ਜਨਵਰੀ ਮਹੀਨਾ ਫ਼ਲਦਾਰ ਬੂਟਿਆਂ ਲਈ ਕਾਫ਼ੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਸ ਮਹੀਨੇ ਤਾਪਮਾਨ ’ਚ ਕਾਫ਼ੀ ਗਿਰਾਵਟ ਆ ਜਾਂਦੀ ਹੈ , ਜਿਸ ਕਾਰਨ ਫਲਦਾਰ ਬੂਟੇ ਵਿਸ਼ੇਸ਼ ਧਿਆਨ ਮੰਗਦੇ ਹਨ। ਇਸ ਲਈ ਕੋਰੇ ਤੋਂ ਬਚਾਅ ਲਈ ਜੇ ਪਹਿਲਾਂ ਕੁੱੱਲੀਆਂ ਬੰਨ੍ਹੀਆਂ ਹਨ ਤਾਂ ਉਨ੍ਹਾਂ ਨੂੰ ਠੀਕ ਕਰ ਲਵੋ ਤੇ ਜੇ ਨਹੀਂ ਬੰਨ੍ਹੀਆਂ ਤਾਂ ਧੁੱੱਪ ਵਾਲਾ ਪਾਸਾ ਨੰਗਾ ਰੱੱਖ ਕੇ ਪਰਾਲੀ ਜਾਂ ਸਰਕੰਡੇ ਨਾਲ ਤੁਰੰਤ ਬੰਨ੍ਹ ਦਿਓ। ਪੱੱਤਝੜੀ ਫ਼ਲਦਾਰ ਬੂਟੇ ਜਿਵੇਂ ਨਾਸ਼ਪਾਤੀ, ਬੱੱਗੂਗੋਸ਼ਾ, ਆੜੂ, ਅਲੂਚਾ, ਅਨਾਰ, ਅੰਗੂਰ, ਅੰਜ਼ੀਰ ਤੇ ਫਾਲਸਾ ਲਾਉਣ ਲਈ ਬਹੁਤ ਹੀ ਢੁੱਕਵਾਂ ਹੈ। ਇਸ ਲਈ ਬਾਗ਼ਬਾਨੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਤੋਂ ਇਹ ਬੂਟੇ ਲਿਆ ਕੇ ਫੁਟਾਰਾ ਨਿਕਲਣ ਤੋਂ ਪਹਿਲਾਂ ਲਾ ਦਿਓ। ਨਾਸ਼ਪਾਤੀ ਦੇ ਬੂਟੇ 25 ਫੁੱੱਟ, ਬੱੱਗੂਗੋਸ਼ਾ, ਆੜੂ, ਅੰਜ਼ੀਰ ਤੇ ਅਲੂਚਾ 20 ਫੁੱਟ, ਅਨਾਰ ਤੇ ਅੰਗੂਰ 12 ਫੁੱੱਟ, ਫਾਲਸਾ 5 ਫੁੱਟ ਦੇ ਫ਼ਾਸਲੇ ’ਤੇ ਲਾ ਦਿਓ। ਪਹਿਲਾਂ ਤੋਂ ਲਾਏ ਹੋਏ ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਕਰਨ ਦਾ ਵੀ ਇਹ ਬਹੁਤ ਹੀ ਢੁੱਕਵਾਂ ਸਮਾਂ ਹੈ, ਇਸ ਲਈ ਇਹ ਕੰਮ ਵੀ ਬਾਗ਼ਬਾਨੀ ਮਾਹਿਰ ਦੀ ਸਲਾਹ ਨਾਲ ਫੁਟਾਰਾ ਆਉਣ ਤੋਂ ਪਹਿਲਾਂ ਮੁਕੰਮਲ ਕਰ ਲਵੋ। ਕਾਂਟ-ਛਾਂਟ ਕਰਨ ਨਾਲ ਜਿੱੱਥੇ ਬੂਟੇ ਦੀ ਦਿੱੱਖ ਵਧੀਆ ਬਣਦੀ ਹੈ, ਉੱਥੇ ਮਿਆਰੀ ਫ਼ਲ ਵੀ ਲੱਗਦਾ ਹੈ।
ਫ਼ਲਦਾਰ ਬੂਟੇ
ਫ਼ਲਦਾਰ ਬੂਟਿਆਂ ਨੂੰ ਜੇ ਦੇਸੀ ਰੂੜੀ ਤੇ ਰਸਾਇਣਕ ਖਾਦਾਂ ਅਜੇ ਤੱਕ ਨਹੀਂ ਪਾਈਆਂ ਤਾਂ ਸੁਪਰਫਾਸਫੇਟ ਖਾਦ ਤੇ ਮਿਊਰੇਟ ਆਫ ਪੋਟਾਸ਼ ਖਾਦਾਂ ਬੂਟੇ ਦੀ ਉਮਰ ਦੇ ਹਿਸਾਬ ਨਾਲ ਬਾਗ਼ਬਾਨੀ ਮਾਹਿਰ ਦੀ ਸਲਾਹ ਨਾਲ ਪਾ ਦਿਓ। ਨਾਈਟ੍ਰੋਜਨ ਖਾਦ ਫਰਵਰੀ ਮਹੀਨੇ ਪਾਉਣ ਲਈ ਹੁਣ ਤੋਂ ਹੀ ਪ੍ਰਬੰਧ ਕਰ ਲਵੋ। ਬੇਰ ਦੇ ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਦਿਓ ਤੇ ਚਿੱੱਟੇ ਰੋਗ ਦੀ ਰੋਕਥਾਮ ਲਈ 0.5 ਮਿਲੀਲੀਟਰ ਕੈਰਾਥੇਨ ਜਾਂ 0.5 ਗ੍ਰਾਮ ਬੈਲੇਟਾਨ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਦਲ- ਬਦਲ ਕੇ ਛਿੜਕਾਅ ਕਰੋ। ਬੂਟਿਆਂ ਦੇ ਧੱੱਬੇ ਤੇ ਬਲੈਕ ਮੋਲਡ ਬਿਮਾਰੀ ਦੀ ਰੋਕਥਾਮ ਲਈ 3 ਗ੍ਰਾਮ ਕਾਪਰ ਆਕਸੀਕਲੋਰਾਈਡ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਨਿੰਬੂ ਜਾਤੀ ਵਾਲੇ ਬੂਟਿਆਂ ਦੇ ਮੁੱੱਢ ਦੇ ਗਾਲੇ ਗਮੋਸਿਸ ਤੇ ਕੈਂਕਰ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰੀ ਵਾਲੀਆਂ ਤੇ ਸੁੱਕੀਆਂ ਟਾਹਣੀਆਂ ਕੱੱਟ ਦਿਓ ਅਤੇ ਕੱੱਟੀ ਥਾਂ ’ਤੇ ਕਾਪਰ ਆਕਸੀਕਲੋਰਾਈਡ ਦਵਾਈ ਦਾ ਘੋਲ ਬਣਾ ਕੇ ਲਾ ਦਿਓ। ਅੰਬਾਂ ਦੇ ਪੁਰਾਣੇ ਤੇ ਉੱਚੇ ਹੋ ਗਏ ਬੂਟਿਆਂ ਨੂੰ ਮੁੜ ਸੁਰਜੀਤ ਕਰਨ ਲਈ ਇਸ ਮਹੀਨੇ ਦੇ ਪਹਿਲੇ ਹਫ਼ਤੇ ਜ਼ਮੀਨ ਪੱੱਧਰ ਤੋਂ 3 ਮੀਟਰ ਦੀ ਉੱਚਾਈ ਤੱੱਕ ਬਾਹਰ ਵੱੱਲ ਜਾਂਦੇ 4-5 ਟਾਹਣ ਛੱੱਡ ਕੇ ਕੱੱਟ ਦਿਓ ਤੇ ਕੱੱਟੇ ਹੋਏ ਹਿੱੱਸਿਆਂ ’ਤੇ ਬੋਰਡੋ ਪੇਸਟ ਜਾਂ ਕਾਪਰ ਆਕਸੀਕਲੋਰਾਈਡ ਦਾ ਪੇਸਟ ਲਾ ਦਿਓ।
ਆੜੂ, ਅਲੂਚਾ, ਅੰਬ ਦੇ ਘਟੀਆ ਕਿਸਮ ਦੇ ਬੂਟਿਆਂ ਨੂੰ ਸਿਰੇ ਤੱੱਕ ਕੱੱਟ ਦਿਓ ਅਤੇ ਫਰਵਰੀ ’ਚ ਨਿਕਲੀਆਂ ਸ਼ਾਖਾਵਾਂ ਨੂੰ ਚੰਗੀ ਕਿਸਮ ਦੇ ਬੂਟਿਆਂ ਤੋਂ ਅੱੱਖ ਲੈ ਕੇ ਪਿਉਂਦ ਕੀਤੀ ਜਾ ਸਕਦੀ ਹੈ। ਕਿੰਨੂ ਅਤੇ ਮਾਲਟੇ ਦੇ ਤਿਆਰ ਫ਼ਲਾਂ ਦੀ ਤੁੜਾਈ ਕਰ ਲਓ ਅਤੇ ਧਿਆਨ ਰੱੱਖੋ ਕਿ ਫ਼ਲ ਦੀ ਡੰਡੀ ਬਿਲਕੁਲ ਨੇੜੇ ਤੋਂ ਕੱੱਟੀ ਜਾਵੇ ਤਾਂ ਕਿ ਦੂਜੇ ਫ਼ਲਾਂ ਨੂੰ ਜ਼ਖ਼ਮੀ ਨਾ ਕਰੇ।
ਸਬਜ਼ੀਆਂ
ਸਬਜ਼ੀਆਂ ’ਚ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਤੁੜਾਈ ਜਾਰੀ ਰੱੱਖੋ ਤੇ ਕੋਰੇ ਦੇ ਬੁਰੇ ਅਸਰ ਨੂੰ ਘਟਾਉਣ ਲਈ ਹਲਕਾ ਪਾਣੀ ਲਾ ਦਿਓ। ਪਿਆਜ਼ ਦੀ ਪਨੀਰੀ ਜੋ ਕਿ 4-6 ਹਫ਼ਤੇ ਪੁਰਾਣੀ ਹੋਵੇ, ਉਸ ਨੂੰ ਪੁੱੱਟ ਕੇ ਖੇਤ ’ਚ ਲਾ ਦਿਓ। ਬਿਜਾਈ ਤੋਂ ਪਹਿਲਾਂ 1.25 ਕੁਇੰਟਲ ਰੂੜੀ, 300 ਗ੍ਰਾਮ ਯੂਰੀਆ, 800 ਗ੍ਰਾਮ ਸੁਪਰਫਾਸਫੇਟ ਤੇ 250 ਗ੍ਰਾਮ ਪੋਟਾਸ਼ ਖਾਦ ਪ੍ਰਤੀ ਮਰਲਾ ਪਾਓ ਅਤੇ ਮੈਗਟ ਦੀ ਰੋਕਥਾਮ ਲਈ 25 ਗ੍ਰਾਮ ਥਿਮਟ 10-ਜੀ ਪ੍ਰਤੀ ਮਰਲਾ ਦੇ ਹਿਸਾਬ ਨਾਲ ਪਾ ਕੇ ਹਲਕਾ ਪਾਣੀ ਲਾ ਦਿਓ। ਮਟਰਾਂ ਦੀ ਫ਼ਸਲ ਨੂੰ ਚਿੱੱਟੇ ਧੂੜੇ ਦੇ ਰੋਗ ਤੋਂ ਬਚਾਅ ਲਈ 0.4 ਮਿਲੀਲੀਟਰ ਕੈਰਾਥੇਨ ਦਵਾਈ ਤੇ ਜੇ ਕੁੰਗੀ ਦਾ ਹਮਲਾ ਹੈ ਤਾਂ 2 ਗ੍ਰਾਮ ਇੰਡੋਫਿਲ ਐੱਮ-45 ਨੂੰ ਪ੍ਰਤੀ ਲੀਟਰ ਪਾਣੀ ਪਾ ਕੇ ਛਿੜਕਾਅ ਕਰੋ। ਆਲੂ ਦੀ ਫ਼ਸਲ ਦਾ ਵੱੱਧ ਝਾੜ ਲੈਣ ਲਈ ਪੁਟਾਈ 10-12 ਦਿਨ ਆਮ ਨਾਲੋਂ ਲੇਟ ਕਰ ਲਓ। ਇਸ ਨਾਲ ਆਲੂ ਨੂੰ ਪ੍ਰਫੁੱਲਿਤ ਹੋਣ ’ਚ ਵਧੇਰੇ ਸਮਾਂ ਮਿਲ ਜਾਵੇਗਾ। ਜੇ ਫ਼ਸਲ ’ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਜ਼ਰ ਆਵੇ ਤਾਂ 2-3 ਗ੍ਰਾਮ ਇੰਡੋਫਿਲ ਐੱਮ-45 ਜਾਂ ਕਵਚ ਦਵਾਈ ਦਾ ਪ੍ਰਤੀ ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਖਰਬੂਜ਼ਾ,ਹਦਵਾਣਾ,ਘੀਆ ਕੱਦੂ ਦੀ ਅਗੇਤੀ ਫ਼ਸਲ ਲੈਣ ਲਈ 100 ਗੇਜ਼ ਦੇ ਪਲਾਸਟਿਕ ਦੇ ਲਿਫ਼ਾਫ਼ੇ 15¿10 ਸੈਂਟੀਮੀਟਰ ਆਕਾਰ ’ਚ ਮਿੱੱਟੀ, ਰੇਤ, ਦੇਸੀ ਰੂੜੀ ਦੀ ਬਰਾਬਰ ਮਾਤਰਾ ਦੇ ਮਿਸ਼ਰਣ ਭਰ ਕੇ ਇਸ ’ਚ ਦੋ ਬੀਜ ਲਾ ਕੇ ਫੁਆਰੇ ਨਾਲ ਪਾਣੀ ਲਾ ਦਿਓ। ਲਿਫ਼ਾਫ਼ੇ ਦੇ ਹੇਠਾਂ ਮੋਰੀ ਕਰ ਦਿਓ ਅਤੇ ਇਨ੍ਹਾਂ ਨੂੰ ਕੰਧ ਨੇੜੇ ਧੁੱੱਪ ਵਾਲੇ ਪਾਸੇ ਰੱੱਖੋ। ਘਰੇਲੂ ਬਗ਼ੀਚੀ ’ਚ ਗਰਮ ਰੁੱੱਤ ਦੀਆਂ ਸਬਜ਼ੀਆਂ ਦੀ ਬਿਜਾਈ ਲਈ ਕਿਆਰੀਆਂ ਵਿੱੱਚੋਂ ਰਹਿੰਦ-ਖੂੰਹਦ ਕੱੱਢ ਕੇ ਤਿਆਰੀ ਸ਼ੁਰੂ ਕਰ ਦਿਓ।
ਖੁੰਬਾਂ ਦੀ ਕਾਸ਼ਤ
ਖੁੰਬਾਂ ਦੀ ਕਾਸ਼ਤ ਵੀ ਵਧੀਆ ਸਹਾਇਕ ਧੰਦਾ ਹੈ। ਸਿਖਲਾਈ ਪ੍ਰਾਪਤ ਕਰ ਕੇ ਇਨ੍ਹਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਜੋ ਪਹਿਲਾ ਤੋਂ ਹੀ ਜਾਣਕਾਰੀ ਰੱੱਖਦੇ ਹਨ, ਉਹ ਬਟਨ ਖੁੰਬ ਦੀ ਦੂਜੀ ਫ਼ਸਲ ਦੀ ਬਿਜਾਈ ਪਹਿਲੇ ਹਫ਼ਤੇ ਕਮਰਿਆਂ ’ਚ ਕਰ ਲੈਣ। ਜੇ ਬਿਜਾਈ ਸੈਲਫ/ ਪੇਟੀਆਂ ’ਚ ਕਰਨੀ ਹੋਵੇ ਤਾਂ ਬੀਜੀ ਹੋਈ ਕੰਪੋਸਟ ਨੂੰ ਅਖ਼ਬਾਰ ਨਾਲ ਢਕ ਕੇ ਹਰ ਰੋਜ਼ ਦੋ ਵਾਰ ਪਾਣੀ ਦਾ ਛਿੜਕਾਅ ਕਰੋ ਤੇ ਜੇ ਬਿਜਾਈ ਪਲਾਸਟਿਕ ਦੇ ਲਿਫ਼ਾਫ਼ਿਆਂ ’ਚ ਕੀਤੀ ਹੈ ਤਾਂ ਅਖ਼ਬਾਰਾਂ ਨਾਲ ਢਕਣ ਤੇ ਪਾਣੀ ਦਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ। ਸ਼ੁਰੂ ’ਚ ਬੀਜ ਚੱੱਲਣ ਸਮੇਂ ਤਾਜ਼ੀ ਹਵਾ ਦੇਣ ਦੀ ਲੋੜ ਨਹੀਂ ਤੇ ਬਿਜਾਈ ਤੋਂ ਦੋ ਹਫ਼ਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਰੂੜੀ ਖਾਦ ਨੂੰ 4-5 ਫ਼ੀਸਦੀ ਫਾਰਮਾਲੀਨ ਦਵਾਈ ਦੇ ਘੋਲ ਨਾਲ ਕੀਟਾਣੂ ਰਹਿਤ ਕਰੋ ਤੇ ਅਖ਼ਬਾਰਾਂ ਲਾਹ ਕੇ ਇਸ ਦੀ ਇੱੱਕ ਤੋਂ ਡੇਢ ਇੰਚ ਮੋਟੀ ਤਹਿ ਵਿਛਾ ਕੇ ਹਰ ਰੋਜ਼ ਪਾਣੀ ਦਾ ਛਿੜਕਾਅ ਕਰੋ। ਇਸ ਤੋਂ ਇੱਕ ਹਫ਼ਤੇ ਬਾਅਦ 4-6 ਘੰਟੇ ਤਾਜ਼ੀ ਹਵਾ ਦਿਓ। ਖੁੰਬਾਂ ਦੀ ਕਿਸਮ ਢੀਂਗਰੀ ਦੀ ਬਿਜਾਈ ਵੀ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਤੇ ਇਸ ਵਿੱਚ ਖ਼ੁਰਾਕੀ ਤੱੱਤ ਜਿਵੇਂ ਪ੍ਰੋਟੀਨ, ਵਿਟਾਮਿਨ ਕਾਫ਼ੀ ਮਾਤਰਾ ’ਚ ਹੁੰਦੇ ਹਨ। ਇਸ ਲਈ ਇਸ ਦੀ ਬਿਜਾਈ ਵੀ ਪਹਿਲੇ ਹਫ਼ਤੇ ਕਰ ਲਓ ਤੇ ਪਹਿਲਾਂ ਤੋਂ ਲਾਏ ਲਿਫ਼ਾਫ਼ੇ ਜੇ 80 ਫ਼ੀਸਦੀ ਤੱੱਕ ਚਿੱੱਟੇ ਵਿਖਾਈ ਦੇਣ ਤਾਂ ਲਿਫ਼ਾਫ਼ੇ ਬਲੇਡ ਨਾਲ ਕੱੱਟ ਕੇ ਵੱੱਖ ਕਰ ਦਿਓ ਅਤੇ ਤੂੜੀ ਤੇ ਪਾਣੀ ਦਾ ਛਿੜਕਾਅ ਦਿਨ ’ਚ ਇਕ ਵਾਰ ਕਰੋ।
ਸਜਾਵਟੀ ਬੂਟੇ
ਗਮਲਿਆਂ ਵਾਲੇ ਬੂਟਿਆਂ ਨੂੰ ਠੰਢ ਤੋਂ ਬਚਾਉਣ ਲਈ ਹਲਕਾ ਪਾਣੀ ਦਿੰਦੇ ਰਹੋ ਤੇ ਪਹਿਲਾਂ ਲੱੱਗੇ ਪੱਤਝੜੀ ਸਜਾਵਟੀ ਰੁੱੱਖਾਂ ਦੀ ਕਾਂਟ-ਛਾਂਟ ਕਰ ਦਿਓ। ਮੌਸਮੀ ਫੁੱੱਲਾਂ ਦੀਆਂ ਕਿਆਰੀਆਂ ’ਚ ਉੱਚੀਆਂ ਕਿਸਮਾਂ ਨੂੰ ਸਹਾਰਾ ਦੇਣ ਲਈ ਕਾਨਿਆਂ ਜਾਂ ਸਿੱੱਧੀਆਂ ਸੋਟੀਆਂ ਦੀ ਵਰਤੋਂ ਕਰੋ। ਗੁਲਦਾਉਦੀ ਦੇ ਚੋਣਵੇਂ ਬੂਟੇ ਜਿਨ੍ਹਾਂ ਤੋਂ ਅਗਲੇ ਸਾਲ ਕਲਮਾਂ ਲੈਣੀਆਂ ਹਨ, ਉਨ੍ਹਾਂ ਨੂੰ ਜ਼ਮੀਨ ਤੋਂ 4-5 ਸੈਂਟੀਮੀਟਰ ਛੱੱਡ ਕੇ ਕੱਟ ਦਿਓ। ਅਜਿਹਾ ਕਰਨ ਨਾਲ ਵਧੇਰੇ ਫੁਟਾਰਾ ਹੋਵੇਗਾ। ਗਮਲਿਆਂ ਵਾਲੇ ਬੂਟਿਆਂ ਨੂੰ ਸਰਦੀ ਤੋਂ ਬਚਾਓ ਅਤੇ ਕਰੋਟਨ ਵਰਗਿਆਂ ਬੂਟਿਆਂ ਨੂੰ ਵਰਾਂਡੇ ’ਚ ਰੱਖ ਦਿਓ। ਪੱੱਤਝੜੀ ਬੂਟੇ ਜਿਵੇਂ ਲੈਗਰਸਟਰੋਮੀਆ, ਪਗੋਡਾ, ਯੂਫੋਰਬੀਆ ਆਦਿ ਦਾ ਕਲਮਾਂ ਰਾਹੀਂ ਵਾਧਾ ਕਰਨ ਲਈ ਕਲਮਾਂ ਇਸ ਮਹੀਨੇ ਲਾ ਦਿਓ।
ਸ਼ਹਿਦ ਦੀਆਂ ਮੱੱਖੀਆਂ
ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਦੀਆਂ ਤਰੇੜਾਂ ਆਦਿ ਗਾਰੇ ਨਾਲ ਚੰਗੀ ਤਰ੍ਹਾਂ ਲਿੱਪ ਦਿਓ ਤਾਂ ਕਿ ਠੰਢ ਤੋਂ ਬਚਾਅ ਹੋ ਸਕੇ। ਜੇ ਬਕਸੇ ਅਜੇ ਵੀ ਛਾਂ ’ਚ ਹਨ ਤਾਂ ਧੁੱੱਪ ’ਚ ਕਰ ਦਿਓ। ਬੱਦਲਵਾਈ ਤੇ ਧੁੰਦ ਦੇ ਦਿਨਾਂ ’ਚ ਬਕਸਿਆਂ ’ਚ ਖ਼ੁਰਾਕ ਦੀ ਕਮੀ ਆਉਣ ’ਤੇ ਦੋ ਹਿੱੱਸੇ ਖੰਡ ਤੇ ਇੱਕ ਹਿੱਸਾ ਪਾਣੀ ਦਾ ਘੋਲ ਖ਼ੁਰਾਕ ਦੇ ਤੌਰ ’ਤੇ ਦਿਓ।
- ਡਾ. ਸੁਖਦੀਪ ਸਿੰਘ ਹੁੰਦਲ