ਪੰਜਾਬ ਸਰਕਾਰ ਵੱੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਮਿਲੀਆਂ ਛੋਟਾਂ ਤਹਿਤ ਖੇਤਾਂ ਵਿਚ ਕੰਮ ਕਰੋ ਤੇ ਕਾਮਿਆਂ ਨੂੰ ਵੀ 2 ਮੀਟਰ ਦੀ ਦੂਰੀ ’ਤੇ ਕੰਮ ਕਰਨ ਲਈ ਕਹੋ।
ਤਿਆਰ ਪੈਦਾਵਾਰ ਦੀ ਤੁੜਾਈ ਤੋਂ ਲੈ ਕੇ ਮੰਡੀਕਰਨ ਤਕ ਸਾਫ਼-ਸਫ਼ਾਈ ਰੱਖੋ। ਮਈ ਮਹੀਨੇ ਮੌਸਮ ’ਚ ਕਾਫ਼ੀ ਗਰਮੀ ਹੁੰਦੀ ਹੈ, ਜਿਸ ਕਰਕੇ ਗਰਮੀ ਕਾਰਨ ਜ਼ਮੀਨ ਤੇ ਪੱੱਤਿਆਂ ਰਾਹੀ ਵੀ ਵਾਸ਼ਪੀਕਰਨ ਕਰਕੇ ਕਾਫ਼ੀ ਪਾਣੀ ਉੱਡ ਜਾਂਦਾ ਹੈ, ਇਸ ਲਈ ਬੂਟਿਆਂ ਦੀ ਪਾਣੀ ਦੀ ਮੰਗ ਵੱਧ ਜਾਂਦੀ ਹੈ।
ਇਸ ਮਹੀਨੇ ਦੌਰਾਨ ਬੂਟਿਆਂ ਨੂੰ ਭਿਆਨਕ ਗਰਮੀ ਤੋਂ ਬਚਾਉਣਾ, ਨਮੀ ਦੀ ਮਲਚਿੰਗ ਰਾਹੀ ਸੰਭਾਲ ਕਰਨਾ ਤੇ ਫਲਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣਾ ਅਹਿਮ ਕੰਮ ਹਨ ਜਿਨ੍ਹਾਂ ਵੱੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਸਮੇਂ
ਸਿਰ ਸਿੰਚਾਈ ਕਰਨੀ ਚਾਹੀਦੀ ਹੈ।
ਫਲਦਾਰ ਬੂਟੇ
ਇਸ ਮਹੀਨੇ ਸਦਾਬਹਾਰ ਫਲਦਾਰ ਬੂਟਿਆਂ ਨੂੰ ਸੋਕੇ ਅਤੇ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਨਵੇਂ ਲਾਏ ਬੂਟਿਆਂ ਨੂੰ ਲਗਾਤਾਰ ਹਲਕੀ ਸਿੰਚਾਈ ਕਰਦੇ ਰਹੋ ਤੇ ਜ਼ਮੀਨ ’ਚ ਨਮੀ ਦੀ ਸੰਭਾਲ ਲਈ ਜ਼ਮੀਨ ਤੇ ਪਰਾਲੀ, ਗੰਨੇ ਦੀ ਖੋਰੀ ਜਾਂ ਪਲਾਸਟਿਕ ਸ਼ੀਟ ਨਾਲ ਢਕ ਦੇਣਾ ਚਾਹੀਦਾ ਹੈ। ਨਵੇਂ ਲਾਏ ਬੂਟਿਆਂ ਦੇ ਤਣਿਆਂ ਨੂੰ ਤਿੱੱਖੀ ਧੁੱਪ ਦੇ ਭੈੜੇ ਅਸਰ ਤੋਂ ਬਚਾਉਣ ਲਈ ਬੂਟਿਆਂ ਦੇ ਤਣਿਆਂ ਨੂੰ ਪਰਾਲੀ ਆਦਿ ਲਪੇਟ ਦਿਓ ਤੇ ਤਣਿਆਂ ਤੇ ਕਲੀ ਵਿਚ ਨੀਲਾ ਥੋਥਾ ਪਾ ਕੇ ਸਫੈਦੀ (ਕਲੀ) ਕਰ ਦਿਓ। ਗਰਮੀ ਕਾਰਨ ਹੀ ਨਿੰਬੂ, ਅਨਾਰ, ਲੀਚੀ ਦੇ ਫਲਾਂ ਦਾ ਛਿਲਕਾ ਪਾਟਦਾ ਹੈ ਜੋ ਕਿ ਕੋਈ ਬਿਮਾਰੀ ਨਹੀ ਹੈ। ਇਸ ਦੀ ਰੋਕਥਾਮ ਲਈ ਸ਼ਾਮ ਨੂੰ ਸੂਰਜ ਛਿਪਣ ਤੋਂ ਇਕ ਘੰਟਾ ਬਾਅਦ ਬੂਟਿਆਂ ’ਤੇ ਪਾਣੀ ਦਾ ਛਿੜਕਾਅ ਕਰੋ।
ਨਵੇਂ ਲਾਏ ਬੂਟਿਆਂ ਨੂੰ ਹਫ਼ਤੇ ’ਚ ਦੋ ਵਾਰ ਤੇ ਅੰਗੂਰ, ਆੜੂ, ਨਾਸ਼ਪਾਤੀ ਤੇ ਅਲੂਚਾ ਦੇ ਬੂਟਿਆਂ ਨੂੰ ਹਫ਼ਤੇ ’ਚ ਇੱਕ ਵਾਰ ਪਾਣੀ ਦਿਓ ਤਾਂ ਕਿ ਵਧੀਆ ਫਲਾਂ ਦੀ ਪੈਦਾਵਾਰ ਹੋਵੇ। ਅਮਰੂਦ ਦੇ ਬਾਗ਼ ਨੂੰ ਨਦੀਨਾਂ ਤੋਂ ਬਚਾਉਣ ਲਈ 25 ਕਿੱੱਲੋ ਝੋਨੇ ਦੀ ਪਰਾਲੀ ਪ੍ਰਤੀ ਮਰਲਾ ਬੂਟਿਆਂ ਹੇਠ ਵਿਛਾ ਦਿਓ ਤੇ ਸਿਫ਼ਾਰਸ਼ ਕੀਤੀ ਰੂੜੀ ਦੀ ਖਾਦ ਤੇ ਅੱੱਧੀਆਂ ਰਸਾਇਣਿਕ ਖਾਦਾਂ ਦੀ ਪਹਿਲੀ ਕਿਸ਼ਤ ਇਸ ਮਹੀਨੇ ਦੇ ਅਖੀਰ ’ਚ ਪਾ ਦਿਓ। ਆੜੂ, ਅਲੂਚਾ, ਫਾਲਸਾ, ਅੰਗੂਰ ਦੇ ਫਲਾਂ ਦੀ ਤੁੜਾਈ ਕਰ ਲਵੋ।
ਆੜੂ ਵਿਚ ਫਲ ਦੀ ਮੱੱਖੀ ਦੀ ਰੋਕਥਾਮ ਲਈ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਲਾ ਦਿਓ। ਨਾਸ਼ਪਾਤੀ ਵਿਚ ਤੇਲੇ ਦੀ ਰੋਕਥਾਮ ਲਈ ਗੰਭੀਰ ਹਮਲੇ ਹੇਠ ਆਏ ਪੱੱਤਿਆਂ ਨੂੰ ਤੋੜ ਕੇ ਨਸ਼ਟ ਕਰ ਦਿਓ। ਅੰਬ ਵਿਚ ਕੇਰੇ ਦੀ ਰੋਕਥਾਮ ਲਈ 0.2 ਗ੍ਰਾਮ 2, 4-ਡੀ ਸੋਡੀਅਮ ਸਾਲਟ (ਹਾਰਟੀਕਲਚਰ ਗਰੇਡ) ਦਵਾਈ ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
ਅੰਗੂਰਾਂ ਵਿਚ ਚਿੱਟੇ ਧੱੱਬਿਆਂ ਦੇ ਰੋਗ ਦੀ ਰੋਕਥਾਮ ਲਈ 0.4 ਗ੍ਰਾਮ ਬੇਲੇਟੋਨ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਪਹਿਲੇ ਹਫਤੇ ਤੇ ਐਨਥਰੈਕਨੋਜ਼ ਦੀ ਰੋਕਥਾਮ ਲਈ ਬੋਰਡ ਮਿਸ਼ਰਣ 2:2:250 ਦੇ ਅਨੁਪਾਤ ਨਾਲ ਅਖੀਰਲੇ ਹਫ਼ਤੇ ਛਿੜਕਾਅ ਕਰੋ। ਨਿੰਬੂ ਜਾਤੀ ਵਿਚ ਜ਼ਿੰਕ ਦੀ ਘਾਟ ਦੀ ਰੋਕਥਾਮ ਲਈ 3 ਗ੍ਰਾਮ ਜ਼ਿੰਕ ਸਲਫੇਟ ਤੇ ਸਿੱੱਲਾ ਤੇ ਸੁਰੰਗੀ ਕੀੜੇ ਦੀ ਰੋਕਥਾਮ ਲਈ 0.4 ਮਿਲੀਲੀਟਰ ਇਮਿਡਾਕਲੋਰਪਰਿਡ 17.8 ਐੱਸ. ਐੱਲ. ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਕੇਲੇ ਨੂੰ 60 ਗ੍ਰਾਮ ਯੂਰੀਆ ਅਤੇ 60 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਬੂਟਾ ਪਾ ਦਿਓ।
ਬੇਰ ਵਿਚ ਫਲ ਨਵੀਆਂ ਸ਼ਾਖਾਵਾਂ ਦੇ ਪੱੱਤਿਆਂ ਦੇ ਸਿਰੇ ’ਤੇ ਲੱਗਦਾ ਹੈ, ਇਸ ਲਈ ਹਰ ਸਾਲ ਕਾਂਟ-ਛਾਂਟ ਮਈ ਮਹੀਨੇ ਦੇ ਦੂਜੇ ਪੰਦਰਵਾੜੇ ਕਰਨੀ ਚਾਹੀਦੀ ਹੈ। ਬੇਰ ਨੂੰ ਦੇਸੀ ਰੂੜੀ ਵੀ ਇਸ
ਮਹੀਨੇ ਪਾ ਕੇ ਡੂੰਘੀ ਵਹਾਈ ਕਰ ਦਿਓ ।
ਸਬਜ਼ੀਆਂ
ਗਰਮ ਰੁੱਤ ਦੀਆਂ ਸਬਜ਼ੀਆਂ ਨੂੰ ਹਫ਼ਤੇ ਬਾਅਦ ਪਾਣੀ ਲਾਉਂਦੇ ਰਹੋ ਤੇ ਇਨ੍ਹਾਂ ਦੀ ਤੁੜਾਈ ਇਕ ਦਿਨ ਛੱੱਡ ਕੇ ਸ਼ਾਮ ਨੂੰ ਕਰਦੇ ਰਹੋ ਕਿਉਂਕਿ ਸਵੇਰ ਵੇਲੇ ਇਨ੍ਹਾਂ
ਦੀ ਪਰ - ਪਰਾਗਣ ਕਿਰਿਆ ਖ਼ਰਾਬ ਹੁੰਦੀ ਹੈ ਪਰ ਘੀਆ ਕੱੱਦੂ ਤੇ ਰਾਮ ਤੋਰੀ ਦੀ ਤੁੜਾਈ ਸਵੇਰ ਵੇਲੇ ਕਰੋ ਕਿਉਂਕਿ ਇਨ੍ਹਾਂ ਦੇ ਫੁੱੱਲ ਸ਼ਾਮ ਨੂੰ ਖੁੱਲ੍ਹਦੇ ਹਨ। ਪਿਆਜ਼ ਅਤੇ ਲਸਣ ਦੀ ਕਟਾਈ ਕਰ ਕੇ ਸੁੱੱਕੀ ਜਗ੍ਹਾ ’ਤੇ ਸਟੋਰ ਕਰ ਲਵੋ। ਪੱਕੇ ਹੋਏ ਟਮਾਟਰ ਦੀ ਚਟਨੀ, ਸਾਸ, ਪਿਊਰੀ ਆਦਿ ਬਣਾ ਕੇ ਰੱੱਖ ਲਵੋ ਜੋ ਸਾਲ ਭਰ ਕੰਮ ਆਵੇਗੀ।
ਮੂਲੀ ਦੀ ਪੂਸਾ
ਚੇਤਕੀ ਕਿਸਮ ਦੀ ਬਿਜਾਈ ਹੁਣ ਕਰ ਲਵੋ। ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਫਲ ਦੀ ਮੱੱਖੀ ਦੀ ਰੋਕਥਾਮ ਲਈ ਹਮਲੇ ਵਾਲੇ ਫਲ ਤੋੜ ਕੇ ਡੂੰਘੇ ਦੱਬ ਦਿਓ ਅਤੇ ਖੇਤ ਵਿਚ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਲਾ ਦਿਓ।
ਫੁੱੱਲ ਅਤੇ ਸਜਾਵਟੀ ਬੂਟੇ
ਫੁੱੱਲਾਂ ਜਿਵੇਂ ਕੋਸਮੋਸ, ਗਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਪਾਰਚੂਲੈਕਾ ਦੀਆਂ ਕਿਆਰੀਆਂ ਨੂੰ ਪਾਣੀ ਲਾਉਂਦੇ ਰਹੋ ਅਤੇ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰ ਦਿਓ। ਘਾਹ ਦੇ ਲਾਅਨ ਨੂੰ ਹਰਾ- ਭਰਾ ਰੱੱਖਣ ਲਈ ਸਿੰਚਾਈ ਦਾ ਖ਼ਾਸ ਧਿਆਨ ਰੱੱਖੋ ਅਤੇ ਕਟਾਈ ਕਰਦੇ ਰਹੋ। ਜਿਸ ਲਾਅਨ ਵਿਚ ਮੋਥੇ ਦੀ ਬਹੁਤਾਤ ਹੋਵੇ , ਉਸ ਨੂੰ ਵਾਹ ਕੇ ਮਈ-ਜੂਨ ਵਿਚ ਚੰਗੀ ਧੁੱਪ ਲਾ ਕੇ ਸਾਰੇ ਨਦੀਨ ਚੰਗੀ ਤਰ੍ਹਾਂ ਕੱੱਢ ਦਿਓ ਤਾਂ ਜੋ ਜੁਲਾਈ -ਅਗਸਤ ’ਚ ਨਵਾਂ ਘਾਹ ਲਾਇਆ ਜਾ ਸਕੇ। ਗੁਲਾਬ, ਦਰੱਖਤਾਂ, ਝਾੜੀਆਂ ਤੇ ਵੇਲਾਂ ਵਾਲੇ ਬੂਟਿਆਂ ਨੂੰ ਵੀ ਹਫ਼ਤੇ ਬਾਅਦ ਪਾਣੀ ਦਿੰਦੇ ਰਹੋ।
ਖੁੰਬਾਂ ਦੀ ਗਰਮ ਰੁੱੱਤ ਵਿਚ ਕਾਸ਼ਤ
ਖੁੰਬਾਂ ਦੀ ਸਰਦ ਰੁੱੱਤ ਵਿਚ ਕਾਸ਼ਤ ਕਰਨ ਲਈ ਤੂੜੀ ਦਾ ਪ੍ਰਬੰਧ ਹੁਣ ਹੀ ਕਰ ਲਵੋ। ਗਰਮ ਰੁੱਤ ਵਾਲੀ ਖੁੰਬ ਦੀ ਕਾਸ਼ਤ ਲਈ 1-1.5 ਕਿੱੱਲੋ ਦੇ ਪਰਾਲੀ ਦੇ ਪੂਲੇ ਬਣਾ ਕੇ ਗਿੱੱਲੇ ਕਰ ਕੇ ਕਮਰੇ ਵਿਚ ਬੈੱਡ ਲਾਓ ਅਤੇ ਦਿਨ ਵਿਚ ਦੋ ਵਾਰ ਪਾਣੀ ਲਾਓ। ਮਹੀਨੇ ਤਕ ਫ਼ਸਲ ਤਿਆਰ ਹੋ ਜਾਵੇਗੀ। ਮਿਲਕੀ ਖੁੰਬ ਦੀ ਬਿਜਾਈ ਲਈ ਤੂੜੀ ਨੂੰ ਉਬਾਲ ਕੇ, ਬੀਜ ਰਲਾ ਕੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਭਰ ਕੇ ਕਰੋ। 15-20 ਦਿਨ ਬਾਅਦ ਜਦੋਂ ਰੇਸ਼ਾ ਫੈਲ ਜਾਵੇ ਤਾਂ ਕੇਸਿੰਗ ਕਰ ਦਿਓ। ਮਿਲਕੀ ਖੁੰਬ ਅਤੇ ਪਰਾਲੀ ਖੁੰਬ ਲਈ ਬੀਜ ਪੀਏਯੂ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ਪ੍ਰਾਪਤ ਕਰੋ। ਇਸ ਸਬੰਧੀ ਮੁਕੰਮਲ ਜਾਣਕਾਰੀ ਲੈਣ ਲਈ ਆਪਣੇ ਨੇੜੇ ਦੇ ਬਾਗ਼ਬਾਨੀ ਅਫ਼ਸਰ ਜਾਂ ਕਿ੍ਰਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ।
ਸ਼ਹਿਦ ਮੱੱਖੀ ਪਾਲਣ
ਸ਼ਹਿਦ ਵਾਲੀਆਂ ਮੱੱਖੀਆਂ ਦੇ ਬਕਸਿਆਂ ਵਿਚ ਇਸ ਮਹੀਨੇ ਗਰਮੀ ਤੋਂ ਬਚਾਉਣ ਲਈ ਬਕਸਿਆਂ ਨੂੰ ਸੰਘਣੀ ਛਾਂ ਵਿਚ ਰੱੱਖਣ ਲਈ ਉਪਰਾਲੇ ਕੀਤੇ ਜਾਣ। ਗਰਮੀ ਕਾਰਨ ਮੱੱਖੀਆਂ ਲਈ ਪਾਣੀ ਦਾ ਉੱਚਿਤ ਪ੍ਰਬੰਧ ਵੀ ਕਰੋ। ਇਸ ਲਈ ਬਕਸਿਆਂ ਦੇ ਸਟੈਂਡ ਦੇ ਪਾਵਿਆਂ ਹੇਠਾਂ ਰੱੱਖੇ ਕੋਲਿਆਂ ਵਿਚ ਪਾਣੀ ਪਾਇਆ ਜਾ ਸਕਦਾ ਹੈ, ਜਿਸ ਨਾਲ ਸ਼ਹਿਦ ਵਾਲੀਆਂ ਮੱੱਖੀਆਂ ਦੀ ਪਾਣੀ ਦੀ ਜ਼ਰੂਰਤ ਪੂਰੀ ਹੋਣ ਦੇ ਨਾਲ-ਨਾਲ ਕੀੜੀਆਂ ਤੋਂ ਵੀ ਬਚਾਅ ਹੋਵੇਗਾ।