ਮਿੱਟੀ ਦੀ ਸਿਹਤ, ਪੀਣ ਵਾਲਾ ਪਾਣੀ, ਖਣਿਜ ਪਦਾਰਥ ਪ੍ਰਦੂਸ਼ਿਤ ਹੋਣ ਕਾਰਨ ਮਨੁੱਖੀ ਸਿਹਤ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਸ ਲਈ ਖ਼ੁਰਾਕ ਤੇ ਖੇਤੀਬਾੜੀ ਸੰਗਠਨ (ਐੱਫਏਓ) ਸਥਿਰ ਖੇਤੀ (ਟਿਕਾਊ), ਵਾਤਾਵਰਨ ਦੀ ਗੁਣਵੱਤਾ ਨੂੰ ਬਣਾਈ ਰੱਖਣ ਤੇ ਕੁਦਰਤੀ ਸਰੋਤਾਂ ਦੀ ਸਾਂਭ- ਸੰਭਾਲ ਵੱਲ ਜ਼ਿਆਦਾ ਧਿਆਨ ਦੇਣ ਲਈ ਜ਼ੋਰ ਲਾ ਰਹੀ ਹੈ। ਜੈਵਿਕ ਖੇਤੀ ਸਥਿਰ ਖੇਤੀਬਾੜੀ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਪ੍ਰਾਪਤ ਤਰੀਕਿਆਂ ’ਚੋਂ ਇਕ ਹੈ। ਜੈਵਿਕ ਖੇਤੀ ’ਚ ਕਿਸੇ ਵੀ ਤਰ੍ਹਾਂ ਦੇ ਰਸਾਇਣ (ਖੇਤੀ ਜ਼ਹਿਰ) ਵਰਤਣ ਦੀ ਮਨਾਹੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫ਼ਸਲਾਂ ਨੂੰ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ- ਖੂੰਹਦ, ਰੂੜੀ ਦੀ ਖਾਦ, ਕੰਪੋਸਟ, ਫ਼ਲੀਦਾਰ ਫ਼ਸਲਾਂ ਅਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਫ਼ਸਲਾਂ ਦੀਆਂ ਬਿਮਾਰੀਆਂ ਅਤੇ ਕੀਟ ਪ੍ਰਬੰਧ ਲਈ ਜੈਵਿਕ ਕੀਟਨਾਸ਼ਕਾਂ/ਉੱਲੀਨਾਸ਼ਕਾਂ/ਮਿੱਤਰ ਕੀੜਿਆਂ ਆਦਿ ’ਤੇ ਹੀ ਨਿਰਭਰ ਕਰਨਾ ਪੈਂਦਾ ਹੈ।
ਜੈਵਿਕ ਖੇਤੀ ਦੇ ਮੱੁਢਲੇ ਮਿਆਰ
ਰਸਾਇਣਕ ਖੇਤੀ ਤੋਂ ਜੈਵਿਕ ਖੇਤੀ ’ਚ ਤਬਦੀਲ ਹੋਣ ਵਾਸਤੇ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਚਾਹੀਦਾ ਹੈ ਤੇ ਇਸ ਸਮੇਂ ਦੌਰਾਨ ਉਸ ਜ਼ਮੀਨ ਉੱਤੇ ਸਾਰੀਆਂ ਹੀ ਜੈਵਿਕ ਤਕਨੀਕਾਂ ਹੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਜੈਵਿਕ ਖੇਤਾਂ ਦੇ ਦੁਆਲੇ ਬਫਰ (ਰੁਕਾਵਟ) ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਰਸਾਇਣਕ ਖੇਤਾਂ ਤੋਂ ਕਿਸੇ ਕਿਸਮ ਦਾ ਕੋਈ ਰਸਾਇਣ, ਜੈਵਿਕ ਫ਼ਸਲਾਂ ’ਚ ਨਾ ਜਾ ਸਕੇ। ਬਿਜਾਈ ਵਾਸਤੇ ਬੀਜ ਜੈਵਿਕ ਫ਼ਸਲ ਦਾ ਹੀ ਰੱਖਣਾ ਚਾਹੀਦਾ ਹੈ ਤੇ ਕਿਸੇ ਵੀ ਰਸਾਇਣ ਨਾਲ ਸੋਧਣਾ ਨਹੀਂ ਚਾਹੀਦਾ।
ਜੈਵਿਕ ਖੇਤੀ ਲਈ ਬੀਜ ਦੀ ਮਾਤਰਾ, ਬਿਜਾਈ ਦਾ ਢੰਗ ਤੇ ਸਮਾਂ ਆਮ ਫ਼ਸਲ ਦੀ ਤਰ੍ਹਾਂ ਹੀ ਹੁੰਦੇ ਹਨ। ਜੈਵਿਕ ਖੇਤੀ ਲਈ ਜੈਨੇਟਿਕਲੀ ਬਦਲੀਆਂ ਹੋਈਆਂ (ਜੀ. ਐੱਮ/ਬੀ. ਟੀ.) ਫ਼ਸਲਾਂ ਬੀਜਣ ਦੀ ਬਿਲਕੁਲ ਮਨਾਹੀ ਹੈ।
ਖੇਤ ਦੀ ਚੋਣ
ਕਣਕ ਦੀ ਜੈਵਿਕ ਖੇਤੀ ਲਈ ਬਿਜਾਈ ਸਭ ਤੋਂ ਚੰਗੇ/ਭਾਰੇ ਇਕਸਾਰ ਪੱਧਰੇ ਖੇਤ ’ਚ ਕਰਨੀ ਚਾਹੀਦੀ ਹੈ।
ਜੈਵਿਕ ਖਾਦ
ਦੇਸੀ ਰੂੜੀ ਅਤੇ ਕੰਪੋਸਟ 80, 120 ਅਤੇ 160 ਕਿਲੋਗ੍ਰਾਮ ਨਾਈਟ੍ਰੋਜਨ ਲਈ 8, 12 ਅਤੇ 16 ਟਨ ਪ੍ਰਤੀ ਏਕੜ ਕ੍ਰਮਵਾਰ ਜੈਵਿਕ ਮਾਦੇ ਦੇ ਪੱਖੋਂ ਭਾਰੀ, ਦਰਮਿਆਨੀ ਅਤੇ ਹਲਕੀ ਜ਼ਮੀਨ ਵਿਚ ਪਾਓ। ਕਣਕ ਦੀ ਫ਼ਸਲ ਲਈ 50 ਕਿੱਲੋ ਨਾਈਟ੍ਰੋਜਨ ਖਾਦ ਵਾਸਤੇ 1.70 ਟਨ ਰੂੜੀ ਦੀ ਖਾਦ (1 ਫ਼ੀਸਦੀ ਨਾਈਟ੍ਰੋਜਨ) + 1.10 ਟਨ ਗੰਡੋਆ ਖਾਦ (1.50 ਫ਼ੀਸਦੀ ਨਾਈਟ੍ਰੋਜਨ) + 0.70 ਟਨ ਰਿੰਡ ਦੀ ਖਲ (2.50 ਫ਼ੀਸਦੀ ਨਾਈਟ੍ਰੋਜਨ) ਪ੍ਰਤੀ ਏਕੜ ਵੀ ਵਰਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ
ਜੈਵਿਕ ਖੇਤੀ ’ਚ ਨਦੀਨਾਂ ਦੀ ਰੋਕਥਾਮ ਲਈ ਆਮ ਕਾਸ਼ਤਕਾਰੀ ਢੰਗ ਹੀ ਵਰਤੋ ਜਿਵੇਂ ਨਦੀਨਾਂ ਨੂੰ ਪਹਿਲੇ ਪਾਣੀ ਤੋਂ ਪਹਿਲਾਂ ਮਾਰਨਾ ਅਤੇ ਨਦੀਨਾਂ ਨੂੰ ਬੀਜ ਪੈਣ ਤੋਂ ਪਹਿਲਾਂ ਪੁੱਟਣਾ। ਲੋੜ ਅਨੁਸਾਰ ਗੋਡੀ ਕਰਨੀ ਚਾਹੀਦੀ ਹੈ।
ਬੀਜ ਦੀ ਸੋਧ
ਕਨਸ਼ੋਰਸ਼ੀਅਮ/ਅਜ਼ੋਟੋਬੈਕਟਰ ਅਤੇ ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂ ਖਾਦਾਂ (ਐਜ਼ੋ-ਐਸ) 500/250 ਅਤੇ 250 ਗ੍ਰਾਮ, ਕ੍ਰਮਵਾਰ ਨੂੰ ਇਕ ਲੀਟਰ ਪਾਣੀ ’ਚ ਮਿਲਾ ਕੇ 40 ਬੀਜ ਨੂੰ ਚੰਗੀ ਤਰ੍ਹਾਂ ਸੋਧ ਲਓ। ਸੋਧੇ ਬੀਜ ਨੂੰ ਪੱਕੇ ਫ਼ਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਓ ਤੇ ਬਹੁਤ ਛੇਤੀ ਬਿਜਾਈ ਕਰ ਦਿਓ।
ਕੀੜੇ-ਮਕੌੜਿਆਂ ਦੀ ਰੋਕਥਾਮ
ਆਮ ਤੌਰ ’ਤੇ ਕੀੜੇ-ਮਕੌੜਿਆਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਤੇਲਾ ਆਉਣ ’ਤੇ ਮਿੱਤਰ ਕੀੜੇ (ਲੇਡੀ ਬਰਡ ਬੀਟਲ: ਸੰਤਰੇ ਰੰਗੀ ਸੱਤ ਟਿਮਕਣਿਆਂ ਵਾਲੀ ਭੂੰਡੀ) ਉਸ ਨੂੰ ਕਾਬੂ ਕਰ ਲੈਂਦੇ ਹਨ। ਜੇ ਔਸਤਨ 5 ਚੇਪੇ/ਸਿੱਟਾ ਤੋਂ ਜ਼ਿਆਦਾ ਹੋਵੇ ਤਾਂ ਘਰ ਬਣਾਏ ਨਿੰਮ ਦੇ ਘੋਲ 2 ਲੀਟਰ ਨੂੰ 80-100 ਲੀਟਰ ਪਾਣੀ ’ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫਤੇ- ਹਫਤੇ ਦੇ ਦੋ ਛਿੜਕਾਅ ਕਰੋ।
ਨਿੰਮ ਦਾ ਘੋਲ ਤਿਆਰ ਕਰਨ ਦੀ ਵਿਧੀ
ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲੀਟਰ ਪਾਣੀ ’ਚ 30 ਮਿੰਟ ਲਈ ਉਬਾਲੋ ਤੇ ਬਾਅਦ ’ਚ ਠੰਢਾ ਕਰ ਕੇ ਕੱਪੜ ਛਾਣ ਕਰ ਲਓ ।
ਜੈਵਿਕ ਤਸਦੀਕੀਕਰਨ
ਤਸਦੀਕਸ਼ੁਦਾ ਜੈਵਿਕ ਖੇਤੀ ਲਈ ਭਾਰਤ ਸਰਕਾਰ ਵੱਲੋਂ ਜੈਵਿਕ ਮਿਆਰ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਦੇ ਨਿਰੀਖਣ ਲਈ ਕੁਝ ਨਿਰੀਖਣ ਤੇ ਤਸਦੀਕੀ ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ। ਇਸ ਲਈ ਪ੍ਰਮਾਣਿਤ ਜੈਵਿਕ ਖੇਤੀ ਲਈ ਇਨ੍ਹਾਂ ਏਜੰਸੀਆਂ ਦੇ ਪਤੇ ਡਬਲਯੂ ਡਬਲਯੂ ਡਬਲਯੂ ਅਪੀਡਾ. ਗੋਵ. ਇਨ ਤੋਂ ਲੈ ਕੇ ਜੈਵਿਕ ਖੇਤੀ ਨੂੰ ਤਸਦੀਕ ਕਰਵਾਇਆ ਜਾ ਸਕਦਾ ਹੈ।
- ਹਰਪਾਲ ਸਿੰਘ ਰੰਧਾਵਾ ਤੇ ਜੌਹਰ ਸਿੰਘ